ਮਰਹੂਮ ਲੋਕ ਗਾਇਕ ਕੁਲਦੀਪ ਮਾਣਕ ਦੀ ਯਾਦ ‘ਚ ਮੈਰਾਥਨ ਕਰਵਾਈ ਮਰਹੂਮ ਲੋਕ ਗਾਇਕ ਕੁਲਦੀਪ ਮਾਣਕ ਦੀ ਯਾਦ ‘ਚ ਮੈਰਾਥਨ ਕਰਵਾਈ
Publish Date: Sat, 21 Nov 2026 04:52 PM (IST)
Updated Date: Sat, 21 Nov 2026 04:55 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਪੰਜਾਬੀ ਲੋਕ ਗਾਇਕੀ ਦੇ ਬਾਬਾ ਬੋਹੜ ਮਰਹੂਮ ਗਾਇਕ ਕੁਲਦੀਪ ਮਾਣਕ ਦੀ ਯਾਦ ਨੂੰ ਸਮਰਪਿਤ ਕੁਲਦੀਪ ਸਿੰਘ ਦੀ ਅਗਵਾਈ ਹੇਠ ਮੈਰਾਥਨ ਦੌੜ ਕਰਵਾਈ ਗਈ। ਇਹ ਮੈਰਾਥਨ ਪਿੰਡ ਕੋਠਾਗੂਰ ਤੋਂ ਸ਼ੁਰੂ ਹੋ ਕੇ ਪ੍ਰਸਿੱਧ ਗਾਇਕ ਕੁਲਦੀਪ ਮਾਣਕ ਦੇ ਜੱਦੀ ਪਿੰਡ ਜਲਾਲ ਵਿਖੇ ਸੰਪੰਨ ਹੋਈ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕਰਦਿਆਂ ਦੌੜਾਕਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਮੈਰਾਥਨ ਵਿੱਚ ਵੱਡੀ ਗਿਣਤੀ ਵਿਚ ਨੌਜਵਾਨਾਂ ਤੇ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਜਤਿੰਦਰ ਭੱਲਾ ਨੇ ਕਿਹਾ ਕਿ ਮਰਹੂਮ ਗਾਇਕ ਕੁਲਦੀਪ ਮਾਣਕ ਨੇ ਆਪਣੀ ਵਿਲੱਖਣ ਤੇ ਦਮਦਾਰ ਆਵਾਜ਼ ਰਾਹੀਂ ਪੰਜਾਬੀ ਲੋਕ ਗਾਇਕੀ ਨੂੰ ਨਵੀਂ ਪਛਾਣ ਦਿੱਤੀ। ਉਨ੍ਹਾਂ ਕਿਹਾ ਕਿ ਕੁਲਦੀਪ ਮਾਣਕ ਅਜਿਹੇ ਮਹਾਨ ਕਲਾਕਾਰ ਸਨ, ਜਿਨ੍ਹਾਂ ਨੇ ਆਪਣੀ ਗਾਇਕੀ ਦੇ ਦਮ ’ਤੇ ਨਾ ਸਿਰਫ਼ ਪੰਜਾਬ ਸਗੋਂ ਦੁਨੀਆਂ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ। ਉਨ੍ਹਾਂ ਦੇ ਗਾਏ ਗੀਤ ਅੱਜ ਵੀ ਲੋਕਾਂ ਦੇ ਦਿਲਾਂ ਵਿਚ ਵਸਦੇ ਹਨ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ ਕੁਲਦੀਪ ਮਾਣਕ ਨੇ ਆਪਣੇ ਜੱਦੀ ਪਿੰਡ ਜਲਾਲ ਦਾ ਨਾਮ ਦੁਨੀਆਂ ਭਰ ਵਿਚ ਰੌਸ਼ਨ ਕੀਤਾ ਹੈ। ਅੱਜ ਉਨ੍ਹਾਂ ਦੀ ਯਾਦ ਵਿੱਚ ਕਰਵਾਈ ਗਈ ਮੈਰਾਥਨ ਰਾਹੀਂ ਨੌਜਵਾਨਾਂ ਨੇ ਇਸ ਮਹਾਨ ਗਾਇਕ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਅਜਿਹੇ ਉਪਰਾਲੇ ਜਿੱਥੇ ਸਾਡੇ ਮਹਾਨ ਕਲਾਕਾਰਾਂ ਦੀ ਵਿਰਾਸਤ ਨੂੰ ਸੰਭਾਲਣ ਵਿਚ ਸਹਾਈ ਹੁੰਦੇ ਹਨ, ਉੱਥੇ ਹੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਅਤੇ ਸਿਹਤਮੰਦ ਜੀਵਨ ਸ਼ੈਲੀ ਨਾਲ ਜੋੜਨ ਦਾ ਵੀ ਕੰਮ ਕਰਦੇ ਹਨ। ਮੈਰਾਥਨ ਦੌਰਾਨ ਖਿਡਾਰੀਆਂ ਲਈ 12 ਕਿਲੋਮੀਟਰ ਦੀ ਦੌੜ ਸਮੇਤ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਨੇ ਆਪਣੀ ਦੌੜ ਤੇ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। 12 ਕਿਲੋਮੀਟਰ ਦੀ ਦੌੜ ਸਮੇਤ ਮੁਕਾਬਲਿਆਂ ਵਿਚ ਹਰਪ੍ਰੀਤ ਸਿੰਘ, ਹਰਦੀਪ ਸਿੰਘ ਤੇ ਅਰਮਾਨ ਸਿੰਘ ਨੇ ਪਹਿਲੇ ਸਥਾਨ ਹਾਸਲ ਕਰਕੇ ਆਪਣੀ ਕਾਬਲੀਅਤ ਦਾ ਸਬੂਤ ਦਿੱਤਾ। ਮੁਕਾਬਲਿਆਂ ਦੀ ਸਮਾਪਤੀ ਉਪਰੰਤ ਜੇਤੂ ਖਿਡਾਰੀਆਂ ਨੂੰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਤੇ ਮੈਰਾਥਨ ਦੇ ਪ੍ਰਬੰਧਕ ਕੁਲਦੀਪ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਵੀ ਖੇਡਾਂ ਦੇ ਖੇਤਰ ਵਿਚ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਰਵਾਈ ਗਈ ਮੈਰਾਥਨ ਨੇ ਜਿੱਥੇ ਕੁਲਦੀਪ ਮਾਣਕ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ, ਉੱਥੇ ਹੀ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਉਤਸ਼ਾਹ ਤੇ ਸਰੀਰਕ ਤੰਦਰੁਸਤੀ ਦਾ ਸੰਦੇਸ਼ ਵੀ ਦਿੱਤਾ। ਇਸ ਮੌਕੇ ਪਿੰਡ ਮਲੂਕਾ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬਬਲਾ ਯੂਐੱਸਆਈ, ਕੋਠਾਗੁਰੂ ਦੇ ਸਰਪੰਚ ਗੋਬਿੰਦਰਪਾਲ ਸਿੰਘ, ਕੁਲਦੀਪ ਸਿੰਘ ਮਾਨ, ਪ੍ਰਭ ਮਾਨ, ਜਸਵੀਰ ਸਿੰਘ ਤੇ ਸਤਿਨਾਮ ਸਿੰਘ ਆਦਿ ਹਾਜ਼ਰ ਸਨ।