ਪੰਜਾਬੀ ਸੱਭਿਆਚਾਰ ਦੇ ਰੰਗਾਂ ਦਾ ਸੁਮੇਲ ਐੱਮਆਰਐੱਸ ਪੀਟੀਯੂ ਦਾ ਯੁਵਕ ਮੇਲਾ ਸ਼ਾਨੋ-ਸ਼ੌਕਤ ਨਾਲ ਸ਼ੁਰੂ ਪੰਜਾਬੀ ਸੱਭਿਆਚਾਰ ਦੇ ਰੰਗਾਂ ਦਾ ਸੁਮੇਲ ਐਮਆਰਐਸ ਪੀਟੀਯੂ ਦਾ ਯੁਵਕ ਮੇਲਾ ਸ਼ਾਨੋ-ਸ਼ੌਕਤ ਨਾਲ ਸ਼ੁਰੂ
Publish Date: Wed, 11 Nov 2026 06:13 PM (IST)
Updated Date: Wed, 11 Nov 2026 06:15 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮਆਰਐਸਪੀਟੀਯੂ), ਬਠਿੰਡਾ ਦੇ ਤਿੰਨ ਰੋਜ਼ਾ 11ਵੇਂ ਅੰਤਰ-ਜ਼ੋਨਲ ਯੁਵਕ ਮੇਲੇ ਦਾ ਅੱਜ ਇਥੇ ਮੁੱਖ ਕੈਂਪਸ ਵਿਖੇ ਸ਼ਾਨਦਾਰ ਆਗਾਜ਼ ਹੋਇਆ। ਪੰਜਾਬੀ ਸੱਭਿਆਚਾਰ ਦੇ ਰੰਗਾਂ ਦਾ ਸੁਮੇਲ, ਪੰਜਾਬ ਦੀ ਅਮੀਰ ਵਿਰਾਸਤ, ਨੌਜਵਾਨਾਂ ਦੀ ਸਿਰਜਣਾਤਮਕਤਾ ਤੇ ਕਲਾਤਮਕ ਪ੍ਰਤਿਭਾ ਦਾ ਸੁਮੇਲ ਉਦਘਾਟਨੀ ਸਮਾਗਮ ਦਰਸ਼ਕਾਂ ਲਈ ਮੁੱਖ ਆਕਰਸ਼ਣ ਰਿਹਾ। ‘ਜੁਗ ਜੁਗ ਜੀਵੇ ਪੰਜਾਬ’ ਦੇ ਥੀਮ ਹੇਠ ਕਰਵਾਏ ਜਾ ਰਹੇ ਇਸ ਮੇਲੇ ਵਿਚ ਯੂਨੀਵਰਸਿਟੀ ਦੇ ਅਧੀਨ ਤੇ ਕਾਂਸਟੀਚੂਐਂਟ ਕਾਲਜਾਂ ਦੇ 1,200 ਤੋਂ ਵੱਧ ਵਿਦਿਆਰਥੀ ਭਾਗ ਲੈ ਰਹੇ ਹਨ। ਮੇਲੇ ਦੇ ਮੁੱਖ ਮਹਿਮਾਨ ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਹੋਰ ਪਤਵੰਤਿਆਂ ਦੀ ਹਾਜ਼ਰੀ ਵਿਚ ਸ਼ਮ੍ਹਾ ਰੌਸ਼ਨ ਕਰਕੇ ਇਸ ਵਿਸ਼ਾਲ ਸੱਭਿਆਚਾਰਕ ਸਮਾਗਮ ਦਾ ਉਦਘਾਟਨ ਕੀਤਾ। ਉਨ੍ਹਾਂ ਆਪਣੇ ਪ੍ਰੇਰਨਾਦਾਇਕ ਸੰਬੋਧਨ ਰਾਹੀਂ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣ, ਸਖ਼ਤ ਮਿਹਨਤ ਕਰਨ ਤੇ ਜੀਵਨ ’ਚ ਉੱਚੀਆਂ ਮੰਜ਼ਿਲਾਂ ਸਰ ਕਰਨ ਲਈ ਪ੍ਰੇਰਿਤ ਕੀਤਾ। ਉੱਘੇ ਪੰਜਾਬੀ ਅਦਾਕਾਰ ਮਲਕੀਤ ਰੌਣੀ, ਆਗਾਮੀ ਪੰਜਾਬੀ ਫ਼ਿਲਮ ‘ਹਰ ਮੈਦਾਨ ਫ਼ਤਹਿ’ ਦੇ ਮੁੱਖ ਅਦਾਕਾਰ ਬਿਨੈ ਜੌੜਾ ਅਤੇ ਫ਼ਿਲਮ ਦੀ ਹੋਰ ਸਟਾਰ ਕਾਸਟ ਸਮੇਤ ਉਦਘਾਟਨੀ ਸਮਾਰੋਹ ਵਿਚ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਵਿਦਿਆਰਥੀਆਂ ਨਾਲ ਰੂਬਰੂ ਹੁੰਦਿਆਂ ਮਲਕੀਤ ਰੌਣੀ ਨੇ ਉਨ੍ਹਾਂ ਨੂੰ ਜੀਵਨ ਵਿੱਚ ਸਪੱਸ਼ਟ ਟੀਚੇ ਮਿੱਥਣ, ਆਪਣੀ ਕਾਬਲੀਅਤ ’ਤੇ ਭਰੋਸਾ ਰੱਖਣ ਅਤੇ ਦ੍ਰਿੜ੍ਹ ਇਰਾਦੇ ਨਾਲ ਆਪਣੇ ਸੁਪਨਿਆਂ ਦੀ ਪੂਰਤੀ ਲਈ ਯਤਨਸ਼ੀਲ ਰਹਿਣ ਦਾ ਸੱਦਾ ਦਿੱਤਾ। ਫ਼ਿਲਮ ਜਗਤ ਵਿੱਚ ਆਪਣੇ ਲੰਮੇ ਤਜਰਬੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਫ਼ਲਤਾ ਹਾਸਲ ਕਰਨ ਲਈ ਸਬਰ, ਅਨੁਸ਼ਾਸਨ, ਨਿਰੰਤਰ ਮਿਹਨਤ ਅਤੇ ਅਸਫ਼ਲਤਾਵਾਂ ਦਾ ਸਾਹਮਣਾ ਕਰਨ ਦਾ ਹੌਸਲਾ ਹੋਣਾ ਜ਼ਰੂਰੀ ਹੈ। ਉਨ੍ਹਾਂ ਨੌਜਵਾਨਾਂ ਨੂੰ ਚੁਣੌਤੀਆਂ ਨੂੰ ਰੁਕਾਵਟਾਂ ਦੀ ਬਜਾਏ ਸਿੱਖਣ ਅਤੇ ਹੋਰ ਮਜ਼ਬੂਤ ਬਣਨ ਦੇ ਮੌਕਿਆਂ ਵਜੋਂ ਦੇਖਣ ਲਈ ਪ੍ਰੇਰਿਤ ਕੀਤਾ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੰਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਐਮਆਰਐਸਪੀਟੀਯੂ ਵਿਦਿਆਰਥੀਆਂ ਦੀ ਅਕਾਦਮਿਕ ਅਤੇ ਕਿੱਤਾਮੁਖੀ ਉੱਤਮਤਾ ਦੇ ਨਾਲ-ਨਾਲ ਉਨ੍ਹਾਂ ਦੀ ਸਿਰਜਣਾਤਮਕ ਪ੍ਰਤਿਭਾ ਨੂੰ ਨਿਖਾਰਨ ਲਈ ਵੀ ਵਚਨਬੱਧ ਹੈ। ਵਾਈਸ ਚਾਂਸਲਰ ਦੀ ਰਹਿਨੁਮਾਈ ਹੇਠ ਯੂਨੀਵਰਸਿਟੀ ਦਾ ਵਿਦਿਆਰਥੀ ਭਲਾਈ ਵਿਭਾਗ ਇਸ ਮੇਲੇ ਦਾ ਆਯੋਜਨ ਕਰ ਰਿਹਾ ਹੈ। ਮੇਲੇ ਦੌਰਾਨ ਭੰਗੜਾ, ਗਿੱਧਾ, ਸ਼ਾਸਤਰੀ ਅਤੇ ਪੱਛਮੀ ਸੰਗੀਤ, ਗਾਇਨ, ਸਾਜ਼ ਵਾਦਨ, ਕਵਿਤਾ ਉਚਾਰਨ, ਬਹਿਸ, ਭਾਸ਼ਣ, ਲਲਿਤ ਕਲਾਵਾਂ, ਚਿੱਤਰਕਲਾ, ਪੋਸਟਰ ਮੇਕਿੰਗ, ਕੋਲਾਜ ਅਤੇ ਰੰਗਮੰਚ ਸਮੇਤ ਵੱਖ-ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ। ਡਾ. ਇਕਬਾਲ ਸਿੰਘ ਬਰਾੜ, ਡਾਇਰੈਕਟਰ ਵਿਦਿਆਰਥੀ ਭਲਾਈ ਅਤੇ ਉਨ੍ਹਾਂ ਦੀ ਸਮਰਪਿਤ ਟੀਮ ਮੇਲੇ ਦੀ ਯੋਜਨਾਬੰਦੀ, ਤਾਲਮੇਲ ਅਤੇ ਸੁਚੱਜੇ ਪ੍ਰਬੰਧਾਂ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਮੌਕੇ ਰਜਿਸਟਰਾਰ ਪ੍ਰੋ. ਪਰਮਜੀਤ ਸਿੰਘ, ਵੱਖ-ਵੱਖ ਡੀਨ, ਡਾਇਰੈਕਟਰ ਅਤੇ ਯੂਨੀਵਰਸਿਟੀ ਦੇ ਹੋਰ ਅਧਿਕਾਰੀ ਮੌਜੂਦ ਸਨ। ਵੱਖ-ਵੱਖ ਖੇਤਰਾਂ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਮੇਲੇ ਵਿੱਚ ਨਿਗਰਾਨ ਅਤੇ ਜੱਜ ਵਜੋਂ ਸ਼ਿਰਕਤ ਕੀਤੀ। ਉਦਘਾਟਨੀ ਸਮਾਰੋਹ ਦਾ ਮੰਚ ਸੰਚਾਲਨਾ ਪ੍ਰੋ. ਸੁਨੀਤਾ ਕੋਤਵਾਲ ਨੇ ਬਾਖੂਬੀ ਨਿਭਾਈ। ਇਹ ਯੁਵਕ ਮੇਲਾ 13 ਨਵੰਬਰ ਨੂੰ ਸਮਾਪਤੀ ਸਮਾਰੋਹ ਅਤੇ ਜੇਤੂ ਵਿਦਿਆਰਥੀਆਂ ਦੇ ਸਨਮਾਨ ਨਾਲ ਸੰਪੰਨ ਹੋਵੇਗਾ। ਮਲਕੀਤ ਰੌਣੀ ਅਤੇ ਫ਼ਿਲਮ ਦੀ ਸਟਾਰ ਕਾਸਟ ਨੇ ਵਿਦਿਆਰਥੀਆਂ ਨਾਲ ਕੀਤੀ ਰੂਬਰੂ ਮੁਲਾਕਾਤ ਐਮਆਰਐਸਪੀਟੀਯੂ ਦੇ ਯੁਵਕ ਮੇਲੇ ਵਿੱਚ ਸਿਨੇਮਾਈ ਰੰਗ ਭਰਦਿਆਂ ਉੱਘੇ ਅਦਾਕਾਰ ਮਲਕੀਤ ਰੌਣੀ, ਮੁੱਖ ਅਦਾਕਾਰ ਬਿਨੈ ਜੌੜਾ ਅਤੇ ਆਗਾਮੀ ਪੰਜਾਬੀ ਫ਼ਿਲਮ ‘ਹਰ ਮੈਦਾਨ ਫ਼ਤਹਿ’ ਦੀ ਹੋਰ ਸਟਾਰ ਕਾਸਟ ਨੇ ਵਿਦਿਆਰਥੀਆਂ ਨਾਲ ਰੂਬਰੂ ਮੁਲਾਕਾਤ ਕੀਤੀ ਅਤੇ ਫ਼ਿਲਮ ਦੀ ਪ੍ਰੇਰਨਾਦਾਇਕ ਕਹਾਣੀ ਬਾਰੇ ਜਾਣਕਾਰੀ ਸਾਂਝੀ ਕੀਤੀ। ਇਹ ਫ਼ਿਲਮ 13 ਨਵੰਬਰ, 2026 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਮਲਕੀਤ ਰੌਣੀ ਨੇ ਦੱਸਿਆ ਕਿ ਫ਼ਿਲਮ ਦੀ ਕਹਾਣੀ ਪੰਜ ਨੌਜਵਾਨਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਨ੍ਹਾਂ ਦੀ ਸ਼ਖ਼ਸੀਅਤ ਅਤੇ ਇੱਛਾਵਾਂ ਇੱਕ-ਦੂਜੇ ਤੋਂ ਵੱਖਰੀਆਂ ਹਨ। ਇੱਕ ਰਿਐਲਿਟੀ ਸ਼ੋਅ ਰਾਹੀਂ ਮਿਲਣ ਤੋਂ ਬਾਅਦ ਉਹ ਇਕੱਠੇ ਹੋ ਕੇ ਆਪਣਾ ਸਟਾਰਟਅੱਪ ਸ਼ੁਰੂ ਕਰਨ ਦਾ ਫ਼ੈਸਲਾ ਕਰਦੇ ਹਨ। ਪਰ ਉਨ੍ਹਾਂ ਦੇ ਵੱਖੋ-ਵੱਖਰੇ ਵਿਚਾਰ, ਹਉਮੈ ਅਤੇ ਕੰਮ ਕਰਨ ਦੇ ਤਰੀਕੇ ਆਪਸੀ ਤਾਲਮੇਲ ਅਤੇ ਟੀਮ ਭਾਵਨਾ ਲਈ ਚੁਣੌਤੀ ਬਣਦੇ ਹਨ। ਇਸ ਦੌਰਾਨ ਉਨ੍ਹਾਂ ਦੀ ਟੀਮ ਵਿੱਚ ਇੱਕ ਤਜਰਬੇਕਾਰ ਬਜ਼ੁਰਗ ਵਿਅਕਤੀ ਦੀ ਸ਼ਮੂਲੀਅਤ ਨਵੀਂ ਸੂਝ ਅਤੇ ਤਜਰਬੇ ਦਾ ਸੰਚਾਰ ਕਰਦੀ ਹੈ। ਇਹ ਪਾਤਰ ਨੌਜਵਾਨਾਂ ਲਈ ਸਹੀ ਰਹਿਨੁਮਾਈ ਅਤੇ ਵੱਖ-ਵੱਖ ਪੀੜ੍ਹੀਆਂ ਦੇ ਆਪਸੀ ਤਾਲਮੇਲ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ। ਫ਼ਿਲਮ ਦੀ ਸਟਾਰ ਕਾਸਟ ਨਾਲ ਹੋਈ ਇਸ ਰੂਬਰੂ ਮੁਲਾਕਾਤ ਨੇ ਯੁਵਕ ਮੇਲੇ ਦੇ ਜਸ਼ਨਾਂ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ।