ਰੇਲਗੱਡੀ ਤੋਂ ਡਿੱਗਣ ਕਾਰਨ ਨਾਬਾਲਗਾ ਜ਼ਖ਼ਮੀ
ਰੇਲਗੱਡੀ ਤੋਂ ਡਿੱਗਣ ਕਾਰਨ ਨਾਬਾਲਗ ਵਿਦਿਆਰਥਣ ਜ਼ਖ਼ਮੀ
Publish Date: Sun, 18 Jan 2026 05:17 PM (IST)
Updated Date: Mon, 19 Jan 2026 04:06 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੀ 15 ਸਾਲਾਂ ਨਾਬਾਲਗ ਵਿਦਿਆਰਥਣ ਆਰਤੀ ਬੀਤੇ ਸ਼ਨੀਵਾਰ ਰਾਤ ਬਠਿੰਡਾ ਵਿਚ ਚਲਦੀ ਰੇਲਗੱਡੀ ਤੋਂ ਡਿੱਗ ਗਈ। ਹਾਦਸੇ ਵਿਚ ਉਸ ਦੇ ਸਿਰ ’ਤੇ ਗੰਭੀਰ ਸੱਟਾਂ ਆਈਆਂ। ਨੌਜਵਾਨ ਵੈਲਫੇਅਰ ਸੁਸਾਇਟੀ ਦੀ ਮਦਦ ਨਾਲ ਉਸਨੂੰ ਹਸਪਤਾਲ ਦਾਖ਼ਲ ਕਰਵਾਇਆ। ਜ਼ਖਮੀ ਆਰਤੀ ਨੇ ਦੱਸਿਆ ਕਿ ਉਹ 10ਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਆਪਣੀਆਂ ਪਿਛਲੀਆਂ ਬੋਰਡ ਪ੍ਰੀਖਿਆਵਾਂ ’ਚ ਦੋ ਵਿਸ਼ਿਆਂ ’ਚ ਫੇਲ੍ਹ ਹੋ ਗਈ ਸੀ। ਇਸ ਕਾਰਨ ਘਰ ਵਿਚ ਲਗਾਤਾਰ ਝਿੜਕ ਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਸੀ। ਸ਼ਨਿੱਚਰਵਾਰ ਨੂੰ ਤੰਗ ਆ ਕੇ ਉਸਨੇ ਆਪਣੇ ਮਾਪਿਆਂ ਨੂੰ ਦੱਸੇ ਬਿਨਾਂ ਘਰ ਛੱਡਣ ਦਾ ਫੈਸਲਾ ਕੀਤਾ। ਆਰਤੀ ਸਿਰਸਾ ਤੋਂ ਬਠਿੰਡਾ ਜਾਣ ਵਾਲੀ ਰੇਲਗੱਡੀ ਵਿਚ ਚੜ੍ਹੀ ਤੇ ਫਿਰ ਅਬੋਹਰ ਜਾਣ ਵਾਲੀ ਰੇਲਗੱਡੀ ਵਿਚ ਚੜ੍ਹ ਗਈ। ਉਹ ਰੇਲਗੱਡੀ ਦੇ ਦਰਵਾਜ਼ੇ ਕੋਲ ਖੜ੍ਹੀ ਸੀ। ਇਸ ਦੌਰਾਨ ਅਚਾਨਕ ਤੇਜ਼ ਹਵਾ ਆਈ। ਜਿਸ ਕਾਰਨ ਉਹ ਆਪਣਾ ਸੰਤੁਲਨ ਗੁਆ ਬੈਠੀ ਤੇ ਰੇਲਗੱਡੀ ਤੋਂ ਡਿੱਗ ਪਈ। ਹਾਦਸੇ ਮਗਰੋਂ ਆਰਤੀ ਪੱਥਰਾਂ 'ਤੇ ਡਿੱਗ ਪਈ ਅਤੇ ਕੁਝ ਸਮੇਂ ਲਈ ਬੇਹੋਸ਼ ਰਹੀ। ਜਦੋਂ ਉਸਨੂੰ ਹੋਸ਼ ਆਇਆ, ਤਾਂ ਉਹ ਲਗਭਗ ਅੱਧਾ ਘੰਟਾ ਤੁਰਦੀ ਰਹੀ, ਖੂਨ ਵਗਦਾ ਰਿਹਾ। ਧੁੰਦ ਵਿਚ ਇੱਕ ਹਲਕੀ ਜਿਹੀ ਰੌਸ਼ਨੀ ਦੇਖ ਕੇ, ਉਹ ਉੜੀਆ ਕਲੋਨੀ ਦੇ ਨੇੜੇ ਇਕ ਘਰ ਪਹੁੰਚੀ ਅਤੇ ਮਦਦ ਮੰਗੀ।
ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ 10 ਵਜੇ ਦੇ ਕਰੀਬ ਜ਼ਖਮੀ ਲੜਕੀ ਬਾਰੇ ਜਾਣਕਾਰੀ ਮਿਲੀ। ਟੀਮ ਮੈਂਬਰ ਤੁਰੰਤ ਮੌਕੇ 'ਤੇ ਪਹੁੰਚ ਕੇ ਜ਼ਖ਼ਮੀ ਆਰਤੀ ਨੂੰ ਹਸਪਤਾਲ ਪਹੁੰਚਾਇਆ। ਹਸਪਤਾਲ ’ਚ ਪੁੱਛਗਿੱਛ ਦੌਰਾਨ ਲੜਕੀ ਨੇ ਆਪਣੇ ਨਾਲ ਬੀਤੀ ਪੂਰੀ ਹੱਡ ਬੀਤੀ ਬਾਰੇ ਦੱਸਿਆ। ਇਸ ਉਪਰੰਤ ਵਿਦਿਆਰਥਣ ਦੇ ਪਰਿਵਾਰ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸਦੇ ਮਾਪੇ ਬਠਿੰਡਾ ਪਹੁੰਚੇ ਅਤੇ ਆਰਤੀ ਨੂੰ ਇਲਾਜ ਲਈ ਸਿਰਸਾ ਲੈ ਗਏ। ਸੋਨੂ ਮਹੇਸ਼ਵਰੀ ਨੇ ਕਿਹਾ ਕਿ ਆਰਤੀ ਦੇ ਸਿਰ ’ਚ ਸੱਟ ਲੱਗੀ ਸੀ ਪਰ ਸਮੇਂ ’ਤੇ ਹਸਪਤਾਲ ਪੁੱਜਣ ਕਾਰਨ ਵੱਡਾ ਹਾਦਸਾ ਟਲ ਗਿਆ।