ਸਿਹਤ ਵਿਭਾਗ ਵੱਲੋਂ ਠੰਢ ਦੇ ਮੱਦੇਨਜ਼ਰ ਐਡਵਾਇਜ਼ਰੀ ਜਾਰੀ
ਸਿਹਤ ਵਿਭਾਗ ਵੱਲੋਂ ਠੰਢ ਦੇ ਮੱਦੇਨਜ਼ਰ ਐਡਵਾਇਜ਼ਰੀ ਕੀਤੀ ਜਾਰੀ
Publish Date: Sat, 17 Jan 2026 05:39 PM (IST)
Updated Date: Sun, 18 Jan 2026 04:10 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸੀਤ ਲਹਿਰ ਤੇ ਡਿੱਗ ਰਹੇ ਤਾਪਮਾਨ ਕਰਕੇ ਵਧਦੀ ਠੰਢ ਦੇ ਮੱਦੇਨਜ਼ਰ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਸਲਾਹਕਾਰੀ ਜਾਰੀ ਕੀਤੀ ਗਈ ਹੈ। ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਨੇ ਕਿਹਾ ਕਿ ਇਸ ਸੀਤ ਲਹਿਰ ਦੇ ਮੌਸਮ ਦੌਰਾਨ ਗਰਮ ਕੱਪੜੇ ਪਾ ਕੇ ਰੱਖਣੇ ਚਾਹੀਦੇ ਹਨ। ਮੂੰਗਫਲੀ, ਭੁੱਜੇ ਦਾਣੇ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਹੀਟਰ ਕਮਰੇ ਵਿਚਲੀ ਹਵਾ ਚੋਂ ਨਮੀ ਖ਼ਤਮ ਕਰ ਦਿੰਦਾ ਹੈ। ਇਸ ਲਈ ਜਦੋਂ ਕਮਰੇ ਚ ਹੀਟਰ ਲਗਾਉਣ ਸਮੇਂ ਕਮਰੇ ਵਿੱਚ ਸਾਈਡ ਤੇ ਗਿੱਲੇ ਕੱਪੜੇ ਸੁੱਕਣੇ ਪਾ ਦੇਣੇ ਚਾਹੀਦੇ ਹਨ, ਬਾਲਟੀ ਜਾਂ ਟੱਬ ਪਾਣੀ ਦਾ ਭਰ ਕੇ ਰੱਖ ਲੈਣ ਨਾਲ ਹੀਟਰ ਕਰਕੇ ਜੋ ਨਮੀ ਹਵਾ ਚ ਖ਼ਤਮ ਹੁੰਦੀ ਹੈ, ਪਾਣੀ ਵਾਲੇ ਟੱਬ ਜਾਂ ਬਾਲਟੀ ਤੋਂ ਨਮੀ ਪੂਰੀ ਹੋ ਜਾਂਦੀ ਹੈ। ਬਾਥ ਗੀਜ਼ਰ ਬਿਜਲਈ/ਗੈਸ ਗੀਜ਼ਰ ਬਾਥ ਰੂਮ ਤੋਂ ਬਾਹਰ ਹੋਣਾ ਚਾਹੀਦਾ ਹੈ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਰਦ ਰੁੱਤ ਦੇ ਮੌਸਮ ਚ ਲਗਾਤਾਰ ਘਟ ਰਹੇ ਤਾਪਮਾਨ ਚ ਸਿਹਤ ਪ੍ਰਤੀ ਲਾਪ੍ਰਵਾਹੀ ਖਤਰਨਾਕ ਸਾਬਤ ਹੋ ਸਕਦੀ ਹੈ। ਸੀਤ ਲਹਿਰ ਦੌਰਾਨ ਅਕਸਰ ਧੂਣੀ, ਚੁੱਲ੍ਹਾ ਤੇ ਅੰਗੀਠੀ ਬਾਲ ਲਈ ਜਾਂਦੀ ਹੈ, ਇੰਨ੍ਹਾਂ ਚ ਲੱਕੜੀ ਤੇ ਕੋਲੇ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਕਈ ਵਾਰ ਲੋਕ ਅੰਗੀਠੀ ਨੂੰ ਬਾਲ ਕੇ ਆਪਣੇ ਬੰਦ ਕਮਰੇ ਚ ਰੱਖ ਲੈਂਦੇ ਹਨ ਜੋ ਬਹੁਤ ਹੀ ਖ਼ਤਰਨਾਕ ਅਤੇ ਜਾਨਲੇਵਾ ਸਾਬਤ ਹੁੰਦਾ ਹੈ, ਕਿਉਂਕਿ ਕੋਲੇ ਵਾਲੀ ਅੰਗੀਠੀ ਚੋਂ ਕਾਰਬਨ ਮੋਨੋਆਕਸਾਈਡ ਜ਼ਹਿਰੀਲੀ ਗੈਸ ਨਿਕਲਣ ਕਰਕੇ ਮਨੁੱਖੀ ਸਿਹਤ ਲਈ ਖ਼ਤਰਨਾਕ ਹੋ ਸਕਦੀ ਹੈ ਸੋ ਇਸ ਤਰ੍ਹਾਂ ਦੀ ਲਾਪਰਵਾਹੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸੀਤ ਲਹਿਰ ਦੌਰਾਨ ਹੋ ਸਕੇ ਤਾਂ ਘਰ ਤੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਜੇਕਰ ਬਾਹਰ ਜਾਣਾ ਹੋਵੇ ਤਾਂ ਪੂਰੇ ਸਰੀਰ ਨੂੰ ਢਕਣ ਵਾਲੇ ਗਰਮ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਮੂੰਹ, ਨੱਕ ਵੀ ਢਕ ਕੇ ਬਾਹਰ ਨਿਕਲਣਾ ਚਾਹੀਦਾ ਹੈ।