- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਤਰੀ ਲਾਲ ਚੰਦ ਕਟਾਰੂਚੱਕ ਨੇ ਬਠਿੰਡਾ ਦਾਣਾ ਮੰਡੀ ਦਾ ਕੀਤਾ ਦੌਰਾ

ਵੀਰਪਾਲ ਭਗਤਾ, ਪੰਜਾਬੀ ਜਾਗਰਣ
ਬਠਿੰਡਾ
ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਬਠਿੰਡਾ ਦੀ ਦਾਣਾ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਤੋਂ ਖਰੀਦ, ਲਿਫਟਿੰਗ, ਅਦਾਇਗੀ ਅਤੇ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਜਾਣਕਾਰੀ ਹਾਸਲ ਕੀਤੀ।
ਮੰਤਰੀ ਨੇ ਕਿਹਾ ਕਿ ਇਸ ਵਾਰ ਝੋਨੇ ਦੀ ਫਸਲ ਭਰਪੂਰ ਮਾਤਰਾ ਵਿਚ ਹੋਈ ਹੈ ਤੇ ਦਾਣੇ ਦੀ ਗੁਣਵੱਤਾ ਵੀ ਵਧੀਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖਰੀਦ ਸੀਜ਼ਨ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਵੀ ਕਿਸਾਨ, ਆੜ੍ਹਤੀਏ ਜਾਂ ਮਜ਼ਦੂਰ ਨੂੰ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਇਸ ਸੀਜ਼ਨ ਦੌਰਾਨ ਹੁਣ ਤੱਕ ਕਿਸਾਨਾਂ ਨੂੰ 2511 ਕਰੋੜ ਰੁਪਏ ਦੀ ਝੋਨੇ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਮੌਜੂਦਾ ਖਰੀਦ ਦੇ ਅੰਕੜੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚ ਹੁਣ ਤੱਕ 21 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਸ ਵਿਚੋਂ 20 ਲੱਖ ਮੀਟ੍ਰਿਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਕੇਂਦਰੀ ਪੂਲ ਦਾ ਟੀਚਾ ਵੀ ਆਸਾਨੀ ਨਾਲ ਪੂਰਾ ਕਰ ਲਿਆ ਜਾਵੇਗਾ। ਮੰਤਰੀ ਨੇ ਮੰਡੀ ਵਿੱਚ ਕਿਸਾਨਾਂ ਨੂੰ ਮਿਲ ਰਹੀ ਸਹੂਲਤ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪਿੰਡ ਨਸੀਬਪੁਰਾ ਦੇ ਕਿਸਾਨ ਜਸਵਿੰਦਰ ਸਿੰਘ ਆਪਣੀ ਫਸਲ ਲੈ ਕੇ ਅੱਜ ਸਵੇਰੇ ਮੰਡੀ ਪਹੁੰਚੇ ਅਤੇ ਬਿਨਾਂ ਕਿਸੇ ਖੱਜਲ-ਖੁਆਰੀ ਦੇ ਉਨ੍ਹਾਂ ਦੀ ਫਸਲ ਦੀ ਤੁਰੰਤ ਖਰੀਦ ਹੋ ਗਈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿੱਚ ਪੂਰੀ ਤਰ੍ਹਾਂ ਸੁੱਕੀ ਫਸਲ ਹੀ ਲਿਆਂਦੀ ਜਾਵੇ।
ਪਰਾਲੀ ਦੀ ਸੰਭਾਲ ਸਬੰਧੀ ਪੁੱਛੇ ਸਵਾਲ ’ਤੇ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਾ ਲਗਾ ਕੇ ਸੰਭਾਲਣ ਸਬੰਧੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਉਮੀਦ ਜਤਾਈ ਕਿ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਆਧੁਨਿਕ ਖੇਤੀ ਸੰਦਾਂ ਅਤੇ ਤਕਨੀਕ ਦੀ ਮਦਦ ਨਾਲ ਪਰਾਲੀ ਦਾ ਹੋਰ ਬਿਹਤਰ ਪ੍ਰਬੰਧਨ ਕਰਨਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਕੰਚਨ, ਨੀਲ ਗਰਗ, ਇੰਦਰਜੀਤ ਸਿੰਘ ਮਾਨ, ਰਾਕੇਸ਼ ਪੁਰੀ, ਗੋਪਾਲ ਸਿੰਘ, ਬਲਜੀਤ ਬੱਲੀ, ਗੁਰਜਿੰਦਰ ਸਿੰਘ, ਗੁਰਤਾਰ ਸਿੰਘ, ਹਰਸ਼ਿਤ ਮਹਿਤਾ, ਜਸਵਿੰਦਰ ਸਿੰਘ ਚਹਿਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।