ਐੱਨਐੱਚਐੱਮ ਯੂਨੀਅਨ ਵੱਲੋਂ ਸਰਕਾਰ ਖ਼ਿਲਾਫ਼ ਰੋਸ ਰੈਲੀ ਭਲਕੇ
ਐਨਐਚਐਮ ਯੂਨੀਅਨ ਵੱਲੋਂ ਸਰਕਾਰ ਖ਼ਿਲਾਫ਼ 19 ਜਨਵਰੀ ਨੂੰ ਬਰਨਾਲਾ ਵਿੱਚ ਰੋਸ ਰੈਲੀ ਦਾ ਐਲਾਨ
Publish Date: Sat, 17 Jan 2026 04:19 PM (IST)
Updated Date: Sun, 18 Jan 2026 04:04 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਨੈਸ਼ਨਲ ਹੈਲਥ ਮਿਸ਼ਨ ਅਧੀਨ ਪਿਛਲੇ 15-20 ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰ ਰਹੇ ਕਰੀਬ 12 ਹਜ਼ਾਰ ਕੱਚੇ ਮੁਲਾਜ਼ਮਾਂ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਯੂਨੀਅਨ ਪੰਜਾਬ ਵੱਲੋਂ 19 ਜਨਵਰੀ ਐਤਵਾਰ 2026 ਨੂੰ ਜ਼ਿਲ੍ਹਾ ਬਰਨਾਲਾ ਵਿੱਚ ਇਕ ਵੱਡੀ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ। ਯੂਨੀਅਨ ਬਠਿੰਡਾ ਦੇ ਪ੍ਰਧਾਨ ਨਰਿੰਦਰ ਸਿੰਘ ਐੱਨਐੱਚਐੱਮ ਨੇ ਦੱਸਿਆ ਕਿ ਮੌਜੂਦਾ ਸਰਕਾਰ ਦੇ ਸੱਤਾ ’ਚ ਆਉਣ ਤੋਂ ਪਹਿਲਾਂ ਇਸ ਦੇ ਆਗੂਆਂ ਨੇ ਰੈਲੀਆਂ ਅਤੇ ਧਰਨਿਆਂ ਦੌਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਵੱਡੇ-ਵੱਡੇ ਵਾਅਦੇ ਕੀਤੇ ਸਨ। ਉਸ ਸਮੇਂ ਕਿਹਾ ਗਿਆ ਸੀ ਕਿ ਸਰਕਾਰ ਬਣਦੇ ਹੀ ਪਹਿਲੀ ਕੈਬਨਿਟ ਵਿੱਚ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਬਿੱਲ ਲਿਆ ਕੇ ਪਾਸ ਕੀਤਾ ਜਾਵੇਗਾ, ਪਰ ਸਰਕਾਰ ਬਣਨ ਤੋਂ ਬਾਅਦ ਇਨ੍ਹਾਂ ਵਾਅਦਿਆਂ ਤੋਂ ਮੁੱਕਰ ਗਈ ਹੈ। ਲਗਭਗ ਚਾਰ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਤਾਂ ਮੁਲਾਜ਼ਮਾਂ ਨੂੰ ਪੱਕਾ ਕੀਤਾ ਹੈ ਤੇ ਨਾ ਹੀ ਤਨਖ਼ਾਹਾਂ ’ਚ ਕੋਈ ਵਾਧਾ ਕੀਤਾ ਹੈ। ਨੈਸ਼ਨਲ ਹੈਲਥ ਮਿਸ਼ਨ ਦੇ ਅਧੀਨ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਵੀ ਸਮੇਂ ਸਿਰ ਨਹੀਂ ਦਿੱਤੀਆਂ ਜਾ ਰਹੀਆਂ, ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਯੂਨੀਅਨ ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਹੁਣ ਤਕ 25 ਤੋਂ 30 ਮੀਟਿੰਗਾਂ ਕੀਤੀਆਂ ਹਨ, ਪਰ ਇਨ੍ਹਾਂ ਮੀਟਿੰਗਾਂ ਤੋਂ ਮੁਲਾਜ਼ਮਾਂ ਨੂੰ ਸਿਰਫ਼ ਲਾਰੇ ਹੀ ਮਿਲੇ ਹਨ ਅਤੇ ਹਕੀਕਤ ਵਿੱਚ ਕੋਈ ਫੈਸਲਾ ਨਹੀਂ ਕੀਤਾ ਗਿਆ। ਸਰਕਾਰ ਦੇ ਮਤਰੇਈ ਮਾਂ ਵਰਗੇ ਸਲੂਕ ਤੋਂ ਤੰਗ ਆ ਕੇ ਕੱਚੇ ਮੁਲਾਜ਼ਮਾਂ ਵੱਲੋਂ ਭਲਕੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਠੀਕਰੀਵਾਲ ਵਿਖੇ ਅਮਰ ਸ਼ਹੀਦ ਸੇਵਾ ਸਿੰਘ ਜੀ ਦੀ ਬਰਸੀ ਮੌਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਪੋਲ-ਖੋਲ੍ਹ ਰੈਲੀ ਕੀਤੀ ਜਾਵੇਗੀ। ਇਸ ਦੌਰਾਨ 10 ਹਜ਼ਾਰ ਪਰਚੇ ਵੰਡ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਮੌਜੂਦਾ ਸਰਕਾਰ ਆਪਣੇ ਵਾਅਦਿਆਂ ਤੋਂ ਕਿਵੇਂ ਮੁੱਕਰ ਰਹੀ ਹੈ। ਇਸ ਮੌਕੇ ਰਣਜੀਤ ਕੌਰ, ਰਣਜੀਤ ਸ਼ਰਮਾ (ਤਲਵੰਡੀ ਸਾਬੋ), ਡਾ. ਸ਼ਿਵਰਾਜ ਕੰਗ, ਸਟਾਫ ਨਰਸ ਗੁਰਪ੍ਰੀਤ ਕੌਰ, ਸੁਖਵਿੰਦਰ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ।