ਭਾਰਤ ਦੀ ਨੈਸ਼ਨਲ ਵੈਟਰਨ ਫੈਡਰੇਸ਼ਨ ਵੱਲੋਂ ਨੰਬਰਦਾਰ ਨੈਸ਼ਨਲ ਫੈਡਰੇਸ਼ਨ ਦੇ ਜੁਆਇੰਟ ਸਕੱਤਰ ਨਿਯੁਕਤ ਭਾਰਤ ਦੀ ਨੈਸ਼ਨਲ ਵੈਟਰਨ ਫੈਡਰੇਸ਼ਨ ਵੱਲੋਂ ਨੰਬਰਦਾਰ ਨੈਸ਼ਨਲ ਫੈਡਰੇਸ਼ਨ ਦੇ ਜੁਆਇੰਟ ਸਕੱਤਰ ਨਿਯੁਕਤ
Publish Date: Sun, 26 Jul 2026 04:13 PM (IST)
Updated Date: Sun, 26 Jul 2026 04:17 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਕਹਿੰਦੇ ਨੇ ਕਿ ਸਬਰ ਤੇ ਸੰਤੋਖ ਦਾ ਪਿਆਲਾ ਹਮੇਸ਼ਾ ਮਿੱਠਾ ਹੁੰਦਾ ਹੈ। ਠੀਕ ਉਸੇ ਤਰ੍ਹਾਂ ਕੋਟ ਸ਼ਮੀਰ ਦੇ 63 ਸਾਲਾ ਨੰਬਰਦਾਰ ਬਲਵਿੰਦਰ ਸਿੰਘ ਦੀ 33 ਸਾਲ ਦੀ ਖੇਡਾਂ ਦੇ ਖੇਤਰ ਵਿਚ ਕੀਤੀ ਮਿਹਨਤ ਰੰਗ ਲਿਆਈ ਹੈ। ਮਿਤੀ 25 ਜੁਲਾਈ 2026 ਨੂੰ ਭਾਰਤ ਵਰਸ਼ ਵਿਚੋਂ 20 ਰਾਜਾਂ ਦੇ ਵੈਟਰਨ ਅਹੁਦੇਦਾਰਾਂ ਦੀ ਚੋਣ ਮੀਟਿੰਗ ਹਰਿਆਣਾ ਦੇ ਰੋਹਤਕ ਸ਼ਹਿਰ ਵਿਚ ਹੋਈ, ਜਿਸ ਵਿਚ ਨੰਬਰਦਾਰ ਦੀ ਖੇਡਾਂ ਪ੍ਰਤੀ ਮਿਹਨਤ ਅਤੇ ਮਾਰਚ 2026 ਵਿਚ ਗੁਰੂ ਕਾਂਸ਼ੀ ਯੂਨੀਵਰਸਿਟੀ ਵਿਚ ਕਰਵਾਈ ਨੈਸ਼ਨਲ ਵੈਟਰਨ ਅਥਲੈਟਿਕ ਮੀਟ ਦੀ ਸਫਲਤਾ ਨੂੰ ਵੇਖਦੇ ਹੋਏ ਸਰਬਸੰਮਤੀ ਨਾਲ ਨੰਬਰਦਾਰ ਦੇ ਸਿਰ ਤੇ ਨੈਸ਼ਨਲ ਜੁਆਇੰਟ ਸਕੱਤਰ ਦਾ ਤਾਜ ਰੱਖ ਕੇ ਉਹਨਾਂ ਦੀ ਜ਼ਿੰਮੇਵਾਰੀ ਵਿਚ ਹੋਰ ਵੀ ਵਾਧਾ ਕੀਤਾ। ਪੰਜਾਬ ਵਿਚੋਂ ਉਨ੍ਹਾਂ ਨਾਲ ਗਏ ਸਾਬਕਾ ਇੰਜੀਨੀਅਰ ਗੁਰਬੀਰ ਸਿੰਘ ਮੀਨ ਦੀਆਂ ਸੇਵਾਵਾਂ ਤੋਂ ਖੁਸ਼ ਹੋ ਕੇ ਉਨ੍ਹਾਂ ਦਾ ਵੀ ਵਿਸ਼ੇਸ਼ ਤੌਰ ’ਤੇ ਫੈਡਰੇਸ਼ਨ ਵੱਲੋਂ ਸਨਮਾਨ ਕਰਕੇ ਉਨ੍ਹਾਂ ਦੇ ਹੌਸਲੇ ਹੋਰ ਬੁਲੰਦ ਕੀਤੇ। ਹਰਿਆਣਾ ਦੇ ਉੱਘੇ ਦੌੜਾਕ ਗੁਲਾਬ ਸਿੰਘ ਦਲਾਲ ਨੂੰ ਪ੍ਰਧਾਨ ਅਤੇ ਤਾਮਿਲਨਾਡੂ ਤੋਂ ਰਾਮਾ ਮੂਰਤੀ ਨੂੰ ਜਨਰਲ ਸਕੱਤਰ ਦਾ ਅਹੁਦਾ ਦੇ ਕੇ ਫੈਡਰੇਸ਼ਨ ਵਿਚ ਰਹਿ ਕੇ ਹੋਰ ਮਜਬੂਤੀ ਨਾਲ ਕੰਮ ਕਰਨ ਦਾ ਪ੍ਰਣ ਕਰਾਇਆ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅੰਤਰਾਸ਼ਟਰੀ ਖਿਡਾਰੀ ਨੰਬਰਦਾਰ ਆਪਣੀ ਜਵਾਨੀ ਤੋਂ ਲੈ ਕੇ ਖੇਡਾਂ ਦੇ ਖੇਤਰ ਨਾਲ ਜੁੜਿਆ ਹੋਇਆ ਹੈ ਤੇ ਹੁਣ ਤੱਕ ਨੈਸ਼ਨਲ, ਏਸ਼ੀਅਨ ਅਤੇ ਵਰਲਡ ਗੇਮਾਂ ਵਿਚ ਭਾਗ ਲੈ ਕੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰ ਚੁੱਕਾ ਹੈ। ਦਿਲ ਹੋਣਾ ਚਾਹੀਦੈ ਜਵਾਨ ਉਮਰਾਂ ’ਚ ਕੀ ਰੱਖਿਆ ਗੀਤ ਦੇ ਬੋਲਾਂ ਅਨੁਸਾਰ ਨੰਬਰਦਾਰ ਆਪਣੇ ਸਾਥੀਆਂ ਮੋਹਣ ਲਾਲ ਬਾਂਸਲ ਬਠਿੰਡਾ ਆਦਿ ਨੂੰ ਨਾਲ ਲੈ ਕੇ ਮਿਲਖਾ ਸਿੰਘ ਵੈਟਰਨ ਅਥਲੈਟਿਕਸ ਕਲੱਬ ਬਣਾ ਕੇ ਹਰ ਸਾਲ ਸਟੇਟ ਮੀਟ ਕਰਵਾਉਂਦਾ ਹੈ ਤਾਂ ਕਿ ਬੱਚਿਆਂ ਅਤੇ ਬਜ਼ੁਰਗਾਂ ਦਾ ਧਿਆਨ ਵੱਧ ਤੋਂ ਵੱਧ ਖੇਡਾਂ ਦੇ ਖੇਤਰ ਵੱਲ ਹੋਵੇ। ਪੁੱਛਣ ’ਤੇ ਨੰਬਰਦਾਰ ਨੇ ਦੱਸਿਆ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਖੇਡ ਦੇ ਗਰਾਊਂਡ ਨਾਲ ਜੋੜ ਕੇ ਨੈਸ਼ਨਲ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪਾਰਟੀਸਿਪੇਟ ਕਰਾਉਣਗੇ ਅਤੇ ਅਗਲੇ ਸਾਲ ਜਪਾਨ ਵਿਚ ਹੋਣ ਵਾਲੀਆਂ ਵਰਲਡ ਗੇਮਾਂ ਵਿਚ ਭਾਗ ਲੈਣਗੇ। ਅਜਿਹੇ ਖਿਡਾਰੀ ਤੇ ਇਲਾਕੇ ਨੂੰ ਮਾਣ ਹੈ।