ਘੱਟ ਜਗ੍ਹਾ ਤੇ ਘੱਟ ਖਰਚ ਨਾਲ ਖੁੰਬਾਂ ਦੀ ਕਾਸ਼ਤ ਤੋਂ ਹੋ ਸਕਦੈ ਵਧੇਰੇ ਮੁਨਾਫਾ ਘੱਟ ਜਗ੍ਹਾ ਤੇ ਘੱਟ ਖਰਚ ਨਾਲ ਖੁੰਬਾਂ ਦੀ ਕਾਸ਼ਤ ਤੋਂ ਹੋ ਸਕਦੈ ਵਧੇਰੇ ਮੁਨਾਫਾ
Publish Date: Thu, 08 Oct 2026 04:44 PM (IST)
Updated Date: Thu, 08 Oct 2026 04:44 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਰਵਾਇਤੀ ਖੇਤੀ ਤੋਂ ਇਲਾਵਾ ਆਮਦਨ ਦੇ ਨਵੇਂ ਸਾਧਨ ਤਲਾਸ਼ ਰਹੇ ਕਿਸਾਨਾਂ ਤੇ ਨੌਜਵਾਨਾਂ ਲਈ ਖੁੰਬਾਂ ਦੀ ਕਾਸ਼ਤ ਇਕ ਲਾਹੇਵੰਦ ਕਿੱਤਾ ਬਣ ਸਕਦੀ ਹੈ। ਘੱਟ ਜਗ੍ਹਾ, ਘੱਟ ਪੂੰਜੀ ਅਤੇ ਘੱਟ ਸਮੇਂ ਵਿਚ ਖੁੰਬਾਂ ਦਾ ਉਤਪਾਦਨ ਕਰਕੇ ਚੰਗੀ ਆਮਦਨ ਹਾਸਲ ਕੀਤੀ ਜਾ ਸਕਦੀ ਹੈ। ਇਸੇ ਉਦੇਸ਼ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵੱਲੋਂ ‘ਆਰੀਆ ਪ੍ਰੋਜੈਕਟ’ ਤਹਿਤ 28 ਸਤੰਬਰ ਤੋਂ 5 ਅਕਤੂਬਰ ਤਕ ਖੁੰਬਾਂ ਦੀ ਕਾਸ਼ਤ ਸਬੰਧੀ ਵਿਸ਼ੇਸ਼ ਸਿਖਲਾਈ ਕੋਰਸ ਕਰਵਾਇਆ ਗਿਆ। ਸਿਖਲਾਈ ਦੌਰਾਨ ਨੌਜਵਾਨਾਂ ਅਤੇ ਕਿਸਾਨਾਂ ਵਿਚ ਖੁੰਬਾਂ ਦੀ ਕਾਸ਼ਤ ਪ੍ਰਤੀ ਖਾਸ ਰੁਚੀ ਵੇਖਣ ਨੂੰ ਮਿਲੀ। ਸਿਖਲਾਈ ਦੀ ਸ਼ੁਰੂਆਤ ਕਰਦਿਆਂ ਕੇਵੀਕੇ ਬਠਿੰਡਾ ਦੇ ਡਿਪਟੀ ਡਾਇਰੈਕਟਰ ਡਾ. ਗੁਰਦੀਪ ਸਿੰਘ ਸਿੱਧੂ ਨੇ ਕਿਹਾ ਕਿ ਖੁੰਬਾਂ ਦੀ ਕਾਸ਼ਤ ਨੌਜਵਾਨਾਂ ਲਈ ਰਵਾਇਤੀ ਫਸਲਾਂ ਦੇ ਮੁਕਾਬਲੇ ਇਕ ਆਕਰਸ਼ਕ ਵਿਕਲਪ ਹੈ। ਇਸ ਰਾਹੀਂ ਸਾਲ ਭਰ ਆਮਦਨ ਹਾਸਲ ਕਰਨ ਦੀ ਸੰਭਾਵਨਾ ਰਹਿੰਦੀ ਹੈ। ਮਾਹਿਰ ਵਿਗਿਆਨੀ ਡਾ. ਤੇਜਪਾਲ ਸਿੰਘ ਸਰਾਂ, ਸਹਾਇਕ ਪ੍ਰੋਫੈਸਰ ਕੇਵੀਕੇ ਮਾਨਸਾ ਨੇ ਬਟਨ ਖੁੰਬ, ਪਰਾਲੀ ਵਾਲੀ ਖੁੰਬ, ਢੀਂਗਰੀ ਅਤੇ ਮਿਲਕੀ ਖੁੰਬ ਦੀ ਕਾਸ਼ਤ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ। ਕੇਵੀਕੇ ਸ੍ਰੀ ਮੁਕਤਸਰ ਸਾਹਿਬ ਦੇ ਡਾ. ਸੁਖਜਿੰਦਰ ਸਿੰਘ ਨੇ ਦੱਸਿਆ ਕਿ ਖੁੰਬ ਪ੍ਰੋਟੀਨ, ਵਿਟਾਮਿਨ ਤੇ ਖਣਿਜਾਂ ਨਾਲ ਭਰਪੂਰ ਪੌਸ਼ਟਿਕ ਭੋਜਨ ਹੈ ਅਤੇ ਇਸ ਦੀ ਮੰਗ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਲਗਾਤਾਰ ਵਧ ਰਹੀ ਹੈ। ਸਿਖਲਾਈ ਦੌਰਾਨ ਡਾ. ਗੁਰਮੀਤ ਸਿੰਘ ਢਿੱਲੋਂ ਨੇ ਖੁੰਬਾਂ ਦੀ ਪੈਕਿੰਗ ਅਤੇ ਮੰਡੀਕਰਨ ਸਬੰਧੀ ਜਾਣਕਾਰੀ ਦਿੱਤੀ, ਜਦਕਿ ਕੰਪੋਸਟ ਤਿਆਰ ਕਰਨ, ਖੁੰਬਾਂ ਦੇ ਬੈਗ ਭਰਨ, ਰੋਗ ਪ੍ਰਬੰਧਨ, ਤੁੜਾਈ, ਸਟੋਰੇਜ ਅਤੇ ਮਾਰਕੀਟਿੰਗ ਦੇ ਵਿਹਾਰਕ ਪੱਖਾਂ ਬਾਰੇ ਵੀ ਸਿਖਲਾਈ ਦਿੱਤੀ ਗਈ। ਪੀਏਯੂ ਦੀ ਡਾ. ਅਨੁਰੀਤ ਕੌਰ ਚਾਂਦੀ ਨੇ ਆਨਲਾਈਨ ਮਾਧਿਅਮ ਰਾਹੀਂ ਖੁੰਬਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ-ਮਕੌੜਿਆਂ ਦੀ ਪਛਾਣ ਤੇ ਰੋਕਥਾਮ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸੇ ਤਰ੍ਹਾਂ ਪੀਏਯੂ ਦੀ ਮਾਹਿਰ ਡਾ. ਐਨਾ ਗੋਇਲ ਨੇ ਢੀਂਗਰੀ ਖੁੰਬ ਦੀ ਸਫਲ ਕਾਸ਼ਤ, ਉਤਪਾਦਨ ਅਤੇ ਮੰਡੀਕਰਨ ਦੇ ਵੱਖ-ਵੱਖ ਪੱਖਾਂ ਬਾਰੇ ਸਿਖਿਆਰਥੀਆਂ ਨੂੰ ਜਾਣਕਾਰੀ ਦਿੱਤੀ। ਕੋਰਸ ਦੌਰਾਨ ਸਿਖਿਆਰਥੀਆਂ ਨੂੰ ਆਪਣੇ ਹੱਥੀਂ ਕੰਪੋਸਟ ਤਿਆਰ ਕਰਨ ਸਬੰਧੀ ਵਿਹਾਰਕ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਮਾਹਿਰਾਂ ਨੇ ਤਸੱਲੀਬਖਸ਼ ਜਵਾਬ ਦਿੱਤੇ।