ਵਾਰਿਸ ਪੰਜਾਬ ਦੇ ਅੰਦਰੂਨੀ ਰੱਫੜ ਨੂੰ ਸੁਲਝਾਉਣ ਲਈ ਗੋਸਲ ਦੇ ਘਰ ਹੋਈ ਮੀਟਿੰਗ ਵਾਰਿਸ ਪੰਜਾਬ ਦੇ ਅੰਦਰੂਨੀ ਰੱਫੜ ਨੂੰ ਸੁਲਝਾਉਣ ਲਈ ਗੋਸਲ ਦੇ ਘਰ ਹੋਈ ਮੀਟਿੰਗ
Publish Date: Sat, 19 Sep 2026 04:35 PM (IST)
Updated Date: Sat, 19 Sep 2026 04:35 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਪਿਛਲੇ ਦਿਨੀਂ ਮਰਹੂਮ ਆਗੂ ਸੰਦੀਪ ਸਿੰਘ ‘ਦੀਪ ਸਿੱਧੂ’ ਦੇ ਭਰਾ ਐਡਵੋਕੇਟ ਮਨਦੀਪ ਸਿੰਘ ਸਿੱਧੂ ਨੂੰ ਤਲਵੰਡੀ ਸਾਬੋ ਹਲਕੇ ਦਾ ਇੰਚਾਰਜ ਥਾਪੇ ਜਾਣ ਤੋਂ ਬਾਅਦ ਪੈਦਾ ਹੋਏ ਅੰਦਰੂਨੀ ਮਤਭੇਦਾਂ ਨੂੰ ਸੁਲਝਾਉਣ ਲਈ ਪਾਰਟੀ ਆਗੂਆਂ ਨੇ ਹਲਕੇ ਤੋਂ ਪਾਰਟੀ ਟਿਕਟ ਦੇ ਦਾਅਵੇਦਾਰ ਮੰਨੇ ਜਾਂਦੇ ਕੁਲਦੀਪ ਸਿੰਘ ਗੋਸਲ ਨਾਲ ਉਨ੍ਹਾਂ ਦੇ ਘਰ ਵਿਖੇ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਗੋਸਲ ਵੱਲੋਂ ਪਾਰਟੀ ਦੇ ਫੈਸਲੇ ਨੂੰ ਸਵੀਕਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮਨਦੀਪ ਸਿੰਘ ਸਿੱਧੂ ਨੂੰ ਹਲਕਾ ਇੰਚਾਰਜ ਬਣਾਏ ਜਾਣ ਤੋਂ ਬਾਅਦ ਕੁਲਦੀਪ ਸਿੰਘ ਗੋਸਲ ਦੀ ਨਾਰਾਜ਼ਗੀ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਇਸ ਕਾਰਨ ਹਲਕੇ ਵਿੱਚ ਪਾਰਟੀ ਦੀ ਅੰਦਰੂਨੀ ਸਥਿਤੀ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਸੀ। ਮਾਮਲਾ ਹੋਰ ਅੱਗੇ ਵਧਣ ਤੋਂ ਪਹਿਲਾਂ ਪਾਰਟੀ ਆਲਾਕਮਾਨ ਵੱਲੋਂ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ। ਇਸੇ ਤਹਿਤ ਪਾਰਟੀ ਦੀ ਸੰਸਦੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਬਾਬੂ ਸਿੰਘ ਬਰਾੜ, ਜ਼ੋਨ ਇੰਚਾਰਜ ਗੁਰਪ੍ਰੀਤ ਸਿੰਘ ਬੱਲ੍ਹੋ, 14 ਮੈਂਬਰੀ ਕਮੇਟੀ ਦੇ ਮੈਂਬਰ ਭਾਈ ਅਵਤਾਰ ਸਿੰਘ ਅਤੇ ਡਾ. ਪ੍ਰਗਟ ਸਿੰਘ ਬੀਤੀ ਦੇਰ ਸ਼ਾਮ ਕੁਲਦੀਪ ਸਿੰਘ ਗੋਸਲ ਦੇ ਘਰ ਪਹੁੰਚੇ। ਇੱਥੇ ਉਨ੍ਹਾਂ ਨੇ ਗੋਸਲ ਨਾਲ ਲੰਬੀ ਮੀਟਿੰਗ ਕੀਤੀ। ਇਸ ਮੌਕੇ ਗੋਸਲ ਵੱਲੋਂ ਹਲਕੇ ਦੇ ਕੁਝ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਵੀ ਬੁਲਾਇਆ ਗਿਆ ਸੀ। ਬਾਅਦ ਵਿੱਚ ਐਡਵੋਕੇਟ ਮਨਦੀਪ ਸਿੰਘ ਸਿੱਧੂ ਵੀ ਮੀਟਿੰਗ ਵਿੱਚ ਪਹੁੰਚੇ। ਮੀਟਿੰਗ ਦੌਰਾਨ ਹਲਕੇ ਦੀ ਮੌਜੂਦਾ ਸਥਿਤੀ ਅਤੇ ਪਾਰਟੀ ਦੇ ਫੈਸਲੇ ਨੂੰ ਲੈ ਕੇ ਵਿਚਾਰ-ਵਟਾਂਦਰਾ ਹੋਇਆ। ਸੂਤਰਾਂ ਅਨੁਸਾਰ ਮੀਟਿੰਗ ਦੌਰਾਨ ਗੋਸਲ ਵੱਲੋਂ ਆਪਣੀ ਨਾਰਾਜ਼ਗੀ ਅਤੇ ਪਾਰਟੀ ਅੰਦਰਲੇ ਮਸਲਿਆਂ ਨੂੰ ਲੈ ਕੇ ਗੱਲ ਰੱਖੀ ਗਈ। ਹਾਲਾਂਕਿ ਲੰਬੀ ਗੱਲਬਾਤ ਤੋਂ ਬਾਅਦ ਮਾਮਲੇ ਨੂੰ ਸੁਲਝਾਉਣ ’ਤੇ ਸਹਿਮਤੀ ਬਣਨ ਦੀ ਗੱਲ ਸਾਹਮਣੇ ਆਈ ਹੈ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਦੀਪ ਸਿੰਘ ਗੋਸਲ ਨੇ ਕਿਹਾ ਕਿ ਉਹ ਮਨਦੀਪ ਸਿੰਘ ਸਿੱਧੂ ਨਾਲ ਮਿਲ ਕੇ ਪਾਰਟੀ ਲਈ ਜ਼ੋਰ-ਸ਼ੋਰ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਲਿਆ ਗਿਆ ਫੈਸਲਾ ਉਨ੍ਹਾਂ ਨੂੰ ਮਨਜ਼ੂਰ ਹੈ ਅਤੇ ਉਹ ਮਿਲ ਕੇ ਹਲਕੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ। ਇਸ ਮੌਕੇ ਮਨਦੀਪ ਸਿੰਘ ਸਿੱਧੂ ਨੇ ਵੀ ਕਿਹਾ ਕਿ ਪਾਰਟੀ ਦੇ ਫੈਸਲੇ ਨੂੰ ਲੈ ਕੇ ਹਲਕੇ ਦੀ ਸਮੁੱਚੀ ਇਕਾਈ ਇਕਜੁੱਟ ਹੈ। ਉਨ੍ਹਾਂ ਵੱਲੋਂ ਵੀ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਇਕੱਠੇ ਹੋ ਕੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਗੱਲ ਆਖੀ ਗਈ। ਦੋਵਾਂ ਆਗੂਆਂ ਵਿਚਕਾਰ ਮੀਟਿੰਗ ਤੋਂ ਬਾਅਦ ਬਣੀ ਸਹਿਮਤੀ ਨਾਲ ਪਾਰਟੀ ਦੀ ਹਲਕਾ ਇਕਾਈ ਵਿੱਚ ਮਾਹੌਲ ਸੁਖਾਵਾਂ ਹੋਣ ਦੇ ਸੰਕੇਤ ਮਿਲੇ ਹਨ। ਮੀਟਿੰਗ ਉਪਰੰਤ ਆਗੂਆਂ ਅਤੇ ਵਰਕਰਾਂ ਨੇ ਇਸ ਨੂੰ ਪਾਰਟੀ ਦੀ ਇਕਜੁੱਟਤਾ ਵੱਲ ਕਦਮ ਦੱਸਿਆ।