ਧਨਤੇਰਸ ਮੌਕੇ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ ਧਨਤੇਰਸ ਮੌਕੇ ਬਾਜ਼ਾਰਾਂ ਵਿੱਚ ਲੱਗੀਆਂ ਰੌਣਕਾਂ, ਗਹਿਣਿਆਂ ਤੋਂ ਲੈ ਕੇ ਵਾਹਨਾਂ ਤਕ ਹੋਈ ਜੰਮ ਕੇ ਖਰੀਦਦਾਰੀ
Publish Date: Fri, 06 Nov 2026 05:22 PM (IST)
Updated Date: Fri, 06 Nov 2026 05:23 PM (IST)
ਗਹਿਣਿਆਂ ਤੋਂ ਲੈ ਕੇ ਵਾਹਨਾਂ ਤਕ ਹੋਈ ਜੰਮ ਕੇ ਖਰੀਦਦਾਰੀ ਲਗਪਗ 1500 ਦੋਪਹੀਆ ਵਾਹਨਾਂ ਤੇ 150 ਕਾਰਾਂ ਦੀ ਹੋਈ ਵਿਕਰੀ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਧਨਤੇਰਸ ਦੇ ਤਿਉਹਾਰ ਮੌਕੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਖੂਬ ਰੌਣਕ ਦੇਖਣ ਨੂੰ ਮਿਲੀ। ਸਵੇਰ ਤੋਂ ਹੀ ਖਰੀਦਦਾਰੀ ਕਰਨ ਲਈ ਲੋਕਾਂ ਦੀ ਭੀੜ ਬਾਜ਼ਾਰਾਂ ਵਿੱਚ ਪਹੁੰਚਣੀ ਸ਼ੁਰੂ ਹੋ ਗਈ। ਸੋਨੇ-ਚਾਂਦੀ ਦੇ ਗਹਿਣਿਆਂ ਤੋਂ ਲੈ ਕੇ ਬਰਤਨਾਂ, ਇਲੈਕਟ੍ਰਾਨਿਕਸ ਦੇ ਸਾਮਾਨ ਤੇ ਦੋਪਹੀਆ ਤੇ ਚਾਰ ਪਹੀਆ ਵਾਹਨਾਂ ਦੇ ਸ਼ੋਅਰੂਮਾਂ ਤਕ ਗਾਹਕਾਂ ਦੀ ਕਾਫ਼ੀ ਭੀੜ ਰਹੀ। ਇਸ ਵਾਰ ਕਾਰੋਬਾਰੀਆਂ ਲਈ ਧਨਤੇਰਸ ਦਾ ਤਿਉਹਾਰ ਪਿਛਲੇ ਸਾਲ ਦੇ ਮੁਕਾਬਲੇ ਬਿਹਤਰ ਰਿਹਾ ਤੇ ਚੰਗੀ ਵਿਕਰੀ ਹੋਣ ਕਾਰਨ ਵਪਾਰੀਆਂ ਦੇ ਚਿਹਰਿਆਂ ’ਤੇ ਵੀ ਖੁਸ਼ੀ ਦਿਖਾਈ ਦਿੱਤੀ। ਧਨਤੇਰਸ ਮੌਕੇ ਸੋਨਾ-ਚਾਂਦੀ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ ਪਰ ਇਸ ਵਾਰ ਸੋਨੇ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਵਧੀਆਂ ਹੋਣ ਕਾਰਨ ਗਾਹਕਾਂ ਦਾ ਰੁਝਾਨ ਚਾਂਦੀ ਵੱਲ ਵਧੇਰੇ ਰਿਹਾ। ਲੋਕਾਂ ਨੇ ਚਾਂਦੀ ਦੇ ਸਿੱਕਿਆਂ ਤੋਂ ਇਲਾਵਾ ਘੱਟ ਵਜ਼ਨ ਵਾਲੇ ਗਹਿਣਿਆਂ ਦੀ ਖਰੀਦਦਾਰੀ ਨੂੰ ਤਰਜੀਹ ਦਿੱਤੀ। ਆਪਣੇ ਬਜਟ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਆਦਾਤਰ ਗਾਹਕਾਂ ਨੇ ਛੋਟੀ ਖਰੀਦਦਾਰੀ ਕੀਤੀ। ਗਹਿਣਿਆਂ ਦੇ ਕਾਰੋਬਾਰੀਆਂ ਅਨੁਸਾਰ ਸੋਨੇ ਦੀਆਂ ਉੱਚੀਆਂ ਕੀਮਤਾਂ ਕਾਰਨ ਇਸ ਦੀ ਖਰੀਦਦਾਰੀ ਵਿੱਚ ਪਹਿਲਾਂ ਵਰਗੀ ਤੇਜ਼ੀ ਦੇਖਣ ਨੂੰ ਨਹੀਂ ਮਿਲੀ। ਬਾਕਸ ਸਟੀਲ ਦੇ ਬਰਤਨਾਂ ਦੀ ਖਰੀਦਦਾਰੀ ਦਾ ਰਿਹਾ ਰੁਝਾਨ ਧਨਤੇਰਸ ਮੌਕੇ ਬਰਤਨ ਖਰੀਦਣ ਦੀ ਪਰੰਪਰਾ ਅੱਜ ਵੀ ਬਰਕਰਾਰ ਹੈ। ਸ਼ਹਿਰ ਦੇ ਬਰਤਨ ਬਾਜ਼ਾਰ ਵਿੱਚ ਸਵੇਰ ਤੋਂ ਸ਼ਾਮ ਤੱਕ ਗਾਹਕਾਂ ਦੀ ਭੀੜ ਲੱਗੀ ਰਹੀ। ਇਸ ਵਾਰ ਲੋਕਾਂ ਨੇ ਸਟੀਲ ਦੇ ਬਰਤਨਾਂ ਨੂੰ ਵਧੇਰੇ ਪਸੰਦ ਕੀਤਾ, ਜਦਕਿ ਪਿੱਤਲ ਦੇ ਬਰਤਨਾਂ ਦੀ ਮੰਗ ਮੁਕਾਬਲਤਨ ਘੱਟ ਰਹੀ। ਪਿੱਤਲ ਦੇ ਬਰਤਨਾਂ ਨੂੰ ਸਮੇਂ-ਸਮੇਂ ’ਤੇ ਕਲਈ ਕਰਵਾਉਣ ਦੀ ਲੋੜ ਕਾਰਨ ਵੀ ਲੋਕ ਇਨ੍ਹਾਂ ਦੀ ਖਰੀਦਦਾਰੀ ਤੋਂ ਗੁਰੇਜ਼ ਕਰ ਰਹੇ ਹਨ। ਸ਼ਿਵ ਸਟੀਲ ਸਟੋਰ ਦੇ ਸੋਨੂੰ ਕੁਮਾਰ ਨੇ ਦੱਸਿਆ ਕਿ ਇਸ ਵਾਰ ਨਾਨ-ਸਟਿਕ ਅਤੇ ਪਿੱਤਲ ਦੇ ਬਰਤਨਾਂ ਦਾ ਰੁਝਾਨ ਘੱਟ ਰਿਹਾ, ਜਦਕਿ ਸਟੀਲ ਦੇ ਬਰਤਨਾਂ ਦੀ ਚੰਗੀ ਵਿਕਰੀ ਹੋਈ। ਬਾਕਸ ਫਰਿੱਜ ਤੇ ਮੋਬਾਈਲ ਦੀ ਵਧੇਰੇ ਮੰਗ, ਦੁਕਾਨਦਾਰਾਂ ਨੇ ਦਿੱਤੀਆਂ ਵਿਸ਼ੇਸ ਆਫਰਾਂ ਧਨਤੇਰਸ ਦੇ ਮੌਕੇ ਇਲੈਕਟ੍ਰਾਨਿਕਸ ਬਾਜ਼ਾਰ ਵਿੱਚ ਵੀ ਗਾਹਕਾਂ ਦੀ ਚੰਗੀ ਆਮਦ ਰਹੀ। ਦੁਕਾਨਦਾਰਾਂ ਵੱਲੋਂ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਵਿਸ਼ੇਸ਼ ਆਫ਼ਰ ਤੇ ਛੋਟਾਂ ਦਿੱਤੀਆਂ ਗਈਆਂ ਸਨ। ਇਸ ਵਾਰ ਫਰਿੱਜ ਤੇ ਮੋਬਾਈਲ ਫੋਨਾਂ ਦੀ ਵਿਕਰੀ ਵਧੇਰੇ ਰਹੀ। ਇਸ ਤੋਂ ਇਲਾਵਾ ਟੀਵੀ, ਵਾਸ਼ਿੰਗ ਮਸ਼ੀਨਾਂ ਤੇ ਹੋਰ ਇਲੈਕਟ੍ਰਾਨਿਕ ਸਾਮਾਨ ਦੀ ਵੀ ਖਰੀਦਦਾਰੀ ਹੋਈ। ਹਾਲਾਂਕਿ ਆਨਲਾਈਨ ਖਰੀਦਦਾਰੀ ਦੇ ਵਧਦੇ ਰੁਝਾਨ ਦਾ ਅਸਰ ਬਾਜ਼ਾਰ ਦੇ ਕਾਰੋਬਾਰ ’ਤੇ ਵੀ ਦੇਖਣ ਨੂੰ ਮਿਲਿਆ। ਕਈ ਗਾਹਕਾਂ ਨੇ ਇਲੈਕਟ੍ਰਾਨਿਕ ਸਾਮਾਨ ਆਨਲਾਈਨ ਖਰੀਦਣ ਨੂੰ ਤਰਜੀਹ ਦਿੱਤੀ, ਜਿਸ ਕਾਰਨ ਦੁਕਾਨਦਾਰਾਂ ਨੂੰ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਕਸ ਧਨਤੇਰਸ ਮੌਕੇ ਘਰਾਂ ਵਿੱਚ ਆਈਆਂ ਨਵੀਆਂ ਗੱਡੀਆਂ ਧਨਤੇਰਸ ਮੌਕੇ ਨਵੇਂ ਵਾਹਨ ਖਰੀਦਣ ਨੂੰ ਲੈ ਕੇ ਲੋਕਾਂ ਵਿੱਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਸ਼ਹਿਰ ਵਿੱਚ ਇਸ ਦਿਨ ਕਰੀਬ 1500 ਦੋਪਹੀਆ ਵਾਹਨਾਂ ਦੀ ਡਿਲਿਵਰੀ ਹੋਈ, ਜਦਕਿ ਚਾਰ ਪਹੀਆ ਵਾਹਨਾਂ ਦੀ ਡਿਲਿਵਰੀ ਦਾ ਅੰਕੜਾ ਕਰੀਬ 150 ਰਿਹਾ। ਕਈ ਲੋਕਾਂ ਨੇ ਪਹਿਲਾਂ ਹੀ ਆਪਣੀ ਪਸੰਦ ਦੇ ਵਾਹਨਾਂ ਦੀ ਬੁਕਿੰਗ ਕਰਵਾ ਲਈ ਸੀ ਤੇ ਸ਼ੁਭ ਦਿਨ ਦੀ ਉਡੀਕ ਕਰ ਰਹੇ ਸਨ। ਅਮਨ ਕੁਮਾਰ ਨੇ ਦੱਸਿਆ ਕਿ ਉਸ ਨੇ ਕਈ ਦਿਨ ਪਹਿਲਾਂ ਹੀ ਆਪਣੀ ਗੱਡੀ ਦੀ ਬੁਕਿੰਗ ਕਰਵਾ ਦਿੱਤੀ ਸੀ ਪਰ ਉਸ ਨੂੰ ਸ਼ੁਭ ਮੌਕੇ ’ਤੇ ਹੀ ਘਰ ਲਿਆਉਣ ਦਾ ਫ਼ੈਸਲਾ ਕੀਤਾ ਸੀ। ਬਾਕਸ ਬਜਟ ਅਨੁਸਾਰ ਲੋਕਾਂ ਨੇ ਕੀਤੀ ਖਰੀਦਦਾਰੀ ਇਸ ਵਾਰ ਬਾਜ਼ਾਰਾਂ ਵਿੱਚ ਖਰੀਦਦਾਰੀ ਦਾ ਰੁਝਾਨ ਲੋਕਾਂ ਦੇ ਬਜਟ ਅਨੁਸਾਰ ਦੇਖਣ ਨੂੰ ਮਿਲਿਆ। ਜਿੱਥੇ ਕੁਝ ਲੋਕਾਂ ਨੇ ਵਾਹਨ ਤੇ ਮਹਿੰਗੇ ਇਲੈਕਟ੍ਰਾਨਿਕ ਉਤਪਾਦ ਖਰੀਦੇ, ਉੱਥੇ ਹੀ ਜ਼ਿਆਦਾਤਰ ਗਾਹਕਾਂ ਨੇ ਆਪਣੀਆਂ ਲੋੜਾਂ ਤੇ ਆਰਥਿਕ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਖਰੀਦਦਾਰੀ ਕੀਤੀ। ਕਾਰੋਬਾਰੀਆਂ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਧਨਤੇਰਸ ’ਤੇ ਵਿਕਰੀ ਚੰਗੀ ਰਹੀ। ਸੋਨੇ ਦੀਆਂ ਵਧੀਆਂ ਕੀਮਤਾਂ ਤੇ ਆਨਲਾਈਨ ਖਰੀਦਦਾਰੀ ਦੇ ਵਧਦੇ ਰੁਝਾਨ ਦੇ ਬਾਵਜੂਦ ਬਾਜ਼ਾਰਾਂ ਵਿੱਚ ਗਾਹਕਾਂ ਦੀ ਭੀੜ ਰਹੀ। ਕੁੱਲ ਮਿਲਾ ਕੇ ਧਨਤੇਰਸ ਦੇ ਤਿਉਹਾਰ ਨੇ ਸ਼ਹਿਰ ਦੇ ਵਪਾਰੀਆਂ ਨੂੰ ਰਾਹਤ ਦਿੱਤੀ ਅਤੇ ਬਾਜ਼ਾਰਾਂ ਵਿੱਚ ਤਿਉਹਾਰੀ ਰੌਣਕ ਦੇਖਣ ਨੂੰ ਮਿਲੀ। ਧਨਤੇਰਸ ਕਾਰਨ ਸ਼ਹਿਰ ਵਿਚ ਟਰੈਫਿਕ ਦੀ ਸਮੱਸਿਆ ਵੀ ਨਜ਼ਰ ਆਈ।