ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਮੌੜ ਮੰਡੀ ਮੁਕੰਮਲ ਬੰਦ, ਰਾਮਪੁਰਾ ਚੌਕ ’ਚ ਵਿਸ਼ਾਲ ਧਰਨਾ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਮੌੜ ਮੰਡੀ ਮੁਕੰਮਲ ਬੰਦ, ਰਾਮਪੁਰਾ ਚੌਂਕ ’ਚ ਵਿਸ਼ਾਲ ਧਰਨਾ
Publish Date: Thu, 15 Oct 2026 05:12 PM (IST)
Updated Date: Thu, 15 Oct 2026 05:15 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ ਮਾਨਸਾ ਵਿਖੇ ਐਂਟੀ ਡਰੱਗ ਟਾਸਕ ਫੋਰਸ ਦੇ ਸੰਚਾਲਕ ਪਰਵਿੰਦਰ ਸਿੰਘ ਝੋਟਾ ਦੀ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੇ ਵਿਰੋਧ ਵਿਚ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਮੌੜ ਮੰਡੀ ਦੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ। ਪੰਜਾਬ ਬੰਦ ਦਾ ਸੱਦਾ ਸਵੇਰੇ 6 ਵਜੇ ਤੋਂ ਸ਼ਾਮ 5 ਵਜੇ ਤੱਕ ਦਿੱਤਾ ਗਿਆ ਸੀ। ਇਸ ਦੌਰਾਨ ਸ਼ਹਿਰ ਦੇ ਰਾਮਪੁਰਾ ਚੌਕ ਵਿਖੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਲੋਕਾਂ ਵੱਲੋਂ ਵਿਸ਼ਾਲ ਇਕੱਠ ਕਰਕੇ ਧਰਨਾ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਧਰਨਾਕਾਰੀ ਰਾਮਪੁਰਾ ਚੌਕ ਵਿਖੇ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਧਰਨੇ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕਰਦਿਆਂ ਜਗਸੀਰ ਸਿੰਘ ਜੱਗਾ ਮੌੜ ਕਲਾਂ, ਗੁਰਵਿੰਦਰ ਸਿੰਘ ਕਾਲਾ ਮੌੜ ਕਲਾਂ, ਬਲਕਾਰ ਸਿੰਘ ਮੌੜ ਕਲਾਂ, ਸਤਨਾਮ ਸਿੰਘ ਮਾਈਸਰਖਾਨਾ, ਸੁਖਵਿੰਦਰ ਸਿੰਘ ਫੌਜੀ ਮਾਈਸਰਖਾਨਾ, ਹਰਵਿੰਦਰ ਸਿੰਘ ਮਾਈਸਰਖਾਨਾ ਤੇ ਬਲਦੇਵ ਸਿੰਘ ਸੰਦੋਹਾ ਸਮੇਤ ਹੋਰ ਆਗੂਆਂ ਨੂੰ ਗੱਡੀਆਂ ਵਿੱਚ ਬਿਠਾ ਕੇ ਆਪਣੇ ਨਾਲ ਲੈ ਗਈ। ਆਗੂਆਂ ਨੂੰ ਪੁਲਿਸ ਵੱਲੋਂ ਲਿਜਾਏ ਜਾਣ ਦੀ ਖ਼ਬਰ ਫੈਲਦਿਆਂ ਹੀ ਵੱਡੀ ਗਿਣਤੀ ਵਿਚ ਲੋਕ ਰਾਮਪੁਰਾ ਚੌਂਕ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ। ਦੇਖਦੇ ਹੀ ਦੇਖਦੇ ਸੈਂਕੜੇ ਲੋਕਾਂ ਨੇ ਰਾਮਪੁਰਾ ਚੌਂਕ ਵਿਖੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ। ਇਸ ਦੌਰਾਨ ਲੋਕਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲਿਆ। ਰੋਸ ਵਿਚ ਆਏ ਕੁਝ ਲੋਕਾਂ ਵੱਲੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੱਗੇ ਹੋਏ ਬੈਨਰ ਤੇ ਪੋਸਟਰ ਵੀ ਪਾੜ ਦਿੱਤੇ ਗਏ। ਧਰਨੇ ਦੌਰਾਨ ਲੋਕਾਂ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿਚ ਇਨਸਾਫ਼ ਦੀ ਮੰਗ ਕੀਤੀ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਆਵਾਜ਼ ਬੁਲੰਦ ਕੀਤੀ। ਇਸ ਧਰਨੇ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚ ਕਰਦਿਆਂ ਵਾਰਿਸ ਪੰਜਾਬ ਦੇ ਮੌੜ ਹਲਕੇ ਦੇ ਇੰਚਾਰਜ ਲੱਖਾ ਸਿੰਘ ਸਿਧਾਣਾ ਨੇ ਆਪਣੇ ਸੰਬੋਧਨ ਦੌਰਾਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਨੇ ਇਸ ਮਾਮਲੇ ਵਿਚ ਸਰਕਾਰ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਸਤੀਫ਼ੇ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਤਲ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ, ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲ ਸਕੇ। ਇਸ ਮੌਕੇ ਲੱਖਾ ਸਿੰਘ ਸਿਧਾਣਾ ਨੇ ਪਰਵਿੰਦਰ ਸਿੰਘ ਝੋਟਾ ਵੱਲੋਂ ਪਿੰਡ ਪਿੰਡ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਬਣਾਈਆਂ ਟਾਕਸ ਫੋਰਸ ਦੀਆਂ ਇਕਾਈਆਂ ਨੂੰ ਮੁੜ ਸੁਰਜੀਤ ਕਰਨ ਦੀ ਵੀ ਅਪੀਲ ਕੀਤੀ ਤਾਂ ਜੋ ਪੰਜਾਬ ਵਿੱਚ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਮੁਕਤ ਕਰਵਾਇਆ ਜਾ ਸਕੇ। ਇਸ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਰੇਸ਼ਮ ਸਿੰਘ ਯਾਤਰੀ, ਕਾਕਾ ਸਿੰਘ ਕੋਟੜਾ, ਡਾਕਟਰ ਨੌਹਰ, ਮੁਖਤਿਆਰ ਸਿੰਘ ਰਾਜਗੜ੍ਹ ਕੁੱਬੇ, ਬਹੁਜਨ ਸਮਾਜ ਪਾਰਟੀ ਦੇ ਸਵਰਨ ਸਿੰਘ, ਜੱਗਾ ਸਿੰਘ ਮੌੜ ਕਲਾਂ, ਲਖਬੀਰ ਸਿੰਘ ਲੱਖੀ ਭਾਈ ਬਖਤੌਰ, ਸਾਬਕਾ ਸਰਪੰਚ ਗੁਰਵਿੰਦਰ ਸਿੰਘ, ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਸਰਪੰਚ ਹਰਜਸ ਸਿੰਘ ਘਸੋਖਾਨਾ, ਨਵਦੀਪ ਸਿੰਘ ਭਾਈ ਬਖਤੌਰ, ਕੌਂਸਲਰ ਕਰਮਜੀਤ ਸਿੰਘ ਰਾਣਾ ਮੌੜ, ਕੌਂਸਲਰ ਲਖਬੀਰ ਸਿੰਘ ਨਾਜੀ, ਦਮਦਮੀ ਟਕਸਾਲ ਦੇ ਅਵਤਾਰ ਸਿੰਘ ਖਾਲਸਾ ਅਤੇ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਸਰਜੀਤ ਸਿੰਘ ਸੰਦੋਹਾ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ