ਰਾਮਾ ਮੰਡੀ ਦੀ ਟਰੈਫਿਕ ਤੇ ਸੁਰੱਖਿਆ ਸਮੱਸਿਆਵਾਂ ਸਬੰਧੀ ਪੁਲਿਸ ਮੁਖੀ ਨਾਲ ਮੁਲਾਕਾਤ ਰਾਮਾ ਮੰਡੀ ਦੀ ਟਰੈਫਿਕ ਤੇ ਸੁਰੱਖਿਆ ਸਮੱਸਿਆਵਾਂ ਸਬੰਧੀ ਪੁਲਿਸ ਮੁਖੀ ਨਾਲ ਮੁਲਾਕਾਤ
Publish Date: Sun, 06 Sep 2026 04:08 PM (IST)
Updated Date: Sun, 06 Sep 2026 04:10 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਾ ਮੰਡੀ ਟਰੇਡ ਕਮਿਸ਼ਨ ਹਲਕਾ ਤਲਵੰਡੀ ਸਾਬੋ ਦੇ ਚੇਅਰਮੈਨ ਐਡਵੋਕੇਟ ਵਿਕਰਾਂਤ ਗੋਇਲ ਨੇ ਬਠਿੰਡਾ ਦੇ ਨਵੇਂ ਜ਼ਿਲ੍ਹਾ ਪੁਲਿਸ ਮੁਖੀ ਸੋਹਿਲ ਕਾਸਿਮ ਮੀਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਬਠਿੰਡਾ ਵਿਖੇ ਤਾਇਨਾਤੀ ਮਿਲਣ ’ਤੇ ਵਧਾਈ ਦਿੱਤੀ। ਇਸ ਮੌਕੇ ਹਲਕਾ ਤਲਵੰਡੀ ਸਾਬੋ ਨਾਲ ਸਬੰਧਤ ਕਾਨੂੰਨ ਵਿਵਸਥਾ ਅਤੇ ਲੋਕਾਂ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਐਡਵੋਕੇਟ ਵਿਕਰਾਂਤ ਗੋਇਲ ਨੇ ਜ਼ਿਲ੍ਹਾ ਪੁਲਿਸ ਮੁਖੀ ਦੇ ਧਿਆਨ ਵਿੱਚ ਰਾਮਾ ਮੰਡੀ ਦੀ ਟਰੈਫਿਕ ਵਿਵਸਥਾ ਦਾ ਮੁੱਦਾ ਰੱਖਦਿਆਂ ਦੱਸਿਆ ਕਿ ਸ਼ਹਿਰ ਦੇ ਮੁੱਖ ਚੌਕ ਅਤੇ ਬਾਜ਼ਾਰਾਂ ਵਿੱਚ ਟਰੈਫਿਕ ਦੀ ਸਮੱਸਿਆ ਕਾਰਨ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਮੰਡੀ ਵਿੱਚ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਦਾ ਮਾਮਲਾ ਵੀ ਪੁਲਿਸ ਮੁਖੀ ਦੇ ਧਿਆਨ ਵਿੱਚ ਲਿਆਂਦਾ ਅਤੇ ਇਨ੍ਹਾਂ ਨੂੰ ਰੋਕਣ ਲਈ ਢੁੱਕਵੇਂ ਕਦਮ ਚੁੱਕਣ ਦੀ ਮੰਗ ਕੀਤੀ। ਚੇਅਰਮੈਨ ਨੇ ਕਿਹਾ ਕਿ ਰਾਮਾ ਮੰਡੀ ਦੇ ਵਪਾਰੀਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਟਰੈਫਿਕ ਦੀ ਸਮੱਸਿਆ ਦਾ ਸਥਾਈ ਹੱਲ ਹੋਣ ਦੇ ਨਾਲ-ਨਾਲ ਚੋਰੀ ਦੀਆਂ ਵਾਰਦਾਤਾਂ ’ਤੇ ਵੀ ਨਕੇਲ ਕੱਸਣੀ ਜ਼ਰੂਰੀ ਹੈ। ਜ਼ਿਲ੍ਹਾ ਪੁਲਿਸ ਮੁਖੀ ਸੋਹਿਲ ਕਾਸਿਮ ਮੀਰ ਨੇ ਐਡਵੋਕੇਟ ਵਿਕਰਾਂਤ ਗੋਇਲ ਨੂੰ ਭਰੋਸਾ ਦਿਵਾਇਆ ਕਿ ਰਾਮਾ ਮੰਡੀ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦ ਹੀ ਰਾਮਾ ਮੰਡੀ ਵਿਖੇ ਵਪਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਇਸ ਦੇ ਨਾਲ ਹੀ ਟਰੈਫਿਕ ਵਿਵਸਥਾ ਸੁਚਾਰੂ ਬਣਾਉਣ ਲਈ ਟਰੈਫਿਕ ਮੁਲਾਜ਼ਮਾਂ ਦੀ ਪੱਕੇ ਤੌਰ ’ਤੇ ਤਾਇਨਾਤੀ ਕਰਨ ਅਤੇ ਮੰਡੀ ਦੇ ਮੁੱਖ ਚੌਕ ਨੂੰ ਸੀਸੀਟੀਵੀ ਕੈਮਰਿਆਂ ਨਾਲ ਜੋੜਨ ਦੀ ਦਿਸ਼ਾ ਵਿੱਚ ਵੀ ਕਾਰਵਾਈ ਕੀਤੀ ਜਾਵੇਗੀ। ਇਸ ਭਰੋਸੇ ਨਾਲ ਮੰਡੀ ਦੇ ਵਪਾਰੀਆਂ ਅਤੇ ਵਸਨੀਕਾਂ ਨੂੰ ਟਰੈਫਿਕ ਤੇ ਸੁਰੱਖਿਆ ਸਮੱਸਿਆਵਾਂ ਦੇ ਹੱਲ ਦੀ ਆਸ ਬੱਝੀ ਹੈ।