ਸਹੂਲਤਾਂ ਲਈ ਤਰਸ ਰਹੇ ਲੋਕ : ਭਾਗੀਵਾਂਦਰ
ਹਰ ਮੋਰਚੇ ‘ਤੇ ਫੇਲ੍ਹ ਸਾਬਤ ਹੋਈ ਸਰਕਾਰ
Publish Date: Fri, 16 Jan 2026 07:07 PM (IST)
Updated Date: Sat, 17 Jan 2026 04:13 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਬਲਾਕ ਪ੍ਰਧਾਨ ਕਾਂਗਰਸ ਤਲਵੰਡੀ ਸਾਬੋ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਮੌਜੂਦਾ ਸੂਬਾ ਸਰਕਾਰ ‘ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ, ਉਹ ਸਾਰੇ ਹਵਾ ਵਿਚ ਗਾਇਬ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਮਹਿੰਗਾਈ, ਬੇਰੁਜ਼ਗਾਰੀ ਅਤੇ ਬੁਨਿਆਦੀ ਸੁਵਿਧਾਵਾਂ ਦੀ ਕਮੀ ਨਾਲ ਜੂਝ ਰਿਹਾ ਹੈ ਪਰ ਸਰਕਾਰ ਲੋਕਾਂ ਦੇ ਮੁੱਦਿਆਂ ਤੋਂ ਮੂੰਹ ਮੋੜ ਕੇ ਬੈਠੀ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਤਹਿਤ ਗਰੀਬ ਵਰਗ ਨੂੰ ਮਿਲਣ ਵਾਲਾ ਰੁਜ਼ਗਾਰ ਠੱਪ ਹੋ ਚੁੱਕਾ ਹੈ, ਕਿਸਾਨਾਂ ਨੂੰ ਫਸਲਾਂ ਦੀ ਸਹੀ ਕੀਮਤ ਨਹੀਂ ਮਿਲ ਰਹੀ ਤੇ ਨੌਜਵਾਨ ਵਰਗ ਨੌਕਰੀਆਂ ਦੀ ਉਡੀਕ ਵਿਚ ਨਿਰਾਸ਼ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਸਿਰਫ਼ ਇਸ਼ਤਿਹਾਰਬਾਜ਼ੀ ਤਕ ਸੀਮਤ ਰਹਿ ਗਈ ਹੈ, ਜਦਕਿ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਤੇ ਸਿੱਖਿਆ ਵਰਗੇ ਅਹਿਮ ਖੇਤਰਾਂ ਵਿਚ ਹਾਲਾਤ ਦਿਨੋਂ-ਦਿਨ ਖ਼ਰਾਬ ਹੋ ਰਹੇ ਹਨ। ਸਰਕਾਰੀ ਹਸਪਤਾਲਾਂ ’ਚ ਡਾਕਟਰਾਂ ਤੇ ਦਵਾਈਆਂ ਦੀ ਘਾਟ ਹੈ, ਜਦਕਿ ਸਕੂਲਾਂ ਵਿਚ ਅਧਿਆਪਕਾਂ ਦੀ ਕਮੀ ਕਾਰਨ ਬੱਚਿਆਂ ਦਾ ਭਵਿੱਖ ਖ਼ਤਰੇ ਵਿਚ ਪੈ ਰਿਹਾ ਹੈ। ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਤੁਰੰਤ ਲੋਕ ਹਿੱਤ ’ਚ ਫ਼ੈਸਲੇ ਨਾ ਕੀਤੇ, ਤਾਂ ਕਾਂਗਰਸ ਲੋਕਾਂ ਨੂੰ ਨਾਲ ਲੈ ਕੇ ਸੜਕਾਂ ’ਤੇ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗੀ।