ਲੀਡ----ਜ਼ਿਲ੍ਹੇ ’ਚ ਅਮਨ-ਕਾਨੂੰਨ ਦੀ ਸਥਿਤੀ ਬੇਕਾਬੂ, ਸ਼ਰੇਆਮ ਹਥਿਆਰ ਲਹਿਰਾ ਰਹੇ ਬਦਮਾਸ਼ ਜ਼ਿਲ੍ਹੇ ’ਚ ਅਮਨ-ਕਾਨੂੰਨ ਦੀ ਸਥਿਤੀ ਬੇਕਾਬੂ, ਸ਼ਰੇਆਮ ਹਥਿਆਰ ਲਹਿਰਾ ਰਹੇ ਬਦਮਾਸ਼
Publish Date: Thu, 10 Sep 2026 07:49 PM (IST)
Updated Date: Fri, 11 Sep 2026 04:08 AM (IST)
ਘਰ ’ਚ ਦਾਖ਼ਲ ਹੋਏ ਨੌਜਵਾਨ, ਨਥਾਣਾ ’ਚ ਪੁਲਿਸ ਇੰਸਪੈਕਟਰ ਦੇ ਭਰਾ ਦੀ ਕੁੱਟਮਾਰ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਜ਼ਿਲ੍ਹੇ ਅੰਦਰ ਪਿਛਲੇ ਕੁਝ ਸਮੇਂ ਤੋਂ ਵਾਪਰ ਰਹੀਆਂ ਲੁੱਟ-ਖੋਹ, ਕੁੱਟਮਾਰ ਤੇ ਹਥਿਆਰਾਂ ਨਾਲ ਜੁੜੀਆਂ ਘਟਨਾਵਾਂ ਕਾਰਨ ਅਮਨ-ਕਾਨੂੰਨ ਦੀ ਸਥਿਤੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ’ਚ ਹਰ ਰੋਜ਼ ਵਾਪਰ ਰਹੀਆਂ ਵੱਖ-ਵੱਖ ਘਟਨਾਵਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ, ਜਿਸ ਕਾਰਨ ਲੋਕਾਂ ’ਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਸ਼ਰੇਆਮ ਹਥਿਆਰ ਲਹਿਰਾਉਣ ਤੇ ਗੁੰਡਾਗਰਦੀ ਦੀਆਂ ਘਟਨਾਵਾਂ ’ਤੇ ਸਖ਼ਤੀ ਨਾਲ ਨਕੇਲ ਪਾਉਣ ਦੀ ਲੋੜ ਹੈ। ਤਾਜ਼ਾ ਮਾਮਲਾ ਬਠਿੰਡਾ ਦੇ ਬੱਲਾਰਾਮ ਨਗਰ ਇਲਾਕੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ 3 ਨੌਜਵਾਨ ਇਕ ਘਰ ਦਾ ਦਰਵਾਜ਼ਾ ਟੱਪ ਕੇ ਅੰਦਰ ਦਾਖ਼ਲ ਹੋ ਗਏ ਤੇ ਇਸ ਤੋਂ ਬਾਅਦ ਛੱਤ ’ਤੇ ਚੜ੍ਹ ਗਏ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਦੇ ਪਿੱਛੇ 15 ਤੋਂ 20 ਦੇ ਕਰੀਬ ਹੋਰ ਵਿਅਕਤੀ ਵੀ ਹਥਿਆਰਾਂ ਨਾਲ ਲੈਸ ਹੋ ਕੇ ਆ ਰਹੇ ਸਨ। ਘਰ ’ਚ ਅਣਪਛਾਤੇ ਵਿਅਕਤੀਆਂ ਦੇ ਦਾਖ਼ਲ ਹੋਣ ਕਾਰਨ ਪਰਿਵਾਰ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪਰਿਵਾਰਕ ਮੈਂਬਰਾਂ ਨੇ ਤੁਰੰਤ ਆਪਣੇ ਹੋਰ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਫੋਨ ਕਰ ਕੇ ਮੌਕੇ ’ਤੇ ਬੁਲਾਇਆ। ਇਸ ਦੌਰਾਨ ਇੱਕ ਨੌਜਵਾਨ ਨੂੰ ਕਾਬੂ ਕਰ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ, ਜਦਕਿ ਦੋ ਹੋਰ ਨੌਜਵਾਨ ਫਰਾਰ ਹੋਣ ’ਚ ਕਾਮਯਾਬ ਹੋ ਗਏ। ਮਾਮਲੇ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਘਟਨਾ ਦੇ ਪਿੱਛੇ ਅਸਲ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਬਠਿੰਡਾ ਦੇ ਪਰਸਰਾਮ ਨਗਰ ਇਲਾਕੇ ’ਚ ਵੀ ਹਥਿਆਰਾਂ ਨਾਲ ਲੈਸ ਨੌਜਵਾਨਾਂ ਵੱਲੋਂ ਇੱਕ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ। ਵੀਡੀਓ ’ਚ ਨੌਜਵਾਨਾਂ ਵੱਲੋਂ ਹਥਿਆਰਾਂ ਦੀ ਵਰਤੋਂ ਤੇ ਵਿਅਕਤੀ ਨਾਲ ਕੁੱਟਮਾਰ ਕਰਨ ਦੇ ਦ੍ਰਿਸ਼ਾਂ ਨੇ ਲੋਕਾਂ ’ਚ ਚਿੰਤਾ ਪੈਦਾ ਕੀਤੀ। ਸ਼ਹਿਰ ’ਚ ਕਾਪੇ, ਗੰਡਾਸੇ ਤੇ ਹੋਰ ਮਾਰੂ ਹਥਿਆਰ ਲੈ ਕੇ ਘੁੰਮਦੇ ਨੌਜਵਾਨਾਂ ਦੀਆਂ ਵੀਡੀਓਜ਼ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵੱਲੋਂ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕੇ ਜਾ ਰਹੇ ਹਨ। ਲਗਾਤਾਰ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਕਾਰਨ ਆਮ ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਰਹੀ ਹੈ। ਬਾਕਸ-- ਇੰਸਪੈਕਟਰ ਦੇ ਭਰਾ ਦੀ ਕੀਤੀ ਕੁੱਟਮਾਰ ਬਠਿੰਡਾ ਕਾਊਂਟਰ ਇੰਟੈਲੀਜੈਂਸ ’ਚ ਤਾਇਨਾਤ ਇੱਕ ਪੁਲਿਸ ਇੰਸਪੈਕਟਰ ਦੇ ਭਰਾ ਦੀ ਪੂਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਬਾਸੀ ਪਿੰਡ ਗਿੱਦੜ ਬੱਸ ’ਚ ਸਵਾਰ ਹੋ ਕੇ ਜਾ ਰਿਹਾ ਸੀ ਕਿ ਪਿੰਡ ਦੇ ਹੀ 4 ਵਿਅਕਤੀਆਂ ਨੇ ਉਹ ਨੂੰ ਨਥਾਣਾ ਨੇੜੇ ਘੇਰ ਲਿਆ। ਮੁਲਜ਼ਮ ਬੱਸ ’ਚ ਹੀ ਸਵਾਰ ਹੋ ਗਏ ਤੇ ਉਨ੍ਹਾਂ ਡੰਡਿਆਂ ਨਾਲ ਬੁਰੀ ਤਰ੍ਹਾਂ ਕੁਲਦੀਪ ਸਿੰਘ ਨੂੰ ਕੁੱਟ-ਕੁੱਟ ਕੇ ਜ਼ਖਮੀ ਕਰ ਦਿੱਤਾ। ਜਦੋਂ ਮੁਲਜਮ ਕੁਲਦੀਪ ਸਿੰਘ ਦੀ ਕੁੱਟਮਾਰ ਕਰ ਰਹੇ ਸਨ ਤਾਂ ਬੱਸ ’ਚ ਬੈਠੀਆਂ ਸਵਾਰੀਆਂ ’ਚ ਹੜਕੰਪ ਮੱਚ ਗਿਆ। ਪੀੜਤ ਕੁਲਦੀਪ ਸਿੰਘ ਨਥਾਣਾ ਦੇ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਹੈ। ਡੀਐੱਸਪੀ ਭੁੱਚੋ ਮੰਡੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਦਾ ਆਪਣੇ ਹੀ ਸਕੇ-ਸਹੇਲਿਆਂ ਨਾਲ ਪਹੀ ਦੀ ਤਕਸੀਮ ਨੂੰ ਲੈ ਕੇ ਰੌਲਾ ਚੱਲਦਾ ਹੈ, ਜਿਸ ਕਾਰਨ ਪਿੰਡ ਗਿੱਦੜ ਦੇ 4 ਲੋਕਾਂ ਨੇ ਉਸਦੀ ਡੰਡਿਆਂ ਨਾਲ ਕੁੱਟਮਾਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪੀੜਤ ਦਾ ਭਰਾ ਕਾਊਂਟਰ ਇੰਟੈਲੀਜੈਂਸ ’ਚ ਪਿਛਲੇ ਕਾਫੀ ਸਮੇਂ ਤੋਂ ਇੰਸਪੈਕਟਰ ਵਜੋਂ ਸੇਵਾਵਾਂ ਦੇ ਰਿਹਾ। ਇੰਸਪੈਕਟਰ ਦੇ ਭਰਾ ਦੀ ਸ਼ਰੇਆਮ ਬੱਸ ’ਚ ਵੜ ਕੇ ਕੁੱਟਮਾਰ ਕਰਨ ਦੀ ਕਾਫੀ ਚਰਚਾ ਹੋ ਰਹੀ ਹੈ। ਬਾਕਸ ‘ਕੋਈ ਵੀ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ’ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸੋਨੂ ਮਹੇਸ਼ਵਰੀ ਨੇ ਕਿਹਾ ਕਿ ਹਾਲਾਤ ਚਿੰਤਾਜਨਕ ਬਣਦੇ ਜਾ ਰਹੇ ਹਨ ਤੇ ਆਮ ਲੋਕ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਹਰ ਰੋਜ਼ ਸ਼ਹਿਰ ’ਚ ਹਥਿਆਰਾਂ ਨਾਲ ਲੈਸ ਬਦਮਾਸ਼ਾਂ ਵੱਲੋਂ ਕਿਸੇ ਨਾ ਕਿਸੇ ਘਟਨਾ ਨੂੰ ਅੰਜਾਮ ਦੇਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹੇ ਹਾਲਾਤਾਂ ’ਚ ਪੁਲਿਸ ਨੂੰ ਹਥਿਆਰ ਲੈ ਕੇ ਘੁੰਮਣ ਵਾਲੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਵੱਲੋਂ ਅਸਲਾ ਲਾਇਸੈਂਸ ਬਣਾਉਣ ’ਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਸ਼ਹਿਰ ’ਚ ਹਥਿਆਰਾਂ ਦੀ ਨੁਮਾਇਸ਼ ਤੇ ਇਨ੍ਹਾਂ ਦੀ ਵਰਤੋਂ ਨਾਲ ਜੁੜੀਆਂ ਘਟਨਾਵਾਂ ਵਧਣ ਕਾਰਨ ਲੋਕ ਚਿੰਤਤ ਹਨ। ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਲੋਕ ਆਪਣੇ ਆਪ ਨੂੰ ਹੀ ਨਹੀਂ ਸਗੋਂ ਆਪਣੇ ਵਾਹਨਾਂ ਤੇ ਜਾਇਦਾਦ ਨੂੰ ਲੈ ਕੇ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਲੋਕਾਂ ਦੀ ਮੰਗ ਹੈ ਕਿ ਪੁਲਿਸ ਵੱਲੋਂ ਅਜਿਹੇ ਅਨਸਰਾਂ ਦੀ ਪਛਾਣ ਕਰ ਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸ਼ਹਿਰ ਵਿੱਚ ਗਸ਼ਤ ਵਧਾਈ ਜਾਵੇ ਤਾਂ ਜੋ ਆਮ ਲੋਕਾਂ ’ਚ ਸੁਰੱਖਿਆ ਦੀ ਭਾਵਨਾ ਮੁੜ ਪੈਦਾ ਹੋ ਸਕੇ।