45 ਵਰਗ ਮੀਟਰ ਤੱਕ ਮਕਾਨ ਉਸਾਰੀ ਲਈ 70 ਪਰਿਵਾਰਾਂ ਨੂੰ ਪੱਤਰ ਵੰਡੇ 45 ਵਰਗ ਮੀਟਰ ਤੱਕ ਮਕਾਨ ਉਸਾਰੀ ਲਈ 70 ਪਰਿਵਾਰਾਂ ਨੂੰ ਪੱਤਰ ਵੰਡੇ
Publish Date: Sat, 26 Sep 2026 04:08 PM (IST)
Updated Date: Sat, 26 Sep 2026 04:09 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਾਂ ਮੰਡੀ, ਨਗਰ ਕੌਂਸਲ ਰਾਮਾਂ ਵੱਲੋਂ ਸਰਕਾਰੀ ਮਕਾਨ ਉਸਾਰੀ ਸਕੀਮ ਤਹਿਤ ਅੱਜ 70 ਲਾਭਪਾਤਰੀ ਪਰਿਵਾਰਾਂ ਨੂੰ ਇਰਾਦਾ ਪੱਤਰ ਵੰਡੇ ਗਏ। ਪੱਤਰਾਂ ਰਾਹੀਂ ਲਾਭਪਾਤਰੀਆਂ ਨੂੰ ਮਕਾਨ ਉਸਾਰੀ ਲਈ ਮਿਲਣ ਵਾਲੀ ਸਹਾਇਤਾ ਰਾਸ਼ੀ ਅਤੇ ਸਕੀਮ ਦੀਆਂ ਵੱਖ-ਵੱਖ ਸ਼ਰਤਾਂ ਬਾਰੇ ਜਾਣਕਾਰੀ ਦਿੱਤੀ ਗਈ। ਨਗਰ ਕੌਂਸਲ ਅਨੁਸਾਰ 45 ਵਰਗ ਮੀਟਰ ਤੋਂ ਵੱਧ ਉਸਾਰੀ ਕਰਨ ਦੀ ਸੂਰਤ ਵਿਚ ਵਾਧੂ ਉਸਾਰੀ ਲਈ ਕੋਈ ਵੱਖਰੀ ਵਿੱਤੀ ਸਹਾਇਤਾ ਨਹੀਂ ਦਿੱਤੀ ਜਾਵੇਗੀ। ਪੱਤਰ ਅਨੁਸਾਰ ਨੀਂਹ ਪੱਧਰ ਤੱਕ ਉਸਾਰੀ ਮੁਕੰਮਲ ਹੋਣ ਅਤੇ ਸਰਵੇਖਣਕਾਰ ਵੱਲੋਂ ਭੂ-ਸਥਾਨ ਨਿਸ਼ਾਨਦੇਹੀ ਰਾਹੀਂ ਜਾਂਚ ਰਿਪੋਰਟ ਦੇਣ ਉਪਰੰਤ ਨਿਰਧਾਰਤ ਹਦਾਇਤਾਂ ਅਨੁਸਾਰ ਪਹਿਲੀ ਕਿਸ਼ਤ ਜਾਰੀ ਕੀਤੀ ਜਾਵੇਗੀ। ਜੇਕਰ ਸਹਾਇਤਾ ਰਾਸ਼ੀ ਪ੍ਰਾਪਤ ਕਰਨ ਤੋਂ ਬਾਅਦ ਲਾਭਪਾਤਰੀ ਮਕਾਨ ਦੀ ਉਸਾਰੀ ਮੁਕੰਮਲ ਨਹੀਂ ਕਰਦਾ ਤਾਂ ਰਾਸ਼ੀ ਵਾਪਸ ਲੈਣ ਸਬੰਧੀ ਕਾਰਵਾਈ ਕੀਤੀ ਜਾ ਸਕਦੀ ਹੈ। ਦਸਤਾਵੇਜ਼ ਜਾਂ ਜਾਣਕਾਰੀ ਗਲਤ ਜਾਂ ਜਾਅਲੀ ਪਾਏ ਜਾਣ ’ਤੇ ਦਾਅਵਾ ਰੱਦ ਕਰਕੇ ਨਿਯਮਾਂ ਅਨੁਸਾਰ ਕਾਰਵਾਈ ਹੋਵੇਗੀ। ਸਕੀਮ ਤਹਿਤ ਲਾਭਪਾਤਰੀ ਪੰਜ ਸਾਲ ਤੱਕ ਮਕਾਨ ਵੇਚ ਨਹੀਂ ਸਕੇਗਾ। ਲਾਭਪਾਤਰੀ ਦੀ ਮੌਤ ਹੋਣ ’ਤੇ ਵਾਰਸ ਨੂੰ ਮੌਤ ਦਾ ਸਰਟੀਫਿਕੇਟ ਨਗਰ ਕੌਂਸਲ ਵਿਚ ਜਮ੍ਹਾਂ ਕਰਵਾਉਣਾ ਹੋਵੇਗਾ, ਜਿਸ ਤੋਂ ਬਾਅਦ ਬਕਾਇਆ ਰਾਸ਼ੀ ਵਾਰਸ ਨੂੰ ਜਾਰੀ ਕੀਤੀ ਜਾ ਸਕੇਗੀ। ਸਹਾਇਤਾ ਰਾਸ਼ੀ ਸਰਕਾਰ ਤੋਂ ਫੰਡ ਪ੍ਰਾਪਤ ਹੋਣ ਉਪਰੰਤ ਭੂ-ਸਥਾਨ ਪੁਸ਼ਟੀ ਦੇ ਆਧਾਰ ’ਤੇ ਸਿੱਧੀ ਲਾਭਪਾਤਰੀ ਦੇ ਬੈਂਕ ਖਾਤੇ ਵਿਚ ਭੇਜੀ ਜਾਵੇਗੀ। ਸ਼ਰਤਾਂ ਸਬੰਧੀ ਇਤਰਾਜ਼ ਹੋਣ ’ਤੇ 10 ਦਿਨਾਂ ਅੰਦਰ ਲਿਖਤੀ ਸੂਚਨਾ ਦੇਣ ਲਈ ਕਿਹਾ ਗਿਆ ਹੈ। ਇਸ ਮੌਕੇ ਪ੍ਰਧਾਨ ਰੁਚਿਕਾ ਗੋਇਲ, ਬੰਟੀ ਗਰਗ, ਵਿਜੇਪਾਲ, ਬਲਜਿੰਦਰ ਸਿੰਘ ਨੰਬਰਦਾਰ, ਗੁਰਪ੍ਰੀਤ ਕੌਰ ਸਿੱਧੂ, ਸ਼ਿਵਾਨੀ ਗੋਇਲ, ਪਰਮਪ੍ਰੀਤ ਕੌਰ ਸਿੱਧੂ, ਅਸ਼ੋਕ ਕੁਮਾਰ ਗੋਇਲ ਸਮੇਤ ਕੌਂਸਲਰ, ਅਧਿਕਾਰੀ ਅਤੇ ਹੋਰ ਪਤਵੰਤੇ ਹਾਜ਼ਰ ਸਨ।