ਮਾਂ ਤੇ ਨਵਜੰਮਿਆਂ ਦੀ ਸੰਭਾਲ ਲਈ ਕੀਤਾ ਜਾਗਰੂਕ
ਮਾਂ ਤੇ ਨਵਜੰਮੇ ਬੱਚੇ ਦੀ ਸਾਂਭ-ਸੰਭਾਲ ਸਬੰਧੀ ਜਾਗਰੂਕਤਾ ਸੈਸ਼ਨ ਲਾਇਆ
Publish Date: Fri, 16 Jan 2026 07:14 PM (IST)
Updated Date: Sat, 17 Jan 2026 04:13 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜੱਚਾ-ਬੱਚਾ ਹਸਪਤਾਲ ਬਠਿੰਡਾ ਵਿਖੇ ਸਰਦੀ ਦੇ ਮੌਸਮ ਵਿਚ ਜਣੇਪੇ ਮਗਰੋਂ ਮਾਂ ਅਤੇ ਨਵਜੰਮੇ ਬੱਚੇ ਦੀ ਸੁਚੱਜੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਜਾਗਰੂਕਤਾ ਸੈਸ਼ਨ ਲਾਇਆ ਗਿਆ। ਇਸ ਦੌਰਾਨ ਬੱਚਿਆਂ ਦੇ ਮਾਹਿਰ ਡਾ. ਅੰਕੁਸ਼, ਬਲਾਕ ਐਜੂਕੇਟਰ ਪਵਨਜੀਤ ਕੌਰ, ਕਾਊਂਸਲਰ ਚਰਨਪਾਲ ਕੌਰ ਤੇ ਸਿਹਤ ਸੁਪਰਵਾਈਜ਼ਰ ਗੁਰਜਿੰਦਰ ਕੌਰ ਵੱਲੋਂ ਗਰਭਵਤੀ ਔਰਤਾਂ, ਮਾਵਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿਹਤ ਸਬੰਧੀ ਜਾਣਕਾਰੀ ਸਮੇਤ ਵਿਸ਼ੇਸ਼ ਤੌਰ ’ਤੇ ਠੰਢ ’ਚ ਧਿਆਨ ਦੇਣ ਯੋਗ ਨੁਕਤੇ ਸਾਂਝੇ ਕੀਤੇ। ਸੈਸ਼ਨ ਦੌਰਾਨ ਮਾਂ ਦੀ ਸਿਹਤ ਸੰਭਾਲ, ਸਾਫ਼-ਸੁਥਰੇਪਣ, ਸੰਤੁਲਿਤ ਖ਼ੁਰਾਕ, ਆਰਾਮ ਦੀ ਲੋੜ, ਜਣੇਪੇ ਮਗਰੋਂ ਹੋਣ ਵਾਲੀਆਂ ਆਮ ਸਮੱਸਿਆਵਾਂ ਤੇ ਉਨ੍ਹਾਂ ਦੇ ਲੱਛਣਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਇਸ ਨਾਲ ਹੀ ਨਵਜੰਮੇ ਬੱਚੇ ਨੂੰ ਮਾਂ ਦਾ ਦੁੱਧ ਪਿਆਉਣ ਦੀ ਮਹੱਤਤਾ, ਸਹੀ ਢੰਗ, ਸਮੇਂ-ਸਿਰ ਟੀਕਾਕਰਨ, ਬੱਚੇ ਦੀ ਸਫ਼ਾਈ, ਗਰਮੀ-ਠੰਢ ਤੋਂ ਬਚਾਅ ਅਤੇ ਖਤਰੇ ਦੇ ਸੰਕੇਤਾਂ ਬਾਰੇ ਵੀ ਸਮਝਾਇਆ ਗਿਆ। ਇਸ ਮੌਕੇ ਡਾ. ਅੰਕੁਸ਼ ਨੇ ਛੋਟੇ ਬੱਚਿਆਂ ’ਚ ਸਰਦੀ ਦੌਰਾਨ ਨਿਮੋਨੀਆ ਤੋਂ ਬਚਾਅ ਕਰਨ ਸਬੰਧੀ ਵਿਸ਼ੇਸ਼ ਤੌਰ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਨਿਮੋਨੀਆ ਦੀ ਜਲਦ ਪਛਾਣ ਕਰ ਕੇ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਸਿੱਧ ਹੋ ਸਕਦਾ ਹੈ। ਪੰਜ ਸਾਲ ਤੱਕ ਦੇ ਬੱਚਿਆਂ ਵਿਚ ਹੋਣ ਵਾਲੀਆਂ ਮੌਤਾਂ ਦਾ ਨਿਮੋਨੀਆ ਮੁੱਖ ਕਾਰਨ ਹੈ ਜੋ ਕਿ ਫੇਫੜਿਆਂ ਵਿਚ ਰੋਗਾਣੂਆਂ ਦੀ ਲਾਗ ਨਾਲ ਹੁੰਦਾ ਹੈ। ਨਿਮੋਨੀਆ ਇਕ ਗੰਭੀਰ ਬਿਮਾਰੀ ਹੈ, ਇਸ ਲਈ ਘਰੇਲੂ ਇਲਾਜ ਵਿਚ ਸਮਾਂ ਨਾ ਗਵਾਇਆ ਜਾਵੇ ਤੇ ਇਸ ਦੇ ਲੱਛਣਾਂ ਦੀ ਜਲਦ ਪਛਾਣ ਕਰਕੇ ਮਰੀਜ਼ ਨੂੰ ਤੁਰੰਤ ਮਾਹਿਰ ਡਾਕਟਰ ਤੋਂ ਇਲਾਜ ਕਰਵਾਇਆ ਜਾਵੇ।