ਸਿਹਤ ਵਿਭਾਗ ਵੱਲੋਂ ਪੜ੍ਹਾਇਆ ਜਾ ਰਿਹੈ ਮਾਨਸਿਕ ਸਿਹਤ ਦਾ ਪਾਠ ਸਿਹਤ ਵਿਭਾਗ ਵੱਲੋਂ ਪੜਾਇਆ ਜਾ ਰਿਹਾ ਹੈ ਮਾਨਸਿਕ ਸਿਹਤ ਦਾ ਪਾਠ
Publish Date: Wed, 22 Jul 2026 05:45 PM (IST)
Updated Date: Thu, 23 Jul 2026 04:05 AM (IST)
* ਮਾਨਸਿਕ ਸਿਹਤ ਜਾਗਰੂਕਤਾ ਮੁਹਿੰਮ ਤਹਿਤ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ ਫੋਟੋ : 18 ਕੈਪਸ਼ਨ - ਸਰਕਾਰੀ ਸਕੂਲ ਨੰਦਗੜ ਵਿਖੇ ਬੱਚਿਆਂ ਨੂੰ ਮਾਨਸਿਕ ਸਿਹਤ ਬਾਰੇ ਦੱਸਦੇ ਸਿਹਤ ਕਰਮਚਾਰੀ । ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਕੌਸ਼ਲ ਦੇ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪਾਮਿਲ ਬਾਂਸਲ ਦੀ ਅਗਵਾਈ ਹੇਠ ਸਿਹਤ ਬਲਾਕ ਸੰਗਤ ਦੇ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਅਤੇ ਕਾਲਜਾਂ ਵਿਖੇ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਦੇ ਤਹਿਤ ਵੱਖ ਵੱਖ ਸਕੂਲਾਂ ਵਿਚ ਬੱਚਿਆਂ ਨੂੰ ਮਾਨਸਿਕ ਤਣਾਅ ਮੁਕਤ ਜ਼ਿੰਦਗੀ, ਨਸ਼ਿਆਂ ਤੋਂ ਦੂਰ ਰਹਿਣ ਬਾਰੇ ਦੱਸਿਆ ਜਾ ਰਿਹਾ ਹੈ। ਓਟ ਸੈਂਟਰ ਸੰਗਤ ਦੇ ਕਾਊਂਸਲਰ ਗੁਰਦੀਪ ਕੌਰ ਨੇ ਸਰਕਾਰੀ ਸਕੂਲ ਨੰਦਗੜ ਵਿਖੇ ਵਿਦਿਆਰਥੀਆਂ ਨੂੰ ਦੱਸਿਆ ਕਿ ਮਾਨਸਿਕ ਰੋਗਾਂ ਨੂੰ ਲੁਕਾਉਣਾ ਨਹੀ ਚਾਹੀਦਾ ਸਗੋਂ ਇਨ੍ਹਾਂ ਬਾਰੇ ਦੱਸ ਕੇ ਮਾਹਿਰ ਡਾਕਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ। ਸਾਰੇ ਹਸਪਤਾਲਾਂ ਵਿਚ ਮਾਨਸਿਕ ਰੋਗਾਂ ਦੀਆਂ ਦਵਾਈਆਂ ਮੁਫਤ ਉਪਲਬਧ ਹਨ। ਇਹ ਰੋਗ ਹਰੇਕ ਉਮਰ ਦੇ ਲੋਕਾਂ ਨੂੰ ਹੋ ਸਕਦਾ ਹੈ ਅਤੇ ਇਹ ਪੂਰਨ ਤੌਰ ’ਤੇ ਇਲਾਜਯੋਗ ਹੈ। ਜਿਸ ਵਿਚ ਉਦਾਸੀ, ਚਿੰਤਾ, ਨੀਂਦ ਨਾ ਆਉਣਾ, ਤਣਾਅ, ਵਹਿਮ ਭਰਮ, ਆਪਣੇ ਆਪ ਨੂੰ ਮਾਰਨ ਦੇ ਵਿਚਾਰ ਆਉਣੇ ਮਾਨਸਿਕ ਰੋਗ ਹੋ ਸਕਦੇ ਹਨ। ਇਸ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਹੈ ਅਤੇ ਮਾਨਸਿਕ ਤਣਾਅ ਆਦਿ ਬਾਰੇ ਪਰਿਵਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਇਸ ਲਈ ਮਨ ਨੂੰ ਖੁਸ਼ ਰੱਖਣ ਵਾਲੀਆ ਗਤੀਵਿਧੀਆਂ ਜਿਵੇਂ ਕਿਤਾਬਾਂ ਪੜਨਾ, ਖੇਡ ਮੈਦਾਨ ਵਿਚ ਕਸਰਤ, ਚੰਗੀ ਖੁਰਾਕ, ਮੋਬਾਇਲ ਦੀ ਘੱਟ ਵਰਤੋਂ, ਸਮਾਜ ਵਿਚ ਭਾਗੀਦਾਰੀ ਨੂੰ ਵਧਾਉਣਾ ਚਾਹੀਦਾ ਹੈ। ਸਾਹਿਲ ਪੁਰੀ ਬਲਾਕ ਹੈਲਥ ਐਜੂਕੇਟਰ ਨੇ ਦੱਸਿਆ ਕਿ ਟੈਲੀ ਮਾਨਸ ਮੁਹਿੰਮ ਅਧੀਨ 14416 ਟੋਲ ਫਰੀ ਨੰਬਰ ’ਤੇ ਕਾਲ ਕਰਕੇ ਸ਼ੁਰੂ ਵਿਚ ਹੀ ਮਾਨਸਿਕ ਰੋਗਾਂ ਦਾ ਮੁਫਤ ਕਾਊਂਸਲਿੰਗ ਰਾਹੀਂ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਲੋਕ ਆਪਣੀਆਂ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਨੂੰ ਇਸ ਟੈਲੀਫੋਨਿਕ ਹੈਲਪਲਾਈਨ ਰਾਹੀਂ ਘਰ ਬੈਠੇ ਹੀ ਹੱਲ ਕਰ ਸਕਦੇ ਹਨ, ਜੋਕਿ ਬਿਲਕੁਲ ਮੁਫ਼ਤ ਹੈ। ਸਾਡੇ ਸਮਾਜ ਵਿਚ ਮਾਨਸਿਕ ਰੋਗਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਦੇ ਮੱਦੇਨਜ਼ਰ ਮਾਨਸਿਕ ਸਿਹਤ ਪ੍ਰੋਗਰਾਮ ਅਧੀਨ ਟੈਲੀ ਮਾਨਸ ਪੰਜਾਬ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ ਅਧੀਨ ਅਸੀਂ ਟੋਲ ਫਰੀ ਨੰਬਰ 14416 ’ਤੇ ਕਾਲ ਕਰਕੇ ਆਪਣੇ ਮਾਨਸਿਕ ਰੋਗਾਂ ਬਾਰੇ ਅਤੇ ਇਲਾਜ ਬਾਰੇ ਮੁਫ਼ਤ ਜਾਣਕਾਰੀ ਹਾਸਲ ਕਰ ਸਕਦੇ ਹਾਂ।