ਅਕਾਲ ਯੂਨੀਵਰਸਿਟੀ ਵਿਖੇ ਰਾਸ਼ਟਰੀ ਸਿੱਖਿਆ ਦਿਵਸ ਮਨਾਇਆ ਅਕਾਲ ਯੂਨੀਵਰਸਿਟੀ ਵਿਖੇ ਰਾਸ਼ਟਰੀ ਸਿੱਖਿਆ ਦਿਵਸ ਮਨਾਇਆ
Publish Date: Sat, 14 Nov 2026 04:14 PM (IST)
Updated Date: Sat, 14 Nov 2026 04:15 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਐਜੂਕੇਸ਼ਨ ਵਿਭਾਗ ਵੱਲੋਂ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਰਾਸ਼ਟਰੀ ਸਿੱਖਿਆ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਵਿਭਾਗ ਮੁਖੀ ਡਾ. ਰਸ਼ੀਮ ਵਾਧਵਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਸਮੇਤ 120 ਪ੍ਰਤੀਭਾਗੀਆਂ ਨੇ ਭਾਗ ਲਿਆ। ਸਮਾਗਮ ਦਾ ਮੁੱਖ ਉਦੇਸ਼ ਸਿੱਖਿਆ ਦੇ ਖੇਤਰ ਵਿੱਚ ਮੌਲਾਨਾ ਆਜ਼ਾਦ ਦੇ ਯੋਗਦਾਨ ਨੂੰ ਯਾਦ ਕਰਨ ਦੇ ਨਾਲ-ਨਾਲ ਸਮਾਜਿਕ ਅਤੇ ਵਿਅਕਤੀਗਤ ਵਿਕਾਸ ਵਿੱਚ ਸਿੱਖਿਆ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ ਵਿਦਿਆਰਥੀਆਂ ਦੀ ਰਚਨਾਤਮਕਤਾ, ਨਵੀਂ ਸੋਚ, ਟੀਮ ਵਰਕ ਅਤੇ ਸੰਚਾਰ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਸਕਿੱਟ, ਟੀਚਿੰਗ ਏਡ, ਰੀਲ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ‘ਅੰਕਾਂ ਤੋਂ ਪਰੇ: ਗਿਆਨ, ਜੀਵਨ ਹੁਨਰ ਅਤੇ ਨਿੱਜੀ ਰੁਚੀਆਂ ਦੀ ਮਹੱਤਤਾ’ ਵਿਸ਼ੇ ’ਤੇ ਪ੍ਰਭਾਵਸ਼ਾਲੀ ਸਕਿੱਟ ਪੇਸ਼ ਕੀਤੀ। ਟੀਚਿੰਗ ਏਡ ਮੁਕਾਬਲੇ ਵਿੱਚ ਪੰਜਵੇਂ ਸਮੈਸਟਰ ਦੇ ਵਿਦਿਆਰਥੀਆਂ ਨੇ ਆਧੁਨਿਕ ਅਧਿਆਪਨ ਸਮੱਗਰੀ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਰੀਲ ਮੁਕਾਬਲੇ ਵਿੱਚ ਸਿੱਖਿਆ ਨਾਲ ਸਬੰਧਤ ਸੁਨੇਹਿਆਂ ਵਾਲੀਆਂ 90 ਸਕਿੰਟਾਂ ਦੀਆਂ ਰੀਲਾਂ ਬਣਾਈਆਂ ਗਈਆਂ, ਜਦਕਿ ਕੁਇਜ਼ ਮੁਕਾਬਲੇ ਵਿੱਚ ਵਿਦਿਆਰਥੀਆਂ ਦੇ ਗਿਆਨ ਦੀ ਪਰਖ ਕੀਤੀ ਗਈ। ਟੀਚਿੰਗ ਏਡ ਮੁਕਾਬਲੇ ਵਿੱਚ ਗਰੁੱਪ ਪੰਜਵੇਂ ਨੇ ਪਹਿਲਾ, ਗਰੁੱਪ ਪਹਿਲੇ ਨੇ ਦੂਜਾ ਅਤੇ ਗਰੁੱਪ ਸੱਤਵੇਂ ਨੇ ਤੀਜਾ ਸਥਾਨ ਹਾਸਲ ਕੀਤਾ। ਰੀਲ ਮੁਕਾਬਲੇ ਵਿੱਚ ਰਮਨੀਕ ਕੌਰ ਪਹਿਲੇ, ਰਨਿੰਦਰ ਵੀਰ ਦੂਜੇ ਅਤੇ ਲਵਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੇ। ਕੁਇਜ਼ ਮੁਕਾਬਲੇ ਵਿੱਚ ਗਰੁੱਪ-ਸੀ (ਥਿੰਕ ਟੈਂਕ) ਜੇਤੂ ਰਿਹਾ, ਜਦਕਿ ਗਰੁੱਪ-ਏ ਅਤੇ ਗਰੁੱਪ-ਬੀ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰੋਗਰਾਮ ਦਾ ਸੰਚਾਲਨ ਕੋਆਰਡੀਨੇਟਰ ਡਾ. ਸਜਾਦ ਅਹਿਮਦ ਤੇਲੀ ਦੀ ਦੇਖ-ਰੇਖ ਹੇਠ ਹੋਇਆ। ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੈਡਲ, ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਰਸ਼ੀਮ ਵਾਧਵਾ ਨੇ ਸਮਾਗਮ ਦੀ ਸਫ਼ਲਤਾ ਲਈ ਸਾਰਿਆਂ ਦਾ ਧੰਨਵਾਦ ਕੀਤਾ।