ਭਾਰਤਮਾਲਾ ਸੜਕ ਕਾਰਨ ਕਿਸਾਨਾਂ ਦੇ ਖੇਤਾਂ ਨੂੰ ਹੋਏ ਨੁਕਸਾਨ ਦੇ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਭਾਰਤਮਾਲਾ ਸੜਕ ਕਾਰਨ ਕਿਸਾਨਾਂ ਦੇ ਖੇਤਾਂ ਨੂੰ ਹੋਏ ਨੁਕਸਾਨ ਦੇ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ
Publish Date: Sat, 03 Oct 2026 06:51 PM (IST)
Updated Date: Sun, 04 Oct 2026 04:08 AM (IST)
ਦੁਪਹਿਰ ਤੱਕ ਚੱਲੇ ਧਰਨੇ ਤੋਂ ਬਾਅਦ ਪ੍ਰਸ਼ਾਸਨ ਆਇਆ ਆਇਆ ਸਾਹਮਣੇ ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋ ਮੰਡੀ : ਭਾਰਤਮਾਲਾ ਸੜਕ ਨਾਲ ਲੱਗਦੇ ਖੇਤਾਂ ਵਿੱਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਹੋਏ ਨੁਕਸਾਨ ਦੇ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਵੱਲੋਂ ਕੰਪਨੀ ਦੇ ਲਹਿਰਾ ਮੁਹੱਬਤ ਸਥਿਤ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਧਰਨਾ ਦੁਪਹਿਰ 2 ਵਜੇ ਤੱਕ ਜਾਰੀ ਰਿਹਾ। ਬੀਕੇਯੂ ਏਕਤਾ ਡਕੌਂਦਾ ਧਨੇਰ ਦੇ ਨਥਾਣਾ ਬਲਾਕ ਦੇ ਜਨਰਲ ਸਕੱਤਰ ਜਗਦੇਵ ਸਿੰਘ ਲਹਿਰਾ ਮੁਹੱਬਤ ਨੇ ਦੱਸਿਆ ਕਿ ਭਾਰਤਮਾਲਾ ਸੜਕ ਨਾਲ ਲੱਗਦੇ ਕਿਸਾਨਾਂ ਦੇ ਖੇਤਾਂ ਵਿੱਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਸੜਕ ਦੀ ਮਿੱਟੀ ਖੁਰ ਕੇ ਖੇਤਾਂ ਵਿੱਚ ਚਲੀ ਗਈ। ਇਸ ਕਾਰਨ ਕਰੀਬ 30 ਪਰਿਵਾਰਾਂ ਦਾ ਨੁਕਸਾਨ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਕਿਸਾਨ ਲਗਾਤਾਰ ਕੰਪਨੀ ਕੋਲ ਆਪਣੀਆਂ ਮੰਗਾਂ ਰੱਖ ਰਹੇ ਸਨ। ਉਨ੍ਹਾਂ ਦੱਸਿਆ ਕਿ ਅੱਜ ਪਿੰਡ ਕਮੇਟੀ ਦੀ ਅਗਵਾਈ ਹੇਠ ਕੰਪਨੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਧਰਨੇ ਦੇ ਦਬਾਅ ਹੇਠ ਕੰਪਨੀ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਕਿਸਾਨਾਂ ਦੇ ਖੇਤਾਂ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਸੰਗਤ ਮੰਡੀ ਦੇ ਡਿਪਟੀ ਸੰਦੀਪ ਕਟਾਰੀਆ ਦੀ ਮੌਜੂਦਗੀ ਵਿੱਚ ਕਿਸਾਨ ਆਗੂਆਂ ਅਤੇ ਕੰਪਨੀ ਅਧਿਕਾਰੀਆਂ ਵਿਚਕਾਰ ਗੱਲਬਾਤ ਹੋਈ। ਕਿਸਾਨ ਆਗੂਆਂ ਅਨੁਸਾਰ, ਮੀਟਿੰਗ ਦੌਰਾਨ ਕੰਪਨੀ ਅਧਿਕਾਰੀਆਂ ਨੇ ਕਿਸਾਨਾਂ ਦੇ ਹੋਏ ਨੁਕਸਾਨ ਨੂੰ ਸਵੀਕਾਰ ਕਰਦਿਆਂ ਇਸ ਸਬੰਧੀ ਲਿਖਤੀ ਭਰੋਸਾ ਵੀ ਦਿੱਤਾ। ਇਸ ਤੋਂ ਇਲਾਵਾ ਸੋਮਵਾਰ ਸਵੇਰੇ 11 ਵਜੇ ਬਠਿੰਡਾ ਵਿਖੇ ਕਿਸਾਨਾਂ ਦੀ ਸਿਵਲ ਪ੍ਰਸ਼ਾਸਨ ਨਾਲ ਮੀਟਿੰਗ ਦਾ ਸਮਾਂ ਵੀ ਤੈਅ ਕੀਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਿੰਦਰ ਸਿੰਘ ਕੋਟਲੀ, ਅਮਰਜੀਤ ਹਨੀ, ਲਹਿਰਾ ਬੇਗਾ ਦੇ ਗੁਲਾਬ ਸਿੰਘ, ਲਹਿਰਾ ਮੁਹੱਬਤ ਦੇ ਪ੍ਰਧਾਨ ਚਰਨ ਸਿੰਘ, ਲਾਭ ਸਿੰਘ, ਫੱਬੜ ਜਗਸੀਰ, ਨਰੂਆਣਾ ਦੇ ਮੇਜਰ, ਪੱਥਰਾਲਾ ਦੇ ਲੀਲਾ ਸਿੰਘ, ਜਲੌਰ ਸਿੰਘ, ਲਾਡੀ ਸਿੰਘ, ਸੁਰਜੀਤ ਰਮਾਣਾ, ਰਾਮਪੁਰਾ ਦੇ ਪ੍ਰਧਾਨ ਹੇਮ ਰਾਜ, ਸੁੱਖਚਰਨ, ਲਹਿਰਾ ਮੁਹੱਬਤ ਦੇ ਸੁਖਪਾਲ ਪਾਲੀ ਅਤੇ ਬਲਾਕ ਪ੍ਰਧਾਨ ਪਾਲਾ ਸੇਮਾ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ।