ਕੇਂਦਰੀ ਰਾਜ ਮੰਤਰੀ ਬਿੱਟੂ ਦੇ ਬਿਆਨ ’ਤੇ ਅਕਾਲੀਆਂ ਨੇ ਚੁੱਕੇ ਸਵਾਲ
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਬਿਆਨ ’ਤੇ ਅਕਾਲੀ ਆਗੂਆਂ ਨੇ ਚੁੱਕੇ ਸਵਾਲ
Publish Date: Fri, 16 Jan 2026 06:03 PM (IST)
Updated Date: Sat, 17 Jan 2026 04:10 AM (IST)
-ਕਿਹਾ, ਰਵਨੀਤ ਬਿੱਟੂ ਦੀ ਸ੍ਰੋਮਣੀ ਅਕਾਲੀ ਦਲ ’ਤੇ ਦੂਸ਼ਣਬਾਜ਼ੀ ਚਮਚਾਗਿਰੀ ਦਾ ਸਿਖਰ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਅੱਜ ਅਕਾਲੀ ਭਾਜਪਾ ਗਠਬੰਧਨ ਹੋਣ ਦੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਅਕਾਲੀ ਦਲ ਨਾਲ ਗੱਠਜੜ ਹੋ ਗਿਆ ਤਾਂ ਚਿੱਟਾ ਅਤੇ ਗੈਂਗਸਟਰ ਆ ਗਏ ਤਾਂ ਫਿਰ ਕੀ ਕਰਾਂਗੇ ਦੇ ਦਿੱਤੇ ਬਿਆਨ ’ਤੇ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਮੋਹਿਤ ਗੁਪਤਾ ਅਤੇ ਜ਼ਿਲ੍ਹਾ ਬਠਿੰਡਾ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਨੇ ਸਵਾਲ ਚੁੱਕਦਿਆਂ ਬਿੱਟੂ ਨੂੰ ਕਰਾਰਾ ਜਵਾਬ ਦਿੱਤਾ ਹੈ। ਗੁਪਤਾ ਅਤੇ ਗੋਲਡੀ ਨੇ ਕਿਹਾ ਕਿ ਰੇਲਵੇ ਰਾਜ ਮੰਤਰੀ ਬਿੱਟੂ ਦਾ ਬਿਆਨ ਚਮਚਾਗਿਰੀ ਦੀ ਸਿਖਰ ਹੈ, ਕਿਉਂਕਿ ਬਿੱਟੂ ਪਹਿਲਾਂ ਕਾਂਗਰਸ ਵਿੱਚ ਹੁੰਦੇ ਸੀ ਤਾਂ ਭਾਜਪਾ ਨੂੰ ਬਹੁਤ ਮੰਦਾ ਚੰਗਾ ਬੋਲਦ ਸੀ, ਹੁਣ ਬਿੱਟੂ ਇਹ ਦੱਸਣ ਕਿ ਕੀ ਮਾੜੀ ਭਾਜਪਾ ਹੁਣ ਚੰਗੀ ਬਣ ਗਈ ਹੈ। ਗੁਪਤਾ ਨੇ ਕਿਹਾ ਕਿ ਰਵਨੀਤ ਬਿੱਟੂ ਪਹਿਲਾਂ ਆਪਣੀ ਦਲ ਬਦਲੀ ਕਰਨ ਅਤੇ ਆਪਣੀ ਪੀੜੀ ਥੱਲੇ ਸੋਟਾ ਫੇਰਨ, ਫਿਰ ਦੂਜਿਆਂ ’ਤੇ ਸਵਾਲ ਚੁੱਕਣ। ਮੋਹਿਤ ਗੁਪਤਾ ਅਤੇ ਸੁਸ਼ੀਲ ਕੁਮਾਰ ਗੋਲਡੀ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਮਜਬੂਤ ਹੈ ਅਤੇ ਆਪਣੇ ਦਮ ’ਤੇ ਚੋਣਾਂ ਲੜਨ ਵਿੱਚ ਸਮਰੱਥ ਹੈ।
ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਏ ਸੂਬੇ ਦੇ ਵਿਕਾਸ ਨੂੰ ਲੋਕ ਯਾਦ ਕਰ ਰਹੇ ਹਨ ਅਤੇ ਕਾਂਗਰਸ ਤੇ ਆਪ ਤੋਂ ਲੋਕ ਨਰਾਜ਼ ਹਨ । ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਨੂੰ ਕਿਸੇ ਨਾਲ ਗੱਠਜੋੜ ਦੀ ਕੋਈ ਜਰੂਰਤ ਨਹੀਂ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਪਹਿਲਾਂ ਆਪਣੀ ਸਥਿਤੀ ਸਪੱਸ਼ਟ ਕਰਨਗੇ ਕਿ ਉਹ ਜਿੱਤ ਵੀ ਨਹੀਂ ਸਕੇ ਤੇ ਮੰਤਰੀ ਬਣਨ ’ਤੇ ਹੁਣ ਚਮਚਾਗਿਰੀ ਦਾ ਸਿਖਰ ਟੱਪਦਿਆਂ ਇਸ ਤਰ੍ਹਾਂ ਦੀ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਨਸ਼ੇ ਅਤੇ ਗੈਂਗਸਟਰਾਂ ਦੇ ਖਾਤਮੇ ਨੂੰ ਤਰਜੀਹ ਦਿੰਦਾ ਰਿਹਾ ਹੈ ਅਤੇ ਅਕਾਲੀ ਦਲ ਦਾ ਮੁੱਖ ਏਜੰਡਾ ਅਮਨ, ਸ਼ਾਂਤੀ, ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਗੱਠਜੋੜ ਹੋਵੇ ਜਾਂ ਨਾ ਹੋਵੇ ਇਹ ਅਕਾਲੀ ਦਲ ਦੀ ਲੀਡਰਸ਼ਿਪ ਨੇ ਸੋਚਣਾ ਹੈ, ਪਰ ਅੱਜ ਦੇ ਹਾਲਾਤ ਵਿੱਚ ਸ੍ਰੋਮਣੀ ਅਕਾਲੀ ਦਲ ਆਪਣੇ ਦਮ ’ਤੇ ਚੋਣਾਂ ਲੜਨ ਦਾ ਸਮਰੱਥ ਹੈ ਅਤੇ ਪਾਰਟੀ ਨੂੰ ਬਿੱਟੂ ਵਰਗੇ ਲੀਡਰਾਂ ਦੀ ਬਿਆਨਬਾਜੀ ਦੀ ਕੋਈ ਪਰਵਾਹ ਨਹੀਂ ਹੈ।