ਕੋਟਲੀ ਸਾਬੋ ’ਚ ਸੂਏ ’ਚ 80 ਫੁੱਟ ਪਾੜ ਪਿਆ, 500 ਏਕੜ ਝੋਨੇ ਦੀ ਫ਼ਸਲ ਪਾਣੀ ਦੀ ਲਪੇਟ ’ਚ ਕੋਟਲੀ ਸਾਬੋ ਵਿੱਚ ਸੂਏ ਦਾ 80 ਫੁੱਟ ਪਾੜ ਪਿਆ, 500 ਏਕੜ ਝੋਨੇ ਦੀ ਫ਼ਸਲ ਪਾਣੀ ਦੀ ਲਪੇਟ ’ਚ
Publish Date: Tue, 13 Oct 2026 06:24 PM (IST)
Updated Date: Tue, 13 Oct 2026 06:26 PM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ ਸੰਗਤ ਮੰਡੀ ਪਿੰਡ ਕੋਟਲੀ ਸਾਬੋ ਤੋਂ ਗੱਗੜ ਨੂੰ ਜਾਂਦੀ ਸੜਕ ’ਤੇ ਬਣੇ ਪੁਲ ਨੇੜੇ ਸੂਏ ਵਿਚ ਕਰੀਬ 80 ਫੁੱਟ ਦਾ ਪਾੜ ਪੈਣ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਸੂਏ ’ਚੋਂ ਨਿਕਲੇ ਪਾਣੀ ਨੇ ਕਰੀਬ 500 ਏਕੜ ਝੋਨੇ ਦੀ ਫ਼ਸਲ ਨੂੰ ਆਪਣੀ ਲਪੇਟ ’ਚ ਲੈ ਲਿਆ। ਕਟਾਈ ਲਈ ਪੂਰੀ ਤਰ੍ਹਾਂ ਪੱਕ ਕੇ ਤਿਆਰ ਖੜ੍ਹੀ ਫ਼ਸਲ ਵਿਚ ਪਾਣੀ ਭਰਨ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਕੋਟਲੀ ਨੇ ਦੱਸਿਆ ਕਿ ਤਿਊਣਾ ਮਾਈਨਰ ਵਿਚੋਂ ਆਉਂਦੇ ਸੂਏ ’ਚ ਪਾੜ ਪੈਣ ਕਾਰਨ ਪਿੰਡ ਕੋਟਲੀ ਸਾਬੋ ਦੇ ਕਈ ਕਿਸਾਨਾਂ ਦੀਆਂ ਫ਼ਸਲਾਂ ’ਚ ਪਾਣੀ ਭਰ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਜਗਨੰਦਨ ਸਿੰਘ ਪੁੱਤਰ ਰੁਲਦੂ ਸਿੰਘ ਸਮੇਤ ਹੋਰ ਕਿਸਾਨਾਂ ਦੀ ਫ਼ਸਲ ਵੀ ਪਾਣੀ ਦੀ ਲਪੇਟ ਵਿਚ ਆਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਪੂਰਾ ਸੀਜ਼ਨ ਮਿਹਨਤ ਕਰਕੇ ਝੋਨੇ ਦੀ ਫ਼ਸਲ ਪਾਲੀ ਸੀ ਅਤੇ ਹੁਣ ਜਦੋਂ ਫ਼ਸਲ ਕਟਾਈ ਲਈ ਤਿਆਰ ਸੀ ਤਾਂ ਸੂਏ ਵਿਚ ਪਾੜ ਪੈਣ ਕਾਰਨ ਉਨ੍ਹਾਂ ਦੀਆਂ ਉਮੀਦਾਂ ਨੂੰ ਝਟਕਾ ਲੱਗਿਆ ਹੈ। ਖੇਤਾਂ ਵਿਚ ਪਾਣੀ ਖੜ੍ਹਨ ਨਾਲ ਫ਼ਸਲ ਦੇ ਨੁਕਸਾਨ ਦਾ ਖ਼ਦਸ਼ਾ ਵਧ ਗਿਆ ਹੈ। ਕਿਸਾਨਾਂ ਨੂੰ ਚਿੰਤਾ ਹੈ ਕਿ ਜੇਕਰ ਸਮੇਂ ਸਿਰ ਪਾਣੀ ਦੀ ਨਿਕਾਸੀ ਨਾ ਹੋਈ ਤਾਂ ਨੁਕਸਾਨ ਹੋਰ ਵਧ ਸਕਦਾ ਹੈ। ਸੂਏ ਵਿੱਚ ਪਾੜ ਪੈਣ ਦੀ ਸੂਚਨਾ ਮਿਲਣ ਤੋਂ ਬਾਅਦ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ। ਮੌਕੇ ’ਤੇ ਮੌਜੂਦ ਪਟਵਾਰੀ ਵੱਲੋਂ ਵੀ ਨਹਿਰੀ ਵਿਭਾਗ ਦੇ ਐੱਸਡੀਓ ਅਤੇ ਐਕਸੀਅਨ ਨੂੰ ਪਾਣੀ ਦਾ ਵਹਾਅ ਬੰਦ ਕਰਵਾਉਣ ਅਤੇ ਪਾੜ ਪੂਰਨ ਲਈ ਕਿਹਾ ਗਿਆ। ਇਸ ਦੇ ਬਾਵਜੂਦ ਪਾਣੀ ਦਾ ਵਹਾਅ ਰੋਕਣ ਅਤੇ ਪਾੜ ਦੀ ਮੁਰੰਮਤ ਕਰਨ ਵਿੱਚ ਮੁਸ਼ਕਲਾਂ ਆਉਂਦੀਆਂ ਰਹੀਆਂ ਪ੍ਰਭਾਵਿਤ ਕਿਸਾਨਾਂ ਨੇ ਵੀ ਆਪਣੇ ਪੱਧਰ ’ਤੇ ਪਾੜ ਪੂਰਨ ਲਈ ਕਾਫ਼ੀ ਜੱਦੋ-ਜਹਿਦ ਕੀਤੀ, ਪਰ ਖ਼ਬਰ ਲਿਖੇ ਜਾਣ ਤੱਕ ਪਾੜ ਪੂਰੀ ਤਰ੍ਹਾਂ ਪੂਰਿਆ ਨਹੀਂ ਜਾ ਸਕਿਆ ਸੀ। ਇਸ ਕਾਰਨ ਖੇਤਾਂ ਵਿੱਚ ਪਾਣੀ ਭਰਨ ਅਤੇ ਫ਼ਸਲ ਨੂੰ ਹੋਰ ਨੁਕਸਾਨ ਪਹੁੰਚਣ ਦਾ ਖ਼ਤਰਾ ਬਣਿਆ ਹੋਇਆ ਸੀ। ਭਾਰਤੀ ਕਿਸਾਨ ਯੂਨੀਅਨ ਅਤੇ ਪ੍ਰਭਾਵਿਤ ਕਿਸਾਨਾਂ ਨੇ ਸਰਕਾਰ ਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਸੂਏ ਦੇ ਪਾੜ ਨੂੰ ਤੁਰੰਤ ਪੂਰਿਆ ਜਾਵੇ ਅਤੇ ਪਾਣੀ ਦਾ ਵਹਾਅ ਰੋਕਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ, ਤਾਂ ਜੋ ਹੋਰ ਫ਼ਸਲਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਉਨ੍ਹਾਂ ਮੰਗ ਕੀਤੀ ਕਿ ਪ੍ਰਭਾਵਿਤ ਖੇਤਾਂ ਦੀ ਤੁਰੰਤ ਗਿਰਦਾਵਰੀ ਕਰਵਾਈ ਜਾਵੇ ਅਤੇ ਨੁਕਸਾਨ ਦਾ ਸਹੀ ਮੁਲਾਂਕਣ ਕਰਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ ਨੇ ਕਿਹਾ ਕਿ ਕਟਾਈ ਦੇ ਸੀਜ਼ਨ ਦੌਰਾਨ ਅਜਿਹੀ ਘਟਨਾ ਕਾਰਨ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ, ਇਸ ਲਈ ਪ੍ਰਸ਼ਾਸਨ ਅਤੇ ਨਹਿਰੀ ਵਿਭਾਗ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।