ਮਹਿਲਾ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਨਵੀਆਂ ਨਿਯੁਕਤੀਆਂ, ਅਮਰਜੀਤ ਕੌਰ ਬੰਗੀ ਰੁਲਦੂ ਬਣੇ ਹਲਕਾ ਪ੍ਰਧਾਨ ਮਹਿਲਾ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਨਵੀਆਂ ਨਿਯੁਕਤੀਆਂ, ਅਮਰਜੀਤ ਕੌਰ ਬੰਗੀ ਰੁਲਦੂ ਬਣੇ ਹਲਕਾ ਪ੍ਰਧਾਨ
Publish Date: Sun, 25 Oct 2026 04:41 PM (IST)
Updated Date: Sun, 25 Oct 2026 04:43 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ, ਕਾਂਗਰਸ ਪਾਰਟੀ ਦੀਆਂ ਸਰਗਰਮੀਆਂ ਨੂੰ ਤੇਜ਼ ਕਰਨ ਤੇ ਮਹਿਲਾ ਵਿੰਗ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਅੱਜ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਸਿਮਰਤ ਕੌਰ ਧਾਲੀਵਾਲ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰ ਕ੍ਰਿਸ਼ਨ ਸਿੰਘ ਭਾਗੀਵਾਂਦਰ ਦੇ ਦਫ਼ਤਰ ਵਿਖੇ ਮਹਿਲਾ ਵਰਕਰਾਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਅਤੇ ਜਥੇਬੰਦੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਿਮਰਤ ਕੌਰ ਧਾਲੀਵਾਲ ਨੇ ਹਲਕਾ ਵਿਧਾਇਕ ਬਲਜਿੰਦਰ ਕੌਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਦੋ ਵਾਰ ਵਿਧਾਇਕ ਰਹਿਣ ਦੇ ਬਾਵਜੂਦ ਮਹਿਲਾਵਾਂ ਦੀ ਸਥਿਤੀ ਸੁਧਾਰਨ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਮਹਿਲਾਵਾਂ ਦੀ ਭਲਾਈ ਅਤੇ ਉਨ੍ਹਾਂ ਨੂੰ ਆਰਥਿਕ ਤੇ ਸਮਾਜਿਕ ਤੌਰ ’ਤੇ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣਨ ’ਤੇ ਮਹਿਲਾਵਾਂ ਦੀ ਭਲਾਈ ਲਈ ਹੋਰ ਲੋਕ-ਭਲਾਈ ਸਕੀਮਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਉਪਰੰਤ ਕ੍ਰਿਸ਼ਨ ਸਿੰਘ ਭਾਗੀਵਾਂਦਰ ਨੇ ਮਹਿਲਾ ਵਰਕਰਾਂ ਨੂੰ ਸੰਬੋਧਨ ਕਰਦਿਆਂ ‘ਹਰ ਬੂਥ ਮਜ਼ਬੂਤ ਕਾਂਗਰਸ’ ਮੁਹਿੰਮ ਤਹਿਤ ਸਰਗਰਮੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਵਰਕਰਾਂ ਦੀ ਅਹਿਮ ਭੂਮਿਕਾ ਹੈ ਅਤੇ ਮਹਿਲਾ ਵਿੰਗ ਦੀ ਸਰਗਰਮ ਸ਼ਮੂਲੀਅਤ ਨਾਲ ਜਥੇਬੰਦੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ। ਮੀਟਿੰਗ ਦੌਰਾਨ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਦਾ ਐਲਾਨ ਵੀ ਕੀਤਾ ਗਿਆ। ਇਸ ਤਹਿਤ ਅਮਰਜੀਤ ਕੌਰ ਬੰਗੀ ਰੁਲਦੂ ਨੂੰ ਮਹਿਲਾ ਕਾਂਗਰਸ ਹਲਕਾ ਤਲਵੰਡੀ ਸਾਬੋ ਦੀ ਪ੍ਰਧਾਨ, ਮਨਦੀਪ ਕੌਰ ਨੂੰ ਬਲਾਕ ਪ੍ਰਧਾਨ ਤਲਵੰਡੀ ਸਾਬੋ ਅਤੇ ਗੁਰਮੀਤ ਕੌਰ ਕਮਾਲੂ ਨੂੰ ਰਾਮਾਂ ਮੰਡੀ ਦੀ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵ-ਨਿਯੁਕਤ ਅਹੁਦੇਦਾਰਾਂ ਨੇ ਜ਼ਿਲ੍ਹਾ ਪ੍ਰਧਾਨ ਅਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੀਆਂ ਅਤੇ ਹਲਕੇ ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੀਆਂ। ਇਸ ਮੌਕੇ ਬਲਵਿੰਦਰ ਕੌਰ ਭਾਗੀਵਾਂਦਰ, ਵੀਰਪਾਲ ਕੌਰ, ਨੀਲਮ ਕੌਰ, ਸਿਮਰਨ ਕੌਰ ਜਗਾ ਰਾਮ ਤੀਰਥ, ਸਰਬਜੀਤ ਕੌਰ ਜਗਾ, ਬਲਵਿੰਦਰ ਕੌਰ ਬੰਗੀ ਰੁਲਦੂ, ਮਨਦੀਪ ਕੌਰ ਭੇਮਾਂ, ਜਗਤਾਰ ਸਿੰਘ ਮੈਨੂੰਆਣਾ ਸਾਬਕਾ ਚੇਅਰਮੈਨ, ਬਲਵਿੰਦਰ ਸਿੰਘ ਪ੍ਰਧਾਨ ਕਿਸਾਨ ਸੈੱਲ, ਦਿਲਪ੍ਰੀਤ ਸਿੰਘ ਸਾਬਕਾ ਬਲਾਕ ਪ੍ਰਧਾਨ, ਮੇਜਰ ਸਿੰਘ ਜ਼ਿਲ੍ਹਾ ਕਾਂਗਰਸ ਬੁਲਾਰਾ, ਹਰਬੰਸ ਸਿੰਘ ਸੀਗੋ, ਬਲਜੀਤ ਸਿੰਘ ਭਾਗੀਵਾਂਦਰ ਸਮੇਤ ਹੋਰ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।