ਐੱਚਐੱਮਈਐੱਲ ਤੇ ਏਮਜ਼ ਵੱਲੋਂ ਬਹਿਮਨ ਜੱਸਾ ਸਿੰਘ ’ਚ ਮੈਗਾ ਹੈਲਥ ਕੈਂਪ ਐਚਐਮਈਐਲ ਤੇ ਏਮਜ਼ ਬਠਿੰਡਾ ਵੱਲੋਂ ਬਹਿਮਨ ਜੱਸਾ ਸਿੰਘ ’ਚ ਮੈਗਾ ਹੈਲਥ ਕੈਂਪ
Publish Date: Thu, 17 Sep 2026 05:28 PM (IST)
Updated Date: Fri, 18 Sep 2026 04:06 AM (IST)
150 ਤੋਂ ਵੱਧ ਪਿੰਡ ਵਾਸੀਆਂ ਨੇ ਲਿਆ ਮੁਫ਼ਤ ਮਾਹਿਰ ਡਾਕਟਰੀ ਸੇਵਾਵਾਂ ਦਾ ਲਾਭ ਆਉਣ ਵਾਲੇ ਹਫ਼ਤਿਆਂ ’ਚ 3 ਹੋਰ ਕੈਂਪ ਲਾਏ ਜਾਣਗੇ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਐੱਚਐੱਮਈਐੱਲ ਵੱਲੋਂ ਏਮਜ਼ ਬਠਿੰਡਾ ਦੇ ਸਹਿਯੋਗ ਨਾਲ ਆਪਣੀ ਇੰਟੀਗ੍ਰੇਟਿਡ ਮੋਬਾਈਲ ਮੈਡੀਕਲ ਯੂਨਿਟ ਅਤੇ ਟੈਲੀਮੈਡੀਸਨ ਪ੍ਰੋਜੈਕਟ ਤਹਿਤ ਪਿੰਡ ਬਹਿਮਨ ਜੱਸਾ ਸਿੰਘ ਦੇ ਗੁਰਦੁਆਰਾ ਸਾਹਿਬ ਵਿਖੇ ਮੈਗਾ ਹੈਲਥ ਕੈਂਪ ਲਾਇਆ ਗਿਆ। ਕੈਂਪ ਦਾ ਉਦੇਸ਼ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਗੁਣਵੱਤਾਪੂਰਨ ਸਿਹਤ ਸੇਵਾਵਾਂ ਅਤੇ ਮਾਹਿਰ ਡਾਕਟਰੀ ਸਲਾਹ ਮੁਹੱਈਆ ਕਰਵਾਉਣਾ ਸੀ। ਕੈਂਪ ਵਿੱਚ ਬਹਿਮਨ ਜੱਸਾ ਸਿੰਘ ਤੋਂ ਇਲਾਵਾ ਬਹਿਮਨ ਕੌਰ ਸਿੰਘ, ਗੁਰੂਸਰ ਜੱਗਾ ਅਤੇ ਤੇਓਣਾ ਪੁਜਾਰੀਆ ਸਮੇਤ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ। ਇਸ ਦੌਰਾਨ 150 ਤੋਂ ਵੱਧ ਮਰੀਜ਼ਾਂ ਨੇ ਮੁਫ਼ਤ ਡਾਕਟਰੀ ਜਾਂਚ, ਮਾਹਿਰਾਂ ਦੀ ਸਲਾਹ ਅਤੇ ਸਿਹਤ ਸਬੰਧੀ ਮਾਰਗਦਰਸ਼ਨ ਦਾ ਲਾਭ ਲਿਆ। ਏਮਜ਼ ਬਠਿੰਡਾ ਦੇ ਮਾਹਿਰ ਡਾਕਟਰਾਂ ਵੱਲੋਂ ਆਰਥੋਪੀਡਿਕਸ, ਅੱਖਾਂ, ਦੰਦਾਂ, ਚਮੜੀ ਰੋਗ, ਜਨਰਲ ਮੈਡੀਸਨ ਅਤੇ ਟੈਲੀਮੈਡੀਸਨ ਸਮੇਤ ਵੱਖ-ਵੱਖ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਕੈਂਪ ਦੌਰਾਨ ਜਨਰਲ ਮੈਡੀਸਨ ਸਬੰਧੀ ਸਲਾਹ ਲੈਣ ਵਾਲੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਰਹੀ। ਪਿੰਡ ਵਿੱਚ ਹੀ ਮਾਹਿਰ ਡਾਕਟਰੀ ਸਹੂਲਤ ਮਿਲਣ ਕਾਰਨ ਲੋਕਾਂ ਨੂੰ ਇਲਾਜ ਲਈ ਦੂਰ-ਦੁਰਾਡੇ ਹਸਪਤਾਲਾਂ ਤੱਕ ਜਾਣ ਦੀ ਲੋੜ ਘੱਟ ਹੋਈ। ਕੈਂਪ ਦੇ ਪ੍ਰਬੰਧਾਂ ਵਿੱਚ ਸਥਾਨਕ ਭਾਈਚਾਰੇ ਵੱਲੋਂ ਵੀ ਸਹਿਯੋਗ ਦਿੱਤਾ ਗਿਆ। ਗ੍ਰਾਮ ਪੰਚਾਇਤ ਬਹਿਮਨ ਜੱਸਾ ਸਿੰਘ ਨੇ ਸਰਪੰਚ ਗੁਰਦੀਪ ਧਨੋਆ ਦੀ ਅਗਵਾਈ ਹੇਠ ਸਹਿਯੋਗ ਕੀਤਾ। ਇਸ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕੈਂਪ ਦੇ ਸੁਚੱਜੇ ਆਯੋਜਨ ਲਈ ਲੋੜੀਂਦੇ ਪ੍ਰਬੰਧਾਂ ਵਿੱਚ ਸਹਾਇਤਾ ਕੀਤੀ ਗਈ। ਐਚਐਮਈਐਲ ਅਨੁਸਾਰ ਇੰਟੀਗ੍ਰੇਟਿਡ ਅਤੇ ਟੈਲੀਮੈਡੀਸਨ ਪ੍ਰੋਜੈਕਟ ਤਹਿਤ ਹੁਣ ਤੱਕ 280 ਮੈਡੀਕਲ ਕੈਂਪ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਰਾਹੀਂ 15,396 ਮਰੀਜ਼ਾਂ ਨੂੰ ਸਿਹਤ ਸੇਵਾਵਾਂ ਦਾ ਲਾਭ ਮਿਲਿਆ ਹੈ। ਪ੍ਰੋਜੈਕਟ ਤਹਿਤ ਮੁੱਢਲੀਆਂ ਸਿਹਤ ਸੇਵਾਵਾਂ ਦੇ ਨਾਲ ਮਾਹਿਰ ਡਾਕਟਰੀ ਸਲਾਹ, ਟੈਲੀਮੈਡੀਸਨ ਅਤੇ ਰੋਕਥਾਮੀ ਸਿਹਤ ਜਾਗਰੂਕਤਾ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪ੍ਰੋਜੈਕਟ ਦੇ ਮੌਜੂਦਾ ਪੜਾਅ ਤਹਿਤ ਆਸ-ਪਾਸ ਦੇ ਪੇਂਡੂ ਖੇਤਰਾਂ ਵਿੱਚ ਕੁੱਲ ਅੱਠ ਮੈਗਾ ਹੈਲਥ ਕੈਂਪ ਲਗਾਏ ਜਾਣੇ ਹਨ। ਇਨ੍ਹਾਂ ਵਿੱਚੋਂ ਪੰਜ ਕੈਂਪ ਲਗਾਏ ਜਾ ਚੁੱਕੇ ਹਨ, ਜਦਕਿ ਤਿੰਨ ਹੋਰ ਮੈਗਾ ਹੈਲਥ ਕੈਂਪ ਆਉਣ ਵਾਲੇ ਹਫ਼ਤਿਆਂ ਵਿੱਚ ਲਗਾਏ ਜਾਣਗੇ।