3 ਸਿੱਖ ਰੈਜੀਮੈਂਟ ਦੇ ਜਵਾਨ ਲਵਪ੍ਰੀਤ ਸਿੰਘ ਦੀ ਮੌਤ ਨਾਲ ਬੰਗੀ ਰੁਲਦੂ ’ਚ ਛਾਇਆ ਮਾਤਮ 3 ਸਿੱਖ ਰੈਜੀਮੈਂਟ ਦੇ ਜਵਾਨ ਲਵਪ੍ਰੀਤ ਸਿੰਘ ਦੀ ਮੌਤ ਨਾਲ ਬੰਗੀ ਰੁਲਦੂ ’ਚ ਛਾਇਆ ਮਾਤਮ
Publish Date: Tue, 08 Sep 2026 05:59 PM (IST)
Updated Date: Tue, 08 Sep 2026 06:01 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਾ ਮੰਡੀ, ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਬੰਗੀ ਰੁਲਦੂ ਦੇ ਨੌਜਵਾਨ ਫੌਜੀ ਜਵਾਨ ਦੀ ਅਚਾਨਕ ਮੌਤ ਦੀ ਖ਼ਬਰ ਨਾਲ ਪੂਰੇ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ (26-27 ਸਾਲ) ਵਜੋਂ ਹੋਈ ਹੈ, ਜੋ ਭਾਰਤੀ ਫੌਜ ਦੀ 3 ਸਿੱਖ ਰੈਜੀਮੈਂਟ ਵਿਚ ਜਵਾਨ ਵਜੋਂ ਸੇਵਾ ਨਿਭਾਅ ਰਿਹਾ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਲਵਪ੍ਰੀਤ ਸਿੰਘ ਕਰੀਬ ਸਾਢੇ ਛੇ ਤੋਂ ਸੱਤ ਸਾਲ ਪਹਿਲਾਂ ਫੌਜ ਵਿਚ ਭਰਤੀ ਹੋਇਆ ਸੀ ਅਤੇ ਦੇਸ਼ ਦੀ ਸੇਵਾ ਕਰ ਰਿਹਾ ਸੀ। ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਬੀਤੇ ਦਿਨੀਂ ਰੇਲਗੱਡੀ ਰਾਹੀਂ ਇਕ ਥਾਂ ਤੋਂ ਦੂਜੀ ਥਾਂ ਜਾ ਰਿਹਾ ਸੀ। ਇਸ ਦੌਰਾਨ ਰਸਤੇ ਵਿਚ ਉਹ ਰੇਲਗੱਡੀ ਤੋਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਦੇ ਪੂਰੇ ਕਾਰਨਾਂ ਸਬੰਧੀ ਅਧਿਕਾਰਤ ਜਾਣਕਾਰੀ ਹਾਲੇ ਸਾਹਮਣੇ ਆਉਣੀ ਬਾਕੀ ਹੈ। ਦੇਸ਼ ਦੀ ਸੇਵਾ ਕਰ ਰਹੇ ਨੌਜਵਾਨ ਦੀ ਇਸ ਤਰ੍ਹਾਂ ਅਚਾਨਕ ਹੋਈ ਮੌਤ ਨੇ ਪਰਿਵਾਰ ਦੇ ਨਾਲ-ਨਾਲ ਪੂਰੇ ਪਿੰਡ ਨੂੰ ਝੰਜੋੜ ਕੇ ਰੱਖ ਦਿੱਤਾ। ਲਵਪ੍ਰੀਤ ਸਿੰਘ ਦਾ ਅੱਜ ਪਿੰਡ ਬੰਗੀ ਰੁਲਦੂ ਵਿਖੇ ਫੌਜ ਵੱਲੋਂ ਨਿਭਾਈਆਂ ਗਈਆਂ ਸਰਕਾਰੀ ਅਤੇ ਫੌਜੀ ਰਸਮਾਂ ਤਹਿਤ ਪੂਰੇ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਫੌਜੀ ਜਵਾਨਾਂ ਵੱਲੋਂ ਆਪਣੇ ਸਾਥੀ ਜਵਾਨ ਨੂੰ ਅੰਤਿਮ ਵਿਦਾਈ ਦਿੱਤੀ ਗਈ। ਅੰਤਿਮ ਸਸਕਾਰ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ, ਰਿਸ਼ਤੇਦਾਰ ਅਤੇ ਇਲਾਕੇ ਦੇ ਲੋਕ ਮੌਜੂਦ ਰਹੇ। ਨੌਜਵਾਨ ਪੁੱਤਰ ਦੀ ਮੌਤ ਕਾਰਨ ਪਰਿਵਾਰ ਦਾ ਵਿਰਲਾਪ ਦੇਖ ਕੇ ਮੌਕੇ ’ਤੇ ਮੌਜੂਦ ਹਰ ਅੱਖ ਨਮ ਹੋ ਗਈ। ਲਵਪ੍ਰੀਤ ਸਿੰਘ ਆਪਣੇ ਪਿੱਛੇ ਮਾਤਾ-ਪਿਤਾ, ਇਕ ਭੈਣ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਛੱਡ ਗਿਆ। ਉਸ ਦੀ ਭੈਣ, ਜੋ ਕੈਨੇਡਾ ਵਿਚ ਰਹਿੰਦੀ ਹੈ, ਵੀ ਭਰਾ ਦੀ ਮੌਤ ਦੀ ਖ਼ਬਰ ਸੁਣ ਕੇ ਵਾਪਸ ਪਹੁੰਚੀ ਅਤੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਈ। ਪਰਿਵਾਰਕ ਮੈਂਬਰਾਂ ਅਨੁਸਾਰ ਲਵਪ੍ਰੀਤ ਸਿੰਘ ਦਾ ਪਰਿਵਾਰ ਬਹੁਤ ਹੀ ਸਾਦਾ ਅਤੇ ਮਿਹਨਤੀ ਸੀ ਅਤੇ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ। ਮ੍ਰਿਤਕ ਜਵਾਨ ਦੇ ਪਿਤਾ ਭਾਈ ਜਸਵਿੰਦਰ ਸਿੰਘ ਖੁਦ ਵੀ ਫੌਜ ਵਿਚ ਸੇਵਾ ਨਿਭਾਅ ਚੁੱਕੇ ਹਨ ਅਤੇ ਇਸ ਸਮੇਂ ਪਿੰਡ ਦੇ ਸਰਕਾਰੀ ਸਕੂਲ ਵਿਚ ਸੁਰੱਖਿਆ ਗਾਰਡ ਵਜੋਂ ਡਿਊਟੀ ਕਰ ਰਹੇ ਹਨ। ਪਰਿਵਾਰ ਵੱਲੋਂ ਮੁਸ਼ਕਲ ਹਾਲਾਤਾਂ ਵਿਚ ਆਪਣੇ ਪੁੱਤਰ ਨੂੰ ਪਾਲਿਆ ਗਿਆ ਅਤੇ ਲਵਪ੍ਰੀਤ ਸਿੰਘ ਨੇ ਫੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਮਾਣ ਹਾਸਲ ਕੀਤਾ। ਗੁਰਦੁਆਰਾ ਸਾਹਿਬ, ਪਿੰਡ ਬੰਗੀ ਰੁਲਦੂ ਦੇ ਸੇਵਾਦਾਰ ਮਹਿੰਦਰ ਸਿੰਘ ਨੇ ਕਿਹਾ ਕਿ ਲਵਪ੍ਰੀਤ ਸਿੰਘ ਦੀ ਬੇਵਕਤੀ ਮੌਤ ਪੂਰੇ ਪਿੰਡ ਅਤੇ ਇਲਾਕੇ ਲਈ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਕਿਹਾ ਕਿ 26-27 ਸਾਲ ਦੀ ਛੋਟੀ ਉਮਰ ਵਿਚ ਦੇਸ਼ ਦੀ ਸੇਵਾ ਕਰ ਰਹੇ ਨੌਜਵਾਨ ਦਾ ਇਸ ਤਰ੍ਹਾਂ ਅਚਾਨਕ ਦੁਨੀਆ ਤੋਂ ਚਲੇ ਜਾਣਾ ਬੇਹੱਦ ਦੁਖਦਾਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਦੇਖਦਿਆਂ ਉਸ ਨੂੰ ਬਣਦੀ ਸਰਕਾਰੀ ਸਹਾਇਤਾ ਅਤੇ ਮਾਣ-ਸਨਮਾਨ ਦਿੱਤਾ ਜਾਵੇ। ਮ੍ਰਿਤਕ ਦੇ ਚਾਚਾ ਗੁਰਦੇਵ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਕਰੀਬ ਸਾਢੇ ਛੇ ਤੋਂ ਸੱਤ ਸਾਲਾਂ ਤੋਂ ਫੌਜ ਵਿੱਚ ਸੇਵਾ ਨਿਭਾਅ ਰਿਹਾ ਸੀ। ਉਨ੍ਹਾਂ ਕਿਹਾ ਕਿ ਲਵਪ੍ਰੀਤ ਸਿੰਘ ਬਹੁਤ ਹੀ ਮਿਹਨਤੀ ਅਤੇ ਮਿਲਣਸਾਰ ਨੌਜਵਾਨ ਸੀ। ਪਰਿਵਾਰ ਨੇ ਬਹੁਤ ਗਰੀਬੀ ਅਤੇ ਮੁਸ਼ਕਲਾਂ ਵਿਚ ਦਿਨ ਕੱਟੇ ਹਨ ਅਤੇ ਜਦੋਂ ਪਰਿਵਾਰ ਦੇ ਹਾਲਾਤ ਕੁਝ ਬਿਹਤਰ ਹੋਣ ਲੱਗੇ ਸਨ ਤਾਂ ਅਚਾਨਕ ਇਹ ਵੱਡਾ ਕਹਿਰ ਵਾਪਰ ਗਿਆ। ਗੁਰਦੇਵ ਸਿੰਘ ਨੇ ਕਿਹਾ ਕਿ ਲਵਪ੍ਰੀਤ ਸਿੰਘ ਦੀ ਮੌਤ ਕਾਰਨ ਪੂਰਾ ਪਿੰਡ ਗਮ ਵਿਚ ਡੁੱਬਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅੱਜ ਪਿੰਡ ਵਿਚ ਸੋਗ ਦਾ ਅਜਿਹਾ ਮਾਹੌਲ ਸੀ ਕਿ ਕਈ ਘਰਾਂ ਵਿਚ ਚੁੱਲ੍ਹੇ ਤੱਕ ਨਹੀਂ ਬਲੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਲਵਪ੍ਰੀਤ ਸਿੰਘ ਦੀ ਦੇਸ਼ ਸੇਵਾ ਨੂੰ ਧਿਆਨ ਵਿਚ ਰੱਖਦਿਆਂ ਉਸ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇ ਅਤੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਦੁਖਦਾਈ ਘੜੀ ਵਿਚ ਪਰਿਵਾਰ ਦੀ ਬਾਂਹ ਫੜੀ ਜਾਵੇ ਅਤੇ ਸਰਕਾਰੀ ਨਿਯਮਾਂ ਅਨੁਸਾਰ ਬਣਦੀਆਂ ਸਹੂਲਤਾਂ ਤੇ ਸਹਾਇਤਾ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਨੌਜਵਾਨ ਫੌਜੀ ਦਾ ਇਸ ਤਰ੍ਹਾਂ ਬੇਵਕਤੀ ਵਿਛੋੜਾ ਪਰਿਵਾਰ ਦੇ ਨਾਲ-ਨਾਲ ਪੂਰੇ ਪਿੰਡ ਅਤੇ ਇਲਾਕੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।