ਮੌੜ ਮੰਡੀ ਦੀ ਕਰਿਆਨਾ ਯੂਨੀਅਨ ਦੀ ਮੀਟਿੰਗ ਵਿਚ ਨਵੀਂ ਕਮੇਟੀ ਦੀ ਚੋਣ, ਕਈ ਅਹਿਮ ਮਤੇ ਪਾਸ ਮੌੜ ਮੰਡੀ ਦੀ ਕਰਿਆਨਾ ਯੂਨੀਅਨ ਦੀ ਮੀਟਿੰਗ ਵਿਚ ਨਵੀਂ ਕਮੇਟੀ ਦੀ ਚੋਣ, ਕਈ ਅਹਿਮ ਮਤੇ ਪਾਸ
Publish Date: Sun, 26 Jul 2026 04:17 PM (IST)
Updated Date: Sun, 26 Jul 2026 04:20 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ ਮੌੜ ਮੰਡੀ ਦੀ ਸਨਾਤਨ ਧਰਮਸ਼ਾਲਾ ਵਿਖੇ ਕਰਿਆਨਾ ਦੁਕਾਨਦਾਰਾਂ ਦੀ ਇਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿਚ ਮੰਡੀ ਦੇ ਸਮੂਹ ਕਰਿਆਨਾ ਦੁਕਾਨਦਾਰਾਂ ਵੱਲੋਂ ਆਪਸੀ ਸਹਿਮਤੀ ਨਾਲ ਯੂਨੀਅਨ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਗਈ ਅਤੇ ਬਾਜ਼ਾਰ ਦੇ ਸੁਚੱਜੇ ਪ੍ਰਬੰਧਾਂ ਲਈ ਕਈ ਮਹੱਤਵਪੂਰਨ ਮਤੇ ਪਾਸ ਕੀਤੇ ਗਏ। ਇਸ ਮੀਟਿੰਗ ਵਿਚ ਸਰਬ ਸੰਮਤੀ ਨਾਲ ਯੂਨੀਅਨ ਦੀ ਚੋਣ ਕਰਦਿਆਂ ਪ੍ਰਧਾਨ ਭਾਰਤ ਭੂਸ਼ਣ ਨੂੰ ਦੂਜੀ ਵਾਰ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਚੇਅਰਮੈਨ ਰਕੇਸ਼ ਕੁਮਾਰ ਬਾਬਾ ਵਾਈਸ ਪ੍ਰਧਾਨ ਰੁਪਿੰਦਰ ਮੰਗਲਾ ਸੈਕਟਰੀ ਸਚਿਨ ਸਿੰਗਲਾ ਵਾਈਸ ਸੈਕਟਰੀ ਮੁਕੇਸ਼ ਕੁਮਾਰ ਕੈਸ਼ੀਅਰ ਮਨੀਸ਼ ਜਿੰਦਲ ਵਾਈਸ ਕੈਸ਼ੀਅਰ ਸੁਨੀਲ ਕੁਮਾਰ ਨੂੰ ਅਹੁਦਿਆਂ ਲਈ ਨਿਯੁਕਤ ਕੀਤਾ ਗਿਆ। ਮੀਟਿੰਗ ਵਿਚ ਸਰਬਸੰਮਤੀ ਨਾਲ ਮਤਿਆਂ ਨੂੰ ਪਾਸ ਕਰਦਿਆਂ ਫੈਸਲਾ ਲਿਆ ਗਿਆ ਕਿ ਮੌੜ ਮੰਡੀ ਦੀਆਂ ਸਮੂਹ ਕਰਿਆਨਾ ਦੁਕਾਨਾਂ ਹੁਣ ਤੋਂ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਪੂਰਨ ਤੌਰ ਤੇ ਬੰਦ ਰਹਿਣਗੀਆਂ। ਵਪਾਰੀਆਂ ਦੇ ਹਿੱਤ ਵਿਚ ਇਕ ਹੋਰ ਅਹਿਮ ਨਿਰਣਾ ਲਿਆ ਗਿਆ ਕਿ ਜੇਕਰ ਕੋਈ ਗਾਹਕ ਕਿਸੇ ਇਕ ਦੁਕਾਨਦਾਰ ਦਾ ਉਧਾਰ ਚੁਕਾਏ ਬਿਨਾਂ ਕਿਸੇ ਦੂਜੇ ਕਰਿਆਨਾ ਦੁਕਾਨਦਾਰ ਤੋਂ ਖਰੀਦਦਾਰੀ ਕਰਦਾ ਹੈ, ਤਾਂ ਦੂਜਾ ਦੁਕਾਨਦਾਰ ਵੀ ਉਸ ਨੂੰ ਉਦੋਂ ਤੱਕ ਉਧਾਰ ਨਹੀਂ ਦੇਵੇਗਾ, ਜਦੋਂ ਤੱਕ ਉਹ ਪਹਿਲੇ ਦੁਕਾਨਦਾਰ ਦਾ ਬਕਾਇਆ ਭੁਗਤਾਨ ਨਹੀਂ ਕਰ ਦਿੰਦਾ। ਮੈਨੇਜਮੈਂਟ ਵੱਲੋਂ ਲਏ ਗਏ ਹਰ ਇਕ ਫੈਸਲੇ ਦਾ ਹਰ ਇਕ ਦੁਕਾਨਦਾਰ ਪੂਰਨ ਤੌਰ ਤੇ ਸਮਰਥਨ ਕਰੇਗਾ। ਕੋਈ ਵੀ ਦੁਕਾਨਦਾਰ ਉਸ ਫੈਸਲੇ ਦੀ ਵਿਰੋਧਤਾ ਨਹੀਂ ਕਰੇਗਾ ਅਤੇ ਨਾ ਹੀ ਕਿਸੇ ਗਰੁੱਪ ਵਿਚ ਕੋਈ ਗਲਤ ਸੁਨੇਹਾਂ ਨਹੀਂ ਪਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਉੱਪਰ ਮੁਲਾਜ਼ਮ ਰੱਖਦਾ ਹੈ, ਤਾਂ ਉਹ ਪੁਰਾਣੇ ਦੁਕਾਨਦਾਰ ਤੋਂ ਐਨਓਸੀ ਲੈ ਕੇ ਜਾਂ ਉਸ ਦਾ ਹਿਸਾਬ-ਕਿਤਾਬ ਚੈਕ ਕਰਕੇ ਹੀ ਆਪਣੀ ਦੁਕਾਨ ਉੱਪਰ ਕੰਮ ਤੇ ਰੱਖ ਸਕੇਗਾ। ਇਸ ਮੀਟਿੰਗ ਵਿਚ ਮੌਜੂਦ ਸਾਰੇ ਦੁਕਾਨਦਾਰਾਂ ਨੇ ਹੱਥ ਖੜ੍ਹੇ ਕਰਕੇ ਇਨ੍ਹਾਂ ਮਤਿਆਂ ਦਾ ਸਮਰਥਨ ਕੀਤਾ। ਨਵ-ਨਿਯੁਕਤ ਟੀਮ ਨੇ ਸਮੂਹ ਵਪਾਰੀਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਵਪਾਰੀਆਂ ਦੇ ਹਿੱਤਾਂ ਦੀ ਰੱਖਿਆ, ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਹਮੇਸ਼ਾ ਤਤਪਰ ਰਹਿਣਗੇ।