ਮਿੱਡੂ ਮੱਲ ਸਟਰੀਟ ’ਚ ਨਗਰ ਨਿਗਮ ਦੀ ਕਾਰਵਾਈ, ਥੜੇ ਤੋੜਨੇ ਸ਼ੁਰੂ ਕਰਦਿਆਂ ਹੀ ਬਾਜ਼ਾਰ ਕੀਤਾ ਬੰਦ ਮਿੱਡੂ ਮੱਲ ਸਟਰੀਟ ’ਚ ਨਗਰ ਨਿਗਮ ਦੀ ਕਾਰਵਾਈ, ਥੜੇ ਤੋੜਨੇ ਸ਼ੁਰੂ ਕਰਦਿਆਂ ਹੀ ਬਾਜ਼ਾਰ ਕੀਤਾ ਬੰਦ
Publish Date: Tue, 22 Sep 2026 04:02 PM (IST)
Updated Date: Tue, 22 Sep 2026 04:06 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਮਿੱਡੂ ਮੱਲ ਸਟਰੀਟ ਵਿਚ ਦੁਕਾਨਾਂ ਦੇ ਅੱਗੇ ਬਣੇ ਥੜਿਆਂ ਅਤੇ ਹੋਰ ਕਬਜ਼ਿਆਂ ਖ਼ਿਲਾਫ਼ ਨਗਰ ਨਿਗਮ ਵੱਲੋਂ ਕਾਰਵਾਈ ਸ਼ੁਰੂ ਕੀਤੇ ਜਾਣ ਤੋਂ ਬਾਅਦ ਦੁਕਾਨਦਾਰਾਂ ਵਿੱਚ ਹੜਕੰਪ ਮੱਚ ਗਿਆ। ਨਗਰ ਨਿਗਮ ਦੀ ਟੀਮ ਵੱਲੋਂ ਦੁਕਾਨਾਂ ਦੇ ਬਾਹਰ ਬਣੇ ਥੜੇ ਤੋੜਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਦੁਕਾਨਦਾਰਾਂ ਨੇ ਇਸ ਦਾ ਵਿਰੋਧ ਕਰਦਿਆਂ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ। ਦੁਕਾਨਦਾਰਾਂ ਨੇ ਨਗਰ ਨਿਗਮ ਦੀ ਕਾਰਵਾਈ ਨੂੰ ਲੈ ਕੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਦੇ ਕਾਰੋਬਾਰ ਤੇ ਸਿੱਧਾ ਅਸਰ ਪਵੇਗਾ। ਨਗਰ ਨਿਗਮ ਦੀ ਟੀਮ ਦੇ ਆਉਣ ਦੀ ਸੂਚਨਾ ਮਿਲਦਿਆਂ ਹੀ ਮਿੱਡੂ ਮੱਲ ਸਟਰੀਟ ਦੇ ਦੁਕਾਨਦਾਰਾਂ ਨੇ ਦੁਕਾਨਾਂ ਦੇ ਬਾਹਰ ਰੱਖਿਆ ਆਪਣਾ ਸਮਾਨ ਸਮੇਟਣਾ ਸ਼ੁਰੂ ਕਰ ਦਿੱਤਾ। ਕਈ ਦੁਕਾਨਦਾਰਾਂ ਵੱਲੋਂ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਕੀਤਾ ਗਿਆ। ਇਸ ਦੌਰਾਨ ਨਗਰ ਨਿਗਮ ਦੀ ਟੀਮ ਨੇ ਦੁਕਾਨਾਂ ਅੱਗੇ ਬਣੇ ਥੜਿਆਂ ਨੂੰ ਤੋੜਨ ਦੀ ਕਾਰਵਾਈ ਸ਼ੁਰੂ ਕੀਤੀ, ਜਿਸ ਕਾਰਨ ਦੁਕਾਨਦਾਰਾਂ ਵਿੱਚ ਰੋਸ ਵਧ ਗਿਆ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਮਿੱਡੂ ਮੱਲ ਸਟਰੀਟ ਵਿੱਚ ਕਈ ਦੁਕਾਨਾਂ ਦਾ ਫਰਸ਼ ਸੜਕ ਦੇ ਪੱਧਰ ਨਾਲੋਂ ਕਾਫ਼ੀ ਉੱਚਾ ਹੈ। ਅਜਿਹੀ ਸਥਿਤੀ ਵਿੱਚ ਦੁਕਾਨਾਂ ਦੇ ਸਾਹਮਣੇ ਬਣੇ ਥੜੇ ਹੀ ਗਾਹਕਾਂ ਨੂੰ ਦੁਕਾਨਾਂ ਵਿੱਚ ਦਾਖ਼ਲ ਹੋਣ ਲਈ ਸਹੂਲਤ ਦਿੰਦੇ ਹਨ। ਜੇਕਰ ਨਗਰ ਨਿਗਮ ਵੱਲੋਂ ਇਹ ਥੜੇ ਤੋੜ ਦਿੱਤੇ ਜਾਂਦੇ ਹਨ ਤਾਂ ਗਾਹਕਾਂ ਲਈ ਦੁਕਾਨਾਂ ਵਿੱਚ ਦਾਖ਼ਲ ਹੋਣਾ ਮੁਸ਼ਕਲ ਹੋ ਜਾਵੇਗਾ ਅਤੇ ਇਸ ਦਾ ਸਿੱਧਾ ਪ੍ਰਭਾਵ ਉਨ੍ਹਾਂ ਦੇ ਕਾਰੋਬਾਰ ਤੇ ਪਵੇਗਾ। ਦੁਕਾਨਦਾਰਾਂ ਨੇ ਸਵਾਲ ਉਠਾਇਆ ਕਿ ਜੇਕਰ ਉਨ੍ਹਾਂ ਦੀਆਂ ਦੁਕਾਨਾਂ ਦੇ ਨਕਸ਼ੇ ਨਗਰ ਨਿਗਮ ਵੱਲੋਂ ਪਾਸ ਕੀਤੇ ਗਏ ਹਨ ਤਾਂ ਹੁਣ ਇਨ੍ਹਾਂ ਦੇ ਸਾਹਮਣੇ ਬਣੇ ਥੜਿਆਂ ਨੂੰ ਤੋੜਨ ਦੀ ਕਾਰਵਾਈ ਕਿਉਂ ਕੀਤੀ ਜਾ ਰਹੀ ਹੈ। ਨਗਰ ਨਿਗਮ ਦੀ ਕਾਰਵਾਈ ਅਤੇ ਦੁਕਾਨਦਾਰਾਂ ਦੇ ਵਿਰੋਧ ਕਾਰਨ ਮਿੱਡੂ ਮੱਲ ਸਟਰੀਟ ਵਿੱਚ ਕੁਝ ਸਮੇਂ ਲਈ ਮਾਹੌਲ ਤਣਾਅਪੂਰਨ ਬਣਿਆ ਰਿਹਾ। ਦੁਕਾਨਦਾਰਾਂ ਵੱਲੋਂ ਬਾਜ਼ਾਰ ਬੰਦ ਕਰਕੇ ਆਪਣਾ ਰੋਸ ਜ਼ਾਹਰ ਕੀਤਾ ਗਿਆ, ਜਦਕਿ ਨਗਰ ਨਿਗਮ ਨੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਜਾਰੀ ਰੱਖਣ ਦੀ ਗੱਲ ਆਖੀ ਹੈ। ਵਪਾਰ ਮੰਡਲ ਦੇ ਆਗੂ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਥੜੇ ਢਾਹੁਣ ਨਾਲ ਦੁਕਾਨਦਾਰਾਂ ਦਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਅਸਲ ਵਿਚ ਬਾਹਰ ਲੱਗਣ ਵਾਲੇ ਅੱਡਿਆਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਬਾਕਸ ਨਗਰ ਨਿਗਮ ਨੇ ਕਿਹਾ-ਨਾਜਾਇਜ਼ ਕਬਜ਼ਾ ਬਰਦਾਸ਼ਤ ਨਹੀਂ ਨਗਰ ਨਿਗਮ ਦੇ ਅਧਿਕਾਰੀ ਸੁਰਿੰਦਰ ਬਿੰਦਰਾ ਨੇ ਕਿਹਾ ਕਿ ਸ਼ਹਿਰ ਵਿੱਚ ਕਿਸੇ ਵੀ ਵਿਅਕਤੀ ਨੂੰ ਨਾਜਾਇਜ਼ ਕਬਜ਼ਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਨਿਯਮਾਂ ਅਨੁਸਾਰ ਹੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਮਿੱਡੂ ਮੱਲ ਸਟਰੀਟ ਦੇ ਦੁਕਾਨਦਾਰਾਂ ਨੂੰ ਕੱਲ੍ਹ ਤੱਕ ਦਾ ਸਮਾਂ ਦਿੰਦਿਆਂ ਆਪਣਾ ਬਾਹਰ ਰੱਖਿਆ ਸਮਾਨ ਦੁਕਾਨਾਂ ਦੇ ਅੰਦਰ ਕਰਨ ਅਤੇ ਥੜੇ ਹਟਾਉਣ ਲਈ ਕਿਹਾ। ਉਨ੍ਹਾਂ ਸਪੱਸ਼ਟ ਕੀਤਾ ਕਿ ਦਿੱਤੇ ਸਮੇਂ ਤੋਂ ਬਾਅਦ ਨਗਰ ਨਿਗਮ ਦੀ ਟੀਮ ਵੱਲੋਂ ਮੁੜ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਨਗਰ ਨਿਗਮ ਦੀ ਟੀਮ ਵੱਲੋਂ ਦੁਕਾਨਾਂ ਦੇ ਬਾਹਰ ਬਣੇ ਥੜਿਆਂ ਨੂੰ ਤੋੜਨ ਦੀ ਕਾਰਵਾਈ ਮੁੜ ਕੀਤੀ ਜਾਵੇਗੀ। ਨਗਰ ਨਿਗਮ ਅਧਿਕਾਰੀ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਸਮੇਂ ਅੰਦਰ ਆਪਣਾ ਸਮਾਨ ਅੰਦਰ ਕਰ ਲੈਣ ਅਤੇ ਨਾਜਾਇਜ਼ ਕਬਜ਼ੇ ਖ਼ੁਦ ਹਟਾ ਲੈਣ, ਤਾਂ ਜੋ ਅਗਲੀ ਕਾਰਵਾਈ ਦੌਰਾਨ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਬਾਕਸ ਸਰਕਾਰ ਤੇ ਨਿਗਮ ਦੁਕਾਨਦਾਰਾਂ ਤੇ ਲੋਕਾਂ ਨਾਲ ਮੌਕੇ ’ਤੇ ਪੁੱਜੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਆਪ ਆਗੂ ਅਮਰਜੀਤ ਮਹਿਤਾ ਦਾ ਕਹਿਣਾ ਸੀ ਕਿ ਬਹੁਤ ਸਾਰੇ ਦੁਕਾਨਦਾਰਾਂ ਅਤੇ ਲੋਕਾਂ ਨੇ ਮੰਗ ਕੀਤੀ ਸੀ ਕਿ ਗਲੀ ਨੂੰ ਚੌੜਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਗਲੀ ਦਾ ਰਸਤਾ ਕਾਫੀ ਤੰਗ ਹੋ ਗਿਆ ਸੀ ਜਿਸ ਕਾਰਨ ਹੀ ਦੁਕਾਨਦਾਰਾਂ ਤੇ ਆਮ ਲੋਕਾਂ ਦੇ ਕਹਿਣ ਤੇ ਥੜੇ ਤੋੜਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਅਜਿਹੀ ਕੋਈ ਕਾਰਵਾਈ ਨਹੀਂ ਕਰੇਗਾ ਜਿਸ ਨਾਲ ਦੁਕਾਨਦਾਰਾਂ ਦਾ ਨੁਕਸਾਨ ਹੋਵੇ। ਉਨ੍ਹਾਂ ਕਿਹਾ ਕਿ ਫਿਲਹਾਲ ਦੁਕਾਨਦਾਰਾਂ ਦੀ ਮੰਗ ਅਨੁਸਾਰ ਇੱਕ ਵਾਰ ਥੜੇ ਤੋੜਨ ਦੀ ਕਾਰਵਾਈ ਰੋਕੀ ਗਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਗਰ ਨਿਗਮ ਦੁਕਾਨਦਾਰਾਂ ਤੇ ਲੋਕਾਂ ਨਾਲ ਹੈ।