ਸੂਬਾ ਪੱਧਰੀ ਹਾਕੀ ਮੁਕਾਬਲਿਆਂ ’ਚ ਮੋਗਾ ਤੇ ਲੁਧਿਆਣਾ ਨੇ ਗੱਡੇ ਜਿੱਤ ਦੇ ਝੰਡੇ -ਰਾਜ ਪੱਧਰੀ ਹਾਕੀ ਮੁਕਾਬਲਿਆਂ ‘ਚ ਮੋਗਾ ਤੇ ਲੁਧਿਆਣਾ ਨੇ ਗੱਡੇ ਜਿੱਤ ਦੇ ਝੰਡੇ
Publish Date: Fri, 27 Nov 2026 07:14 PM (IST)
Updated Date: Fri, 27 Nov 2026 07:16 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ : ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਤਹਿਤ ਸੂਬਾ ਪੱਧਰੀ ਹਾਕੀ ਮੁਕਾਬਲੇ ਲਈ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੀਆਂ ਟੀਮਾਂ ਦੇ ਖਿਡਾਰੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਅੰਡਰ-31 ਤੋਂ 40 ਲੜਕਿਆਂ ਦੇ ਵਰਗ ਵਿੱਚ ਮੋਗਾ ਨੇ ਰੂਪਨਗਰ ਨੂੰ 3-0 ਨਾਲ ਹਰਾਇਆ, ਜਦਕਿ ਲੁਧਿਆਣਾ ਨੇ ਸੰਗਰੂਰ ਨੂੰ 4-0 ਨਾਲ ਮਾਤ ਦਿੱਤੀ। ਫਾਈਨਲ ਨਤੀਜਿਆਂ ਵਿੱਚ ਮੋਗਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਰੂਪਨਗਰ ਨੇ ਦੂਜਾ, ਲੁਧਿਆਣਾ ਨੇ ਤੀਜਾ ਅਤੇ ਸੰਗਰੂਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਮੋਗਾ ਦੇ ਖਿਡਾਰੀਆਂ ਨੇ ਪੂਰੇ ਮੁਕਾਬਲੇ ਦੌਰਾਨ ਸ਼ਾਨਦਾਰ ਤਾਲਮੇਲ ਅਤੇ ਹਮਲਾਵਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਆਪਣੇ ਨਾਮ ਕੀਤਾ। ਅੰਡਰ-21 ਲੜਕਿਆਂ ਦੇ ਵਰਗ ਵਿੱਚ ਲੁਧਿਆਣਾ ਨੇ ਰੂਪਨਗਰ ਨੂੰ 3-0 ਨਾਲ ਹਰਾਇਆ, ਜਦਕਿ ਜਲੰਧਰ ਨੇ ਬਠਿੰਡਾ ਨੂੰ 2-0 ਨਾਲ ਮਾਤ ਦਿੱਤੀ। ਇਸ ਵਰਗ ਦੇ ਫਾਈਨਲ ਨਤੀਜਿਆਂ ਵਿੱਚ ਲੁਧਿਆਣਾ ਨੇ ਪਹਿਲਾ ਸਥਾਨ ਹਾਸਲ ਕੀਤਾ। ਰੂਪਨਗਰ ਦੂਜੇ, ਜਲੰਧਰ ਤੀਜੇ ਅਤੇ ਬਠਿੰਡਾ ਚੌਥੇ ਸਥਾਨ ’ਤੇ ਰਿਹਾ। ਜੇਤੂ ਟੀਮਾਂ ਦੇ ਖਿਡਾਰੀਆਂ ਨੇ ਤੇਜ਼ ਪਾਸਿੰਗ ਬਿਹਤਰੀਨ ਰੱਖਿਆ ਅਤੇ ਸ਼ਾਨਦਾਰ ਫਿਨਿਸ਼ਿੰਗ ਦਾ ਪ੍ਰਦਰਸ਼ਨ ਕੀਤਾ। ਅੰਡਰ-21 ਤੋਂ 30 ਲੜਕਿਆਂ ਦੇ ਵਰਗ ਵਿੱਚ ਮੋਗਾ ਨੇ ਬਠਿੰਡਾ ਨੂੰ 2-0 ਨਾਲ ਹਰਾ ਕੇ ਜਿੱਤ ਦਰਜ ਕੀਤੀ। ਇਸ ਮੁਕਾਬਲੇ ਵਿੱਚ ਮੋਗਾ ਦੇ ਅਨਮੋਲਪ੍ਰੀਤ ਸਿੰਘ ਨੂੰ ਬੈਸਟ ਪਲੇਅਰ ਚੁਣਿਆ ਗਿਆ। ਇਸੇ ਵਰਗ ਦੇ ਦੂਜੇ ਮੁਕਾਬਲੇ ਵਿੱਚ ਪਠਾਨਕੋਟ ਨੇ ਪਟਿਆਲਾ ਨੂੰ 1-0 ਨਾਲ ਹਰਾਇਆ। ਮੁਕਾਬਲਿਆਂ ਦੌਰਾਨ ਖੇਡ ਵਿਭਾਗ ਵੱਲੋਂ ਬਾਹਰੋਂ ਆਏ ਖਿਡਾਰੀਆਂ ਲਈ ਰਿਹਾਇਸ਼ ਅਤੇ ਖਾਣੇ ਦੇ ਵਧੀਆ ਪ੍ਰਬੰਧਾਂ ਤੋਂ ਇਲਾਵਾ ਖਿਡਾਰੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪ੍ਰਬੰਧਕਾਂ ਵੱਲੋਂ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਈ ਗਈ। ਇਸ ਕਾਰਨ ਖਿਡਾਰੀਆਂ ਅਤੇ ਟੀਮਾਂ ਵੱਲੋਂ ਖੇਡ ਵਿਭਾਗ ਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਹਾਕੀ ਕੋਚ ਅਵਤਾਰ ਸਿੰਘ, ਕੋਚ ਰਾਜਵੰਤ ਸਿੰਘ ਅਤੇ ਹਾਕੀ ਕੋਚ ਅਮਨਦੀਪ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਉਨ੍ਹਾਂ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਵਰਗੇ ਮੁਕਾਬਲੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਅਹਿਮ ਮੰਚ ਪ੍ਰਦਾਨ ਕਰਦੇ ਹਨ।