ਆਜ਼ਾਦੀ ਦਿਵਸ ’ਤੇ ਕੇਪੀਐੱਮਯੂ ਨੇ ਕੀਤਾ ਮੋਟਰਸਾਈਕਲ ਮਾਰਚ ਆਜ਼ਾਦੀ ਦਿਵਸ ’ਤੇ ਕੇਪੀਐਮਯੂ ਨੇ ਕੀਤਾ ਮੋਟਰਸਾਈਕਲ ਮਾਰਚ
Publish Date: Mon, 17 Aug 2026 04:27 PM (IST)
Updated Date: Mon, 17 Aug 2026 04:30 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਮਜ਼ਦੂਰ ਮੰਗਾਂ ਨੂੰ ਲੈ ਕੇ 15 ਅਗਸਤ ਨੂੰ ਜੀਰਾ ਤਹਿਸੀਲ ਵਿਚ ਮੋਟਰਸਾਈਕਲ ਮਾਰਚ ਕੱਢਿਆ ਗਿਆ। ਯੂਨੀਅਨ ਦੇ ਬਲਾਕ ਪ੍ਰਧਾਨ ਜਗਸੀਰ ਸਿੰਘ ਨੇ ਦੱਸਿਆ ਕਿ ਮਾਰਚ ਦੀ ਅਗਵਾਈ ਸੂਬਾ ਕੈਸ਼ੀਅਰ ਗਿਆਨ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਸੰਦੀਪ ਭੰਡੋਰੀ ਨੇ ਕੀਤੀ, ਜਿਸ ਵਿੱਚ ਮੋਗਾ ਜ਼ਿਲ੍ਹੇ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਮਾਰਚ ਦਾਣਾ ਮੰਡੀ ਜੀਰਾ ਤੋਂ ਸ਼ੁਰੂ ਹੋ ਕੇ ਮਨਸੂਰਦੇਵਾ, ਰਟੌਲ ਵੇਟ, ਸੁੱਖੇਵਾਲਾ, ਸ਼ਾਹਵਾਲਾ, ਨੂਰਪੁਰ, ਮੱਲੋਕੇ, ਮਲਸੀਹਾਂ, ਨਵਾਂ ਜੀਰਾ, ਫੇਰੋਕੇ ਅਤੇ ਗਾਦੜੀਵਾਲਾ ਆਦਿ ਪਿੰਡਾਂ ਵਿਚੋਂ ਹੁੰਦਾ ਹੋਇਆ ਮੁੜ ਜੀਰਾ ਪਹੁੰਚ ਕੇ ਸਮਾਪਤ ਹੋਇਆ। ਵੱਖ-ਵੱਖ ਥਾਵਾਂ ’ਤੇ ਹੋਈਆਂ ਰੈਲੀਆਂ ਨੂੰ ਗਿਆਨ ਸਿੰਘ ਸ਼ਾਹਵਾਲਾ, ਸੰਦੀਪ ਭੰਡੋਰੀ, ਸਿੰਦਰ ਸਿੰਘ ਸਾਫੂਵਾਲਾ, ਰੇਸ਼ਮ ਰਟੌਲ ਅਤੇ ਤੇਜ ਸਿੰਘ ਨਾਹਲ ਖੋਟੇ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਮਜ਼ਦੂਰਾਂ ਤੇ ਕਿਸਾਨਾਂ ਦੀ ਅਸਲ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਸਨ, ਪਰ 1947 ਦੀ ਸੱਤਾ ਤਬਦੀਲੀ ਤੋਂ ਬਾਅਦ ਵੀ ਗਰੀਬੀ, ਭੁੱਖਮਰੀ ਅਤੇ ਬੇਰੁਜ਼ਗਾਰੀ ਖਤਮ ਨਹੀਂ ਹੋਈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਮਜ਼ਦੂਰਾਂ ਅਤੇ ਕਿਸਾਨਾਂ ਦੇ ਹਿੱਤਾਂ ਦੇ ਵਿਰੁੱਧ ਹਨ। ਆਗੂਆਂ ਨੇ ਕਿਹਾ ਕਿ 43 ਦੇ ਕਰੀਬ ਕਿਰਤ ਕਾਨੂੰਨਾਂ ਦੀ ਥਾਂ ਚਾਰ ਲੇਬਰ ਕੋਡ ਲਿਆ ਕੇ ਮਜ਼ਦੂਰਾਂ ਦੇ ਹੱਕ ਕਮਜ਼ੋਰ ਕੀਤੇ ਜਾ ਰਹੇ ਹਨ। ਨਰੇਗਾ ਨੂੰ ਵੀ ਕਮਜ਼ੋਰ ਕਰਨ ਦੇ ਦੋਸ਼ ਲਗਾਉਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਜ਼ਦੂਰ ਮੰਗਾਂ ਪ੍ਰਤੀ ਟਾਲਮਟੋਲ ਕੀਤੀ ਜਾ ਰਹੀ ਹੈ। ਉਨ੍ਹਾਂ ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।