ਡੀਐੱਮ ਸਕੂਲ ਦੇ ਅਧਿਆਪਕਾਂ ਨੂੰ ਲਾਈਫਟਾਈਮ ਸਨਮਾਨ ਡੀਐਮ ਸਕੂਲ ਦੇ ਅਧਿਆਪਕਾਂ ਨੂੰ ਲਾਈਫਟਾਈਮ ਸਨਮਾਨ
Publish Date: Sun, 20 Sep 2026 05:13 PM (IST)
Updated Date: Mon, 21 Sep 2026 04:03 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਸਿੱਖਿਆ ਤੇ ਖੇਡਾਂ ਦੇ ਖੇਤਰ ਵਿੱਚ ਲਗਾਤਾਰ ਮਾਣਮੱਤੀਆਂ ਪ੍ਰਾਪਤੀਆਂ ਦਰਜ ਕਰਵਾ ਰਹੀ ਡੀਐਮ ਸਕੂਲ ਕਰਾੜਵਾਲਾ ਦੀ ਸੰਸਥਾ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਕਰਵਾਏ ਗਏ ਅਧਿਆਪਕ ਦਿਵਸ ਸਮਾਗਮਾਂ ਦੌਰਾਨ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਆਲ ਇੰਡੀਆ ਸਕੂਲ ਐਸੋਸੀਏਸ਼ਨ ਅਤੇ ਬਾਬਾ ਫਰੀਦ ਗਰੁੱਪ ਵੱਲੋਂ ਕਰਵਾਏ ਸਮਾਗਮਾਂ ਵਿੱਚ ਡੀਐਮ ਸਕੂਲ ਦੇ ਪ੍ਰਿੰਸੀਪਲ ਹਰਮੀਤ ਸਿੰਘ, ਅਧਿਆਪਕ ਗੁਰਵੀਰ ਸਿੰਘ ਅਤੇ ਜਗਪਿੰਦਰ ਸਿੰਘ ਮਾਨ ਨੂੰ ਉਨ੍ਹਾਂ ਦੀਆਂ ਸੇਵਾਵਾਂ ਅਤੇ ਸੰਸਥਾ ਦੀਆਂ ਪ੍ਰਾਪਤੀਆਂ ਵਿੱਚ ਯੋਗਦਾਨ ਲਈ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀਐਮ ਗਰੁੱਪ ਦੇ ਚੇਅਰਮੈਨ ਇੰਜੀਨੀਅਰ ਅਵਤਾਰ ਸਿੰਘ ਢਿੱਲੋਂ ਨੇ ਸੰਸਥਾ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਡੀਐਮ ਸਕੂਲ ਦੇ ਵਿਦਿਆਰਥੀਆਂ ਨੇ ਸਿੱਖਿਆ ਦੇ ਖੇਤਰ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਕਰਵਾਈ ਜੇਈਈ-ਮੇਨਜ਼ 2024 ਸੈਸ਼ਨ-1 ਪ੍ਰੀਖਿਆ ਵਿੱਚ ਵਿਦਿਆਰਥੀ ਅਨੀਰੁੱਧ ਗਰਗ ਨੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਨੀਟ 2025 ਵਿੱਚ ਵਿਦਿਆਰਥੀ ਕੇਸ਼ਵ ਮਿੱਤਲ ਨੇ ਪੰਜਾਬ ਭਰ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਖੇਡਾਂ ਦੇ ਖੇਤਰ ਵਿੱਚ ਵੀ ਡੀਐਮ ਸਕੂਲ ਦੀਆਂ ਟੀਮਾਂ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਹਨ। ਹਾਕੀ (ਲੜਕੀਆਂ) ਦੀ ਟੀਮ ਲਗਾਤਾਰ 11 ਵਾਰ ਸਟੇਟ ਪੱਧਰ ’ਤੇ ਜ਼ਿਲ੍ਹੇ ਦੀ ਅਗਵਾਈ ਕਰ ਚੁੱਕੀ ਹੈ। ਇਸੇ ਤਰ੍ਹਾਂ ਲੜਕੀਆਂ ਦੀ ਫੁੱਟਬਾਲ ਟੀਮ ਨੇ ਵੀ ਲਗਾਤਾਰ ਚੌਥੀ ਵਾਰ ਸਟੇਟ ਪੱਧਰ ’ਤੇ ਜ਼ਿਲ੍ਹੇ ਦੀ ਨੁਮਾਇੰਦਗੀ ਕਰਨ ਦਾ ਮਾਣ ਹਾਸਲ ਕੀਤਾ ਹੈ। ਇੰਜੀ. ਅਵਤਾਰ ਸਿੰਘ ਢਿੱਲੋਂ ਨੇ ਆਲ ਇੰਡੀਆ ਸਕੂਲ ਐਸੋਸੀਏਸ਼ਨ ਦੇ ਪ੍ਰਬੰਧਕਾਂ ਅਤੇ ਬਾਬਾ ਫਰੀਦ ਗਰੁੱਪ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਸਨਮਾਨਿਤ ਕੀਤੇ ਗਏ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਹੋਰ ਮਾਣਮੱਤੀਆਂ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।