ਸਾਢੇ ਚਾਰ ਸਾਲ ਤੋਂ ਪੁਰਾਤਨ ਢੰਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਉਤਾਰਾ, ਰੋਜ਼ 6 ਘੰਟੇ ਸੇਵਾ ’ਚ ਲਾਉਂਦਾ ਹੈ ਮਨਕੀਰਤ ਸਿੰਘ
ਸੰਗੀਤ ਵਿੱਚ ਐੱਮਏ ਪਾਸ ਮਨਕੀਰਤ ਸਿੰਘ ਨੇ ਦੱਸਿਆ ਕਿ ਉਹ ਖ਼ੁਦ ਅੰਮ੍ਰਿਤਧਾਰੀ ਹੈ। ਉਸ ਨੇ ਕਿਹਾ ਕਿ ਬੀੜ ਸਾਹਿਬ ਦਾ ਉਤਾਰਾ ਕਰਨ ਲਈ ਉਸ ਦੀ ਜੀਵਨ ਸਾਥਣ ਨੇ ਉਸ ਨੂੰ ਉਤਸ਼ਾਹਿਤ ਕੀਤਾ। ਲੋੜਵੰਦ ਪਰਿਵਾਰ ਨਾਲ ਸਬੰਧਤ ਹੋਣ ਦੇ ਬਾਵਜੂਦ ਉਹ ਆਪਣੀ ਸਮਰੱਥਾ ਅਨੁਸਾਰ ਇਸ ਕਾਰਜ ਦਾ ਸਾਰਾ ਖਰਚਾ ਖ਼ੁਦ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਇਹ ਕਾਰਜ ਉਸ ਲਈ ਸਿਰਫ਼ ਲਿਖਣ ਦਾ ਕੰਮ ਨਹੀਂ, ਸਗੋਂ ਸੇਵਾ ਅਤੇ ਸਿੱਖ ਵਿਰਾਸਤ ਨਾਲ ਜੁੜਨ ਦਾ ਇੱਕ ਯਤਨ ਹੈ।
Publish Date: Tue, 18 Aug 2026 08:36 AM (IST)
Updated Date: Tue, 18 Aug 2026 08:39 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ। ਅਜੋਕੇ ਦੌਰ ’ਚ ਜਿੱਥੇ ਨੌਜਵਾਨ ਆਧੁਨਿਕ ਜੀਵਨ ਸ਼ੈਲੀ ਵਿੱਚ ਰੁੱਝੇ ਹੋਏ ਹਨ, ਉੱਥੇ ਬਠਿੰਡਾ ਜ਼ਿਲ੍ਹੇ ਦੇ ਭਗਤਾ ਭਾਈਕਾ ਦਾ ਨੌਜਵਾਨ ਮਨਕੀਰਤ ਸਿੰਘ ਸਿੱਖ ਵਿਰਾਸਤ ਨਾਲ ਜੁੜਿਆ ਵਿਲੱਖਣ ਕਾਰਜ ਕਰ ਰਿਹਾ ਹੈ।
ਉਹ ਪਿਛਲੇ ਸਾਢੇ ਚਾਰ ਸਾਲ ਤੋਂ ਪੁਰਾਤਨ ਢੰਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਹੱਥ ਲਿਖਤ ਉਤਾਰਾ ਕਰ ਰਿਹਾ ਹੈ। ਹੁਣ ਤਕ ਉਹ ਬੀੜ ਸਾਹਿਬ ਦੀ ਬਾਣੀ ਦਾ ਮੱਧ ਤਕ ਉਤਾਰਾ ਕਰ ਚੁੱਕਾ ਹੈ ਅਤੇ ਪੂਰਾ ਕਾਰਜ ਮੁਕੰਮਲ ਕਰਨ ਲਈ ਉਸ ਨੂੰ ਕਰੀਬ ਚਾਰ ਸਾਲ ਹੋਰ ਲੱਗਣ ਦੀ ਉਮੀਦ ਹੈ।
ਮਨਕੀਰਤ ਸਿੰਘ ਪੁਰਾਤਨ ਸਮੇਂ ਵਿੱਚ ਤਿਆਰ ਕੀਤੀਆਂ ਬੀੜਾਂ ਦੀ ਤਰਜ਼ ’ਤੇ ਲੜੀਵਾਰ ਗੁਰਬਾਣੀ ਦੇ ਅੱਖਰ ਆਪਣੇ ਹੱਥੀਂ ਉਕਾਰ ਰਿਹਾ ਹੈ। ਇਸ ਕਾਰਜ ਲਈ ਉਸ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮਨਜ਼ੂਰੀ ਵੀ ਲਈ ਹੈ। ਉਹ ਹਰ ਰੋਜ਼ ਕਰੀਬ ਛੇ ਘੰਟੇ ਇਸ ਸੇਵਾ ਲਈ ਸਮਰਪਿਤ ਕਰਦਾ ਹੈ ਅਤੇ ਰੋਜ਼ਾਨਾ ਲਗਪਗ ਦੋ ਅੰਗਾਂ ਦਾ ਉਤਾਰਾ ਕਰਦਾ ਹੈ।
ਬੀੜ ਸਾਹਿਬ ਲਿਖਣ ਸਮੇਂ ਪੰਨਾ ਨੰਬਰ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਉਸ ਅਨੁਸਾਰ ਇਹ ਬੀੜ ਭਾਈ ਗੁਰਦਾਸ ਜੀ ਦੇ ਸਮੇਂ ਦੀਆਂ ਬੀੜਾਂ ਦੀ ਤਰਜ਼ ਨੂੰ ਧਿਆਨ ’ਚ ਰੱਖ ਕੇ ਤਿਆਰ ਕੀਤੀ ਜਾ ਰਹੀ ਹੈ।
ਵਿਸ਼ੇਸ਼ ਸਿਆਹੀ ਵਿੱਚ ਸੋਨੇ ਦੀ ਵਰਤੋਂ
ਮਨਕੀਰਤ ਸਿੰਘ ਮੁਤਾਬਕ ਪੁਰਾਤਨ ਢੰਗ ਨਾਲ ਬੀੜ ਸਾਹਿਬ ਤਿਆਰ ਕਰਨ ’ਤੇ ਕਰੀਬ 10 ਲੱਖ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਬੀੜ ਦੀ ਜਿਲਦ ਸੋਨੇ ਦੀ ਬਣਾਈ ਜਾ ਰਹੀ ਹੈ, ਜਦਕਿ ਗੁਰਬਾਣੀ ਲਿਖਣ ਲਈ ਵਿਸ਼ੇਸ਼ ਕਿਸਮ ਦੀ ਸਿਆਹੀ ਤਿਆਰ ਕੀਤੀ ਗਈ ਹੈ।
ਉਸ ਨੇ ਦੱਸਿਆ ਕਿ ਭਾਈ ਸਾਹਿਬ ਸਿੰਘ ਦੀ ਲਿਖਤ ਵਿੱਚੋਂ ਜਾਣਕਾਰੀ ਲੈ ਕੇ ਸਿਆਹੀ ਤਿਆਰ ਕਰਨ ਦੀ ਵਿਧੀ ਤੈਅ ਕੀਤੀ ਗਈ। ਇਸ ਵਿੱਚ ਰਿੰਗਰਾਜ ਸਮੇਤ ਹੋਰ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨੂੰ ਕਰੀਬ 20 ਦਿਨ ਵਿਸ਼ੇਸ਼ ਢੰਗ ਨਾਲ ਰਗੜਿਆ ਜਾਂਦਾ ਹੈ। ਸਿਆਹੀ ਵਿੱਚ ਸੋਨੇ ਦੀ ਵਰਤੋਂ ਹੋਣ ਕਾਰਨ ਇਸ ਦੀ ਲਾਗਤ ਵੱਧ ਜਾਂਦੀ ਹੈ। ਸਿਰਫ਼ ਸਿਆਹੀ ’ਤੇ ਹੀ ਕਰੀਬ ਸਵਾ ਦੋ ਲੱਖ ਰੁਪਏ ਖਰਚ ਹੋਣ ਦਾ ਅਨੁਮਾਨ ਹੈ।
ਜੀਵਨ ਸਾਥਣ ਨੇ ਦਿੱਤਾ ਹੌਸਲਾ
ਸੰਗੀਤ ਵਿੱਚ ਐੱਮਏ ਪਾਸ ਮਨਕੀਰਤ ਸਿੰਘ ਨੇ ਦੱਸਿਆ ਕਿ ਉਹ ਖ਼ੁਦ ਅੰਮ੍ਰਿਤਧਾਰੀ ਹੈ। ਉਸ ਨੇ ਕਿਹਾ ਕਿ ਬੀੜ ਸਾਹਿਬ ਦਾ ਉਤਾਰਾ ਕਰਨ ਲਈ ਉਸ ਦੀ ਜੀਵਨ ਸਾਥਣ ਨੇ ਉਸ ਨੂੰ ਉਤਸ਼ਾਹਿਤ ਕੀਤਾ। ਲੋੜਵੰਦ ਪਰਿਵਾਰ ਨਾਲ ਸਬੰਧਤ ਹੋਣ ਦੇ ਬਾਵਜੂਦ ਉਹ ਆਪਣੀ ਸਮਰੱਥਾ ਅਨੁਸਾਰ ਇਸ ਕਾਰਜ ਦਾ ਸਾਰਾ ਖਰਚਾ ਖ਼ੁਦ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਇਹ ਕਾਰਜ ਉਸ ਲਈ ਸਿਰਫ਼ ਲਿਖਣ ਦਾ ਕੰਮ ਨਹੀਂ, ਸਗੋਂ ਸੇਵਾ ਅਤੇ ਸਿੱਖ ਵਿਰਾਸਤ ਨਾਲ ਜੁੜਨ ਦਾ ਇੱਕ ਯਤਨ ਹੈ।