ਨਸ਼ਾ ਤਸਕਰਾਂ ਦਾ ਸਮਾਜਿਕ ਬਾਈਕਾਟ ਕਰਨਗੇ ਕੋਟਗੁਰੂ ਵਾਸੀ ਨਸ਼ਾ ਵੇਚਣ ਵਾਲਿਆਂ ਦਾ ਸਮਾਜਿਕ ਬਾਈਕਾਟ ਕਰਨਗੇ ਕੋਟਗੁਰੂ ਵਾਸੀ
Publish Date: Tue, 06 Oct 2026 07:22 PM (IST)
Updated Date: Wed, 07 Oct 2026 04:09 AM (IST)
* ਪੰਚਾਇਤ ਨੇ ਮਤਾ ਪਾਸ ਕਰਕੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਰੁਖ਼ ਅਪਣਾਇਆ * ਨਸ਼ਿਆਂ ਦੀ ਦਲਦਲ ’ਚ ਫਸੇ ਨੌਜਵਾਨਾਂ ਨੂੰ ਬਚਾਉਣ ਦਾ ਲਿਆ ਸੰਕਲਪ ਫੋਟੋ:27 ਕੈਪਸ਼ਨ : ਨਸ਼ਿਆਂ ਵਿਰੁੱਧ ਮਤਾ ਸਰਬਸੰਮਤੀ ਨਾਲ ਪ੍ਰਵਾਨ ਕਰਦੇ ਹੋਏ ਪਿੰਡ ਕੋਟਗੁਰੂ ਦੇ ਵਸਨੀਕ। ਧਰਮਪਾਲ ਸਿੰਘ, ਪੰਜਾਬੀ ਜਾਗਰਣ ਸੰਗਤ ਮੰਡੀ : ਨਸ਼ਿਆਂ ਕਾਰਨ ਘਰਾਂ ’ਚ ਪਸਰ ਰਹੇ ਹਨੇਰੇ ਤੇ ਨੌਜਵਾਨ ਪੀੜ੍ਹੀ ਦੇ ਭਵਿੱਖ ’ਤੇ ਪੈ ਰਹੇ ਮਾੜੇ ਪ੍ਰਭਾਵਾਂ ਨੂੰ ਦੇਖਦਿਆਂ ਪਿੰਡ ਕੋਟਗੁਰੂ ਵਾਸੀਆਂ ਨੇ ਹੁਣ ਨਸ਼ਿਆਂ ਖ਼ਿਲਾਫ਼ ਖੁੱਲ੍ਹ ਕੇ ਡਟਣ ਦਾ ਫ਼ੈਸਲਾ ਕੀਤਾ ਹੈ। ਪਿੰਡ ਦੀ ਪੰਚਾਇਤ ਤੇ ਵਸਨੀਕਾਂ ਨੇ ਇਕਜੁੱਟ ਹੋ ਕੇ ਪਿੰਡ ’ਚ ਨਸ਼ਿਆਂ ਦੀ ਵਰਤੋਂ ਤੇ ਵਿਕਰੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਦਿਆਂ ਨਸ਼ਾ ਵੇਚਣ ਵਾਲਿਆਂ ਤੇ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਦਾ ਸਮਾਜਿਕ ਬਾਈਕਾਟ ਕਰਨ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਹੈ। ਸਰਪੰਚ ਕੁਲਵਿੰਦਰ ਸਿੰਘ ਚੌਹਾਨ ਦੀ ਅਗਵਾਈ ਹੇਠ ਪਿੰਡ ਦੇ ਇਤਿਹਾਸਕ ਡੇਰਾ ਬਾਬਾ ਭੋਲਾ ਦਾਸ ਜੀ ਦੇ ਪਵਿੱਤਰ ਅਸਥਾਨ ਵਿਖੇ ਹੋਏ ਇਕੱਠ ਦੌਰਾਨ ਵੱਡੀ ਗਿਣਤੀ ’ਚ ਪਿੰਡ ਵਾਸੀ ਇਕੱਠੇ ਹੋਏ। ਇਸ ਮੌਕੇ ਨਸ਼ਿਆਂ ਦੇ ਮੁੱਦੇ ’ਤੇ ਗੰਭੀਰ ਚਰਚਾ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਨਸ਼ਾ ਸਿਰਫ਼ ਇਕ ਵਿਅਕਤੀ ਦੀ ਜ਼ਿੰਦਗੀ ਨਹੀਂ ਬਰਬਾਦ ਕਰਦਾ, ਸਗੋਂ ਇਸ ਦਾ ਅਸਰ ਪੂਰੇ ਪਰਿਵਾਰ ’ਤੇ ਪੈਂਦਾ ਹੈ। ਕਈ ਪਰਿਵਾਰ ਆਪਣੇ ਜਵਾਨ ਪੁੱਤਰਾਂ ਨੂੰ ਨਸ਼ਿਆਂ ਦੀ ਦਲਦਲ ’ਚ ਫਸਦਾ ਦੇਖ ਕੇ ਮਾਨਸਿਕ ਤੇ ਆਰਥਿਕ ਤੌਰ ’ਤੇ ਟੁੱਟ ਜਾਂਦੇ ਹਨ। ਪੰਚਾਇਤ ਵੱਲੋਂ ਪਾਸ ਕੀਤੇ ਮਤੇ ਤਹਿਤ ਨਸ਼ਿਆਂ ਦੀ ਲਤ ’ਚ ਫਸੇ ਨੌਜਵਾਨਾਂ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਣ ਦੀ ਬਜਾਏ ਉਨ੍ਹਾਂ ਨੂੰ ਨਸ਼ਾ ਛੱਡਣ ਤੇ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਰੁਖ਼ ਅਪਣਾਉਣ ਦਾ ਫ਼ੈਸਲਾ ਕੀਤਾ ਗਿਆ। ਪਿੰਡ ’ਚ ਨਸ਼ਾ ਵੇਚਣ ਵਾਲੇ ਵਿਅਕਤੀਆਂ ਬਾਰੇ ਜਾਣਕਾਰੀ ਮਿਲਣ ’ਤੇ ਉਨ੍ਹਾਂ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰਨ ਲਈ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ’ਤੇ ਯਤਨ ਕੀਤੇ ਜਾਣਗੇ। ਮਤੇ ਦੀ ਇਕ ਅਹਿਮ ਸ਼ਰਤ ਤਹਿਤ ਨਸ਼ਾ ਵੇਚਣ ਦੇ ਦੋਸ਼ੀ ਵਿਅਕਤੀ ਦੀ ਪਿੰਡ ਦਾ ਕੋਈ ਵੀ ਵਸਨੀਕ ਜ਼ਮਾਨਤ ਨਹੀਂ ਕਰਵਾਏਗਾ ਤੇ ਅਜਿਹੇ ਵਿਅਕਤੀਆਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਪਿੰਡ ਵਾਸੀਆਂ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਸਿਰਫ਼ ਪੁਲਿਸ ਜਾਂ ਸਰਕਾਰ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਮੁੱਚੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਇਸ ਮੌਕੇ ਪੰਚ ਬਿੰਦਰ ਸਿੰਘ, ਪੰਚ ਸੁਖਦੀਪ ਸਿੰਘ ਸਿੱਧੂ, ਪੰਚ ਗੁਰਦਾਸ ਸਿੰਘ, ਗੁਰਪ੍ਰੀਤ ਸਿੰਘ, ਕਸ਼ਮੀਰ ਸਿੰਘ, ਜਗਸੀਰ ਸਿੰਘ, ਨਿਰਮਲ ਸਿੰਘ, ਕੁਲਦੀਪ ਸਿੰਘ, ਮੰਦਰ ਸਿੰਘ, ਤਰਸੇਮ ਸਿੰਘ, ਕੁਲਵਿੰਦਰ ਸਿੰਘ, ਚੰਦ ਸਿੰਘ, ਬਲਜੀਤ ਸਿੰਘ, ਸੰਦੀਪ ਸਿੰਘ, ਸਤਵੀਰ ਸਿੰਘ, ਬੂਟਾ ਸਿੰਘ ਅਤੇ ਕਾਲਾ ਸਿੱਧੂ ਸਮੇਤ ਪਿੰਡ ਵਾਸੀ ਹਾਜ਼ਰ ਸਨ।