ਮਲੂਕਾ 'ਚ ਬਾਲ ਦਿਵਸ ਦੇ ਮੌਕੇ ਤੇ ਨਵਾਂ ਦਾਖ਼ਲਾ ਮੁਹਿੰਮ ਦੀ ਸ਼ੁਰੂਆਤ ਮਲੂਕਾ 'ਚ ਬਾਲ ਦਿਵਸ ਦੇ ਮੌਕੇ ਤੇ ਨਵਾਂ ਦਾਖ਼ਲਾ ਮੁਹਿੰਮ ਦੀ ਸ਼ੁਰੂਆਤ
Publish Date: Wed, 18 Nov 2026 04:27 PM (IST)
Updated Date: Wed, 18 Nov 2026 04:27 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਨਵੇਂ ਵਿਦਿਅਕ ਸੈਸ਼ਨ 2027-28 ਲਈ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਨਵਾਂ ਦਾਖਲਾ ਮੁਹਿੰਮ ਤਹਿਤ ਬੱਚਿਆਂ ਦੀ ਗਿਣਤੀ ਵਧਾਉਣ ਲਈ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ ਵੱਲੋਂ ਬਾਲ ਦਿਵਸ ਦੇ ਮੌਕੇ ਤੇ ਵਡਮੁੱਲੇ ਯਤਨ ਸ਼ੁਰੂ ਕੀਤੇ ਜਾ ਰਹੇ ਹਨ। ਸਕੂਲ ਦੇ ਮੁੱਖ ਅਧਿਆਪਕ ਬੇਅੰਤ ਸਿੰਘ ਮਲੂਕਾ (ਸਟੇਟ ਐਵਾਰਡੀ) ਨੇ ਦੱਸਿਆ ਹੈ ਕਿ ਨਵੇਂ ਵਿਦਿਅਕ ਸੈਸ਼ਨ ਲਈ ਮਾਪਿਆਂ ਨੇ ਆਪਣੇ ਬੱਚਿਆਂ ਦੀ ਰਜਿਸਟਰੇਸ਼ਨ ਲਈ ਕਰਵਾਉਣ ਲਈ ਯਤਨ ਆਰੰਭ ਕਰ ਦਿੱਤੇ ਹਨ। ਭਾਵੇਂ ਨਵਾਂ ਸੈਸ਼ਨ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋਣਾ ਹੈ। ਪਰ ਨਵੀਂ ਰਜਿਸਟਰੇਸ਼ਨ ਤਹਿਤ ਅੱਜ 10 ਬੱਚਿਆਂ ਨੇ ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਤੱਕ ਵੱਖੋ-ਵੱਖ ਜਮਾਤਾਂ ਵਿਚ ਦਾਖ਼ਲਾ ਕਰਵਾਇਆ ਹੈ। ਵਰਣਨਯੋਗ ਹੈ ਕਿ ਬੱਚਿਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲਾਤਨ ਲਗਾਤਾਰ ਵਧ ਕੇ ਦਰਜ਼ ਹੋ ਰਹੀ ਹੈ। ਕਈ ਬੱਚੇ ਅੱਜ ਭਾਵੇਂ ਪ੍ਰਾਈਵੇਟ ਸਕੂਲਾਂ ਵਿਚ ਪੜ੍ਹ ਰਹੇ ਹਨ ਪਰ ਉਹ ਪੜ੍ਹਾਈ, ਮਿਲਣ ਵਾਲੀਆਂ ਵਿਦਿਅਕ ਸਕੀਮਾਂ ਅਤੇ ਟਰਾਂਸਪੋਰਟ ਸਹੂਲਤਾਂ ਤੋਂ ਪ੍ਰਭਾਵਿਤ ਹੋ ਕੇ ਅਗਲੇ ਵਿਦਿਅਕ ਸੈਸ਼ਨ ਤੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ ਵੱਲ ਲਗਾਤਾਰ ਝੁਕਾਅ ਬਣਾ ਰਹੇ ਹਨ। ਇਹਨਾਂ ਨਵੇਂ ਦਾਖਲਿਆਂ ਲਈ ਸਮੂਹ ਸਟਾਫ਼ ਵੱਲੋਂ ਮੋਬਾਈਲ ਰਾਹੀਂ ਬੱਚਿਆਂ ਦੇ ਮਾਪਿਆਂ ਨਾਲ ਨਿੱਜੀ ਤੌਰ ਤੇ ਗੱਲਬਾਤ ਕਰਕੇ ਉਹਨਾਂ ਨੂੰ ਸਰਕਾਰੀ ਸਕੂਲ ਵਿਚ ਦਾਖ਼ਲ ਹੋਣ ਲਈ ਹੁਣੇ ਤੋਂ ਹੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਆਨਲਾਈਨ ਵਿਧੀ ਰਾਹੀਂ ਵੀ ਬੱਚਿਆਂ ਦਾ ਦਾਖਲਾ ਕੀਤਾ ਜਾ ਰਿਹਾ ਹੈ। ਇਹ ਵੀ ਗੌਰਤਲਬ ਹੈ ਕਿ ਸਕੂਲ ਦੇ ਮਿਹਨਤੀ ਅਧਿਆਪਕਾਂ ਵੱਲੋਂ ਡੋਰ ਟੂ ਡੋਰ ਮੁਹਿੰਮ ਵੀ ਲਗਾਤਾਰ ਚਲਾਈ ਜਾ ਰਹੀ ਹੈ। ਇਹ ਘਰੋ-ਘਰੀਂ ਪਹੁੰਚ ਮੁਹਿੰਮ ਸਕੂਲ ਸਮੇਂ ਤੋਂ ਬਾਅਦ ਤੇ ਛੁੱਟੀ ਵਾਲੇ ਦਿਨ ਲੋਕਾਂ ਦਾ ਸਹਿਯੋਗ ਲੈ ਕੇ ਸਫ਼ਲਤਾ ਪੂਰਵਕ ਚੱਲ ਰਹੀ ਹੈ। ਦੂਜੇ ਪਾਸੇ ਪਹਿਲਾਂ ਤੋਂ ਪੜ੍ਹ ਰਹੇ ਬੱਚਿਆਂ, ਪਿੰਡ ਦੀ ਪੰਚਾਇਤ, ਐਸਐਮਸੀ ਕਮੇਟੀ ਅਤੇ ਯੂਥ ਕਲੱਬਾਂ ਆਦਿ ਦੇ ਸਹਿਯੋਗ ਨਾਲ ਨਵੇਂ ਦਾਖ਼ਲ ਹੋਣ ਵਾਲੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਸਹੂਲਤਾਂ ਬਾਰੇ ਦੱਸ ਕੇ ਅਤੇ ਪੈਂਫਲਿਟ ਵੰਡ ਕੇ ਨਵੇਂ ਦਾਖ਼ਲਿਆਂ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਕੂਲ ਦਾ ਫੇਸਬੁੱਕ ਪੇਜ਼ ਅਤੇ ਬੱਚਿਆਂ ਦੇ ਜਮਾਤ ਵਾਈਜ਼ ਵੱਟਸਐਪ ਗਰੁੱਪ ਵੀ ਬਣੇ ਹੋਏ ਹਨ। ਜਿੰਨ੍ਹਾਂ ਦੇ ਸਹਾਰੇ ਨਵੇਂ ਦਾਖ਼ਲਿਆਂ ਲਈ ਪ੍ਰਚਾਰ ਕਰਕੇ ਲੋਕਾਂ, ਖਾਸਕਰ ਬੱਚਿਆਂ ਦੇ ਮਾਪਿਆਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਸਮੂਹ ਸਕੂਲ ਸਟਾਫ਼ ਵੱਲੋਂ ਨਵਾਂ ਦਾਖ਼ਲਾ ਮੁਹਿੰਮ ਨੂੰ ਇੰਨੇ ਵਿਧੀਬੱਧ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ ਕਿ ਆਸ-ਪਾਸ ਦੇ ਪਿੰਡਾਂ ਵਿੱਚੋਂ ਬੱਚੇ ਵੀ ਲਗਾਤਾਰ ਦਾਖਲ ਹੋ ਰਹੇ ਹਨ। ਜ਼ਿਆਦਾਤਰ ਬੱਚੇ ਪ੍ਰਾਈਵੇਟ ਸਕੂਲਾਂ ਵਿੱਚੋਂ ਹਟਕੇ ਆ ਰਹੇ ਹਨ। ਦੱਸਣਯੋਗ ਹੈ ਕਿ ਪਿਛਲੇ ਸੈਸ਼ਨ ਦੌਰਾਨ ਨਵੇਂ ਦਾਖਲਿਆਂ ਵਿੱਚ ਸਰਕਾਰੀ ਪਾਇਮਰੀ ਸਕੂਲ ਮਲੂਕਾ ਨੇ ਜਿਲ੍ਹੇ ਭਰ ਵਿੱਚੋਂ ਰਿਕਾਰਡ ਯੋਗ ਵਾਧਾ ਦਰਜ਼ ਕੀਤਾ ਸੀ। ਸਕੂਲ ਮੁੱਖੀ ਨੇ ਦੱਸਿਆ ਹੈ ਕਿ ਸਮੁੱਚਾ ਸਕੂਲ, ਸਮਾਰਟ ਸਕੂਲ ਹੈ। ਹਰ ਜਮਾਤ ਵਿੱਚ ਐਲ.ਈ.ਡੀ,ਪਰੋਜੈਕਟਰ, ਟੱਚ ਪੈਨਲ,ਸੀਸੀਟੀਵੀ ਕੈਮਰੇ, ਫਰਨੀਚਰ, ਪਾਰਕ, ਝੂਲੇ ਆਦਿ ਲੱਗੇ ਹੋਏ ਹਨ। ਨਰਸਰੀ ਜਮਾਤ ਨੂੰ ਵਿਸ਼ੇਸ਼ ਤਵੱਜੋ ਦਿੱਤੀ ਗਈ ਹੈ। ਬੱਚਿਆਂ ਦੇ ਆਉਣ-ਜਾਣ ਲਈ ਸਕੂਲ ਵੈਨਾਂ ਦਾ ਯੋਗ ਪ੍ਰਬੰਧ ਹੈ। ਹੁਣ ਨਵੇਂ ਵਿਦਿਅਕ ਸੈਸ਼ਨ ਤੋਂ ਦਾਖਲੇ ਹੋਰ ਵਧਣ ਦੀ ਉਮੀਦ ਹੈ, ਯਤਨ ਲਗਾਤਾਰ ਜਾਰੀ ਹਨ। ਅੱਜ ਨਵੀਂ ਦਾਖ਼ਲਾ ਮੁਹਿੰਮ ਦੀ ਸ਼ੁਰੂਆਤ ਮੌਕੇ ਹੋਰਨਾਂ ਤੋਂ ਇਲਾਵਾ ਹਰਜਿੰਦਰ ਸਿੰਘ ਬੁਰਜ ਥਰੋੜ, ਕੁਲਦੀਪ ਸ਼ਰਮਾ ਭਗਤਾ, ਅਮਰੀਕ ਸਿੰਘ ਕਲਿਆਣ, ਸੁਖਜਿੰਦਰ ਸਿੰਘ ਘਣੀਆਂ, ਸ਼੍ਰੀਮਤੀ ਸੁਖਜੀਤ ਕੌਰ, ਜਸਵਿੰਦਰ ਕੌਰ, ਸ਼੍ਰੀਮਤੀ ਰਾਜਵਿੰਦਰ ਕੌਰ, ਸ਼੍ਰੀਮਤੀ ਮਨਦੀਪ ਕੌਰ, ਮਨਦੀਪ ਕੌਰ ਬੱਬੂ ਸਾਰੇ ਅਧਿਆਪਕ ਅਤੇ ਐਸ.ਐਮ.ਸੀ. ਕਮੇਟੀ ਦੇ ਚੇਅਰਮੈਨ ਸੁਖਦੇਵ ਸਿੰਘ ਮੌਜੂਦ ਸਨ।