ਵੂਮੈਨ ਹਾਕੀ ’ਚ ਪੰਜਾਬੀ ’ਵਰਸਿਟੀ ਪਟਿਆਲਾ ਜੇਤੂ
ਨਾਰਥ ਜ਼ੋਨ ਅੰਤਰ ਯੂਨੀਵਰਸਿਟੀ ਵੂਮੈਨ ਹਾਕੀ ਚੈਂਪੀਅਨਸ਼ਿਪ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੇਤੂ
Publish Date: Fri, 16 Jan 2026 04:44 PM (IST)
Updated Date: Sat, 17 Jan 2026 04:04 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਡੀਏਵੀ ਕਾਲਜ ਬਠਿੰਡਾ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਤਰਗਤ ਨਾਰਥ ਜ਼ੋਨ ਅੰਤਰ ਯੂਨੀਵਰਸਿਟੀ ਵੂਮੈਨ ਹਾਕੀ ਚੈਂਪੀਅਨਸ਼ਿਪ 2025-26 ਹਾਕੀ ਸਟੇਡੀਅਮ ਬਠਿੰਡਾ ਵਿਖੇ ਕੀਤਾ ਗਿਆ। 11 ਤੋਂ 15 ਜਨਵਰੀ ਤਕ ਚੱਲੀ ਇਸ ਚੈਂਪੀਅਨਸ਼ਿਪ ’ਚ ਉੱਤਰੀ ਭਾਰਤ ਦੀਆਂ 30 ਯੂਨੀਵਰਸਿਟੀ ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਚਾਰ ਟੀਮਾਂ ਲੀਗ ਸਟੇਜ ਤੱਕ ਪਹੁੰਚੀਆਂ। ਲੀਗ ਮੈਚਾਂ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਫਾਈਨਲ ਸਟੈਂਡਿੰਗ ਵਿਚ ਪੰਜਾਬੀ ’ਵਰਸਿਟੀ ਪਟਿਆਲਾ ਪਹਿਲੇ, ਐਲਪੀਯੂ ਫਗਵਾੜਾ ਦੂਜੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੀਜੇ ਅਤੇ ਜੀਜੇਯੂਐਸਟੀ ਹਿਸਾਰ ਚੌਥੇ ਸਥਾਨ ’ਤੇ ਰਹੀ। ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਡੀਐਸਪੀ ਬਠਿੰਡਾ ਗੁਰਪ੍ਰੀਤ ਸਿੰਘ ਨੇ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਖੇਡਾਂ ਨਾਲ-ਨਾਲ ਪੜ੍ਹਾਈ ਅਤੇ ਸਿਹਤ ’ਤੇ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਡਾਇਰੈਕਟਰ ਸਪੋਰਟਸ ਮੈਡਮ ਗੁਰਦੀਪ ਕੌਰ ਰੰਧਾਵਾ ਨੇ ਸਭ ਦਾ ਧੰਨਵਾਦ ਕਰਦਿਆਂ ਖਿਡਾਰਨਾਂ ਨੂੰ ਭਵਿੱਖ ਵਿਚ ਹੋਰ ਮਿਹਨਤ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਅੰਤਰਰਾਸ਼ਟਰੀ ਹਾਕੀ ਖਿਡਾਰਨਾਂ ਰਾਜਵਿੰਦਰ ਕੌਰ ਤੇ ਸੁਖਵੀਰ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।