ਕੇਵਲ ਢਿੱਲੋਂ ਨੂੰ ਯੂਥ ਵਪਾਰ ਮੰਡਲ ਦਾ ਵਫ਼ਦ ਮਿਲਿਆ ਕੇਵਲ ਢਿੱਲੋਂ ਨੂੰ ਯੂਥ ਵਪਾਰ ਮੰਡਲ ਦਾ ਵਫ਼ਦ ਮਿਲਿਆ
Publish Date: Fri, 14 Aug 2026 04:17 PM (IST)
Updated Date: Fri, 14 Aug 2026 04:20 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਯੂਥ ਵਪਾਰ ਮੰਡਲ ਭਗਤਾ ਭਾਈ ਦੇ ਵਫ਼ਦ ਨੇ ਪ੍ਰਧਾਨ ਜਤਿੰਦਰ ਕੁਮਾਰ ਸ਼ੈਂਕੀ ਗੋਇਲ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਵਫ਼ਦ ਵੱਲੋਂ ਸ਼ਹਿਰ ਵਾਸੀਆਂ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੁਲਾਕਾਤ ਦੌਰਾਨ ਸਭ ਤੋਂ ਅਹਿਮ ਮੁੱਦਾ ਭਗਤਾ ਭਾਈ ਵਿਖੇ ਸਥਿਤ ਭਾਰਤ ਗੈਸ ਏਜੰਸੀ ਨੂੰ ਗ੍ਰਾਮੀਣ ਖੇਤਰ ਦੀ ਸ਼੍ਰੇਣੀ ਵਿਚੋਂ ਕੱਢ ਕੇ ਸ਼ਹਿਰੀ ਖੇਤਰ ਵਿਚ ਤਬਦੀਲ ਕਰਨ ਦਾ ਉਠਾਇਆ ਗਿਆ। ਵਫ਼ਦ ਨੇ ਦੱਸਿਆ ਕਿ ਭਗਤਾ ਭਾਈਕਾ ਇਕ ਵਿਕਸਤ ਹੋ ਰਿਹਾ ਸ਼ਹਿਰੀ ਖੇਤਰ ਹੈ ਅਤੇ ਇੱਥੋਂ ਦੇ ਵੱਡੀ ਗਿਣਤੀ ’ਚ ਲੋਕ ਗੈਸ ਏਜੰਸੀ ਦੀਆਂ ਸੇਵਾਵਾਂ ’ਤੇ ਨਿਰਭਰ ਹਨ। ਗ੍ਰਾਮੀਣ ਖੇਤਰ ਦੀ ਸ਼੍ਰੇਣੀ ਕਾਰਨ ਗੈਸ ਸਪਲਾਈ ਨਾਲ ਸਬੰਧਤ ਨਿਯਮਾਂ ਅਤੇ ਡਿਲਿਵਰੀ ਪ੍ਰਬੰਧਾਂ ’ਚ ਸ਼ਹਿਰ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਤਿੰਦਰ ਗੋਇਲ ਸਮੇਤ ਸਮੂਹ ਵਫ਼ਦ ਨੇ ਮੰਗ ਕੀਤੀ ਕਿ ਭਗਤਾ ਭਾਈ ਦੀ ਮੌਜੂਦਾ ਸ਼ਹਿਰੀ ਸਥਿਤੀ ਅਤੇ ਵਧਦੀ ਆਬਾਦੀ ਨੂੰ ਧਿਆਨ ਵਿਚ ਰੱਖਦਿਆਂ ਗੈਸ ਏਜੰਸੀ ਨੂੰ ਸ਼ਹਿਰੀ ਸ਼੍ਰੇਣੀ ਵਿਚ ਸ਼ਾਮਲ ਕੀਤਾ ਜਾਵੇ, ਤਾਂ ਜੋ ਖਪਤਕਾਰਾਂ ਨੂੰ ਗੈਸ ਸਿਲੰਡਰ ਦੀ ਸਪਲਾਈ ਅਤੇ ਡਿਲਿਵਰੀ ਸਬੰਧੀ ਬਿਹਤਰ ਤੇ ਸੁਚਾਰੂ ਸਹੂਲਤਾਂ ਮਿਲ ਸਕਣ। ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵਫ਼ਦ ਦੀ ਗੱਲ ਨੂੰ ਧਿਆਨਪੂਰਵਕ ਸੁਣਿਆ ਅਤੇ ਇਸ ਮਾਮਲੇ ਦੀ ਮਹੱਤਤਾ ਨੂੰ ਸਮਝਦਿਆਂ ਸ਼ਹਿਰ ਵਾਸੀਆਂ ਦੀ ਮੰਗ ਦੇ ਹੱਲ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਸਬੰਧਤ ਜਾਇਜ਼ ਮੰਗਾਂ ਨੂੰ ਸਬੰਧਤ ਪੱਧਰ ’ਤੇ ਉਠਾ ਕੇ ਉਨ੍ਹਾਂ ਦੇ ਹੱਲ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਆਉਣ ਵਾਲੇ ਸਮੇਂ ਵਿਚ ਵੀ ਭਗਤਾ ਭਾਈ ਦੇ ਲੋਕਾਂ ਦੀ ਬਿਹਤਰੀ ਅਤੇ ਸ਼ਹਿਰ ਦੇ ਵਿਕਾਸ ਲਈ ਯਤਨ ਜਾਰੀ ਰੱਖਣ ਦਾ ਭਰੋਸਾ ਦਿੱਤਾ। ਇਸ ਮੌਕੇ ਜੁਨੀਸ਼ ਗਰਗ, ਅਰਪਨ ਜੈਨ, ਸੁਦਰਸ਼ਨ ਕੁਮਾਰ, ਮੁਕੇਸ਼ ਗਰਗ ਸਮੇਤ ਯੂਥ ਵਪਾਰ ਮੰਡਲ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਵਫਦ ਨੇ ਆਸ ਪ੍ਰਗਟਾਈ ਕਿ ਇਸ ਮਾਮਲੇ ਵਿਚ ਜਲਦ ਕਾਰਵਾਈ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਗੈਸ ਸਪਲਾਈ ਨਾਲ ਸਬੰਧਤ ਮੁਸ਼ਕਲਾਂ ਤੋਂ ਰਾਹਤ ਮਿਲੇਗੀ।