ਗਿਆਰਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ’ਚ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਖਿਡਾਰਨਾਂ ਨੇ ਜਿੱਤੇ 13 ਤਮਗੇ ਗਿਆਰਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ’ਚ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਖਿਡਾਰਨਾਂ ਨੇ ਜਿੱਤੇ 13 ਤਮਗੇ
Publish Date: Tue, 08 Sep 2026 05:14 PM (IST)
Updated Date: Tue, 08 Sep 2026 05:16 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਕਰਵਾਈ ਗਈ ਗਿਆਰਵੀਂ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਵਿਚ ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਤਲਵੰਡੀ ਸਾਬੋ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ਵਿਚ 13 ਤਮਗੇ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਖਿਡਾਰਨਾਂ ਦੀ ਇਸ ਪ੍ਰਾਪਤੀ ਨਾਲ ਕਾਲਜ ਵਿਚ ਖੁਸ਼ੀ ਦਾ ਮਾਹੌਲ ਹੈ। ਚੈਂਪੀਅਨਸ਼ਿਪ ਦੌਰਾਨ ਸ਼ਰਨਜੀਤ ਕੌਰ ਨੇ ਅੰਡਰ-25 ਸਿੰਗਲ ਸੋਟੀ ਇੰਡੀਵਿਜੁਅਲ ਮੁਕਾਬਲੇ ਵਿਚ ਸਿਲਵਰ ਮੈਡਲ ਹਾਸਲ ਕੀਤਾ। ਸੁਖਸਿਮਰਨਪ੍ਰੀਤ ਕੌਰ ਨੇ ਅੰਡਰ-25 ਸਿੰਗਲ ਸੋਟੀ ਟੀਮ ਮੁਕਾਬਲੇ ਅਤੇ ਸਿੰਗਲ ਸੋਟੀ ਇੰਡੀਵਿਜੁਅਲ ਮੁਕਾਬਲੇ ਵਿਚ ਦੋ ਬ੍ਰੌਂਜ਼ ਮੈਡਲ ਜਿੱਤੇ। ਇਸੇ ਤਰ੍ਹਾਂ ਅਮਰਵੀਰ ਕੌਰ ਨੇ ਅੰਡਰ-25 ਸਿੰਗਲ ਸੋਟੀ ਟੀਮ ਮੁਕਾਬਲੇ ਵਿਚ ਬ੍ਰੌਂਜ਼ ਮੈਡਲ ਆਪਣੇ ਨਾਮ ਕੀਤਾ। ਅੰਡਰ-19 ਵਰਗ ਵਿਚ ਖੁਸ਼ਪ੍ਰੀਤ ਕੌਰ ਨੇ ਸਿੰਗਲ ਸੋਟੀ ਟੀਮ ਅਤੇ ਸਿੰਗਲ ਸੋਟੀ ਇੰਡੀਵਿਜੁਅਲ ਮੁਕਾਬਲਿਆਂ ਵਿਚ ਦੋ ਬ੍ਰੌਂਜ਼ ਮੈਡਲ ਜਿੱਤੇ, ਜਦਕਿ ਹਰਮਨ ਕੌਰ ਨੇ ਅੰਡਰ-19 ਸਿੰਗਲ ਸੋਟੀ ਟੀਮ ਮੁਕਾਬਲੇ ਵਿਚ ਬ੍ਰੌਂਜ਼ ਮੈਡਲ ਹਾਸਲ ਕੀਤਾ। ਕਰਨਦੀਪ ਕੌਰ ਨੇ ਅੰਡਰ-19 ਇੰਡੀਵਿਜੁਅਲ ਡੈਮੋ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤਿਆ। ਇਸ ਤੋਂ ਇਲਾਵਾ ਸੁਖਵੀਰ ਕੌਰ ਨੇ ਅੰਡਰ-30 ਸਿੰਗਲ ਸੋਟੀ ਇੰਡੀਵਿਜੁਅਲ ਮੁਕਾਬਲੇ ਵਿਚ ਸਿਲਵਰ ਮੈਡਲ ਹਾਸਲ ਕੀਤਾ। ਜਸ਼ਨਪ੍ਰੀਤ ਕੌਰ ਨੇ ਅੰਡਰ-25 ਟੀਮ ਮੁਕਾਬਲੇ ਵਿਚ ਗੋਲਡ ਮੈਡਲ ਅਤੇ ਫਰੀ ਸੋਟੀ ਇੰਡੀਵਿਜੁਅਲ ਮੁਕਾਬਲੇ ਵਿਚ ਸਿਲਵਰ ਮੈਡਲ ਜਿੱਤਿਆ। ਕਾਜਲਪ੍ਰੀਤ ਕੌਰ ਨੇ ਅੰਡਰ-25 ਟੀਮ ਮੁਕਾਬਲੇ ਵਿਚ ਗੋਲਡ ਮੈਡਲ ਅਤੇ ਇੰਡੀਵਿਜੁਅਲ ਡੈਮੋ ਮੁਕਾਬਲੇ ਵਿਚ ਸਿਲਵਰ ਮੈਡਲ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਖਿਡਾਰਨਾਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਕਾਲਜ ਦੀ ਪ੍ਰਿੰਸੀਪਲ ਨੇ ਸਮੂਹ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਗੱਤਕਾ ਕੋਚ ਸ. ਹਰਜਿੰਦਰ ਸਿੰਘ ਕਿਲੀ ਅਤੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਦੀ ਇੰਚਾਰਜ ਪ੍ਰੋ. ਹਰਜਿੰਦਰ ਕੌਰ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਪ੍ਰਿੰਸੀਪਲ ਨੇ ਕਿਹਾ ਕਿ ਗੱਤਕਾ ਸਿੱਖਾਂ ਦੀ ਮਹਾਨ ਵਿਰਾਸਤ, ਬਹਾਦਰੀ, ਅਨੁਸ਼ਾਸਨ ਅਤੇ ਸਵੈ-ਰੱਖਿਆ ਦੀ ਕਲਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਖਿਡਾਰਨਾਂ ਨੂੰ ਇਸੇ ਤਰ੍ਹਾਂ ਮਿਹਨਤ, ਲਗਨ ਅਤੇ ਅਨੁਸ਼ਾਸਨ ਨਾਲ ਅੱਗੇ ਵਧਦਿਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਉੱਚੇ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਪ੍ਰਬੰਧਕਾਂ ਨੇ ਕਿਹਾ ਕਿ ਵਿਦਿਆਰਥਣਾਂ ਦੀ ਇਸ ਪ੍ਰਾਪਤੀ ਨਾਲ ਨਾ ਸਿਰਫ਼ ਕਾਲਜ ਦਾ ਮਾਣ ਵਧਿਆ ਹੈ, ਸਗੋਂ ਹੋਰਨਾਂ ਵਿਦਿਆਰਥਣਾਂ ਨੂੰ ਵੀ ਖੇਡਾਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਣਾ ਮਿਲੇਗੀ। ਉਨ੍ਹਾਂ ਨੇ ਸਮੂਹ ਜੇਤੂ ਖਿਡਾਰਨਾਂ, ਕੋਚ ਅਤੇ ਫਿਜ਼ੀਕਲ ਐਜੂਕੇਸ਼ਨ ਵਿਭਾਗ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।