ਨੱਕ ਨਾਲ ਟਾਈਪ ਕਰ ਕੇ ਨੂਰ ਨੇ ਬਣਾਇਆ ਵਿਸ਼ਵ ਰਿਕਾਰਡ ਨੱਕ ਨਾਲ ਟਾਈਪ ਕਰਕੇ ਕਰਿਸ਼ਮਾ ਨੂਰ ਨੇ ਬਣਾਇਆ ਵਿਸ਼ਵ ਰਿਕਾਰਡ
Publish Date: Fri, 02 Oct 2026 06:03 PM (IST)
Updated Date: Fri, 02 Oct 2026 06:04 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਰਾਮਪੁਰਾ ਫੂਲ ਦੇ ਸੇਂਟ ਜੇਵਿਅਰ ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਕਰਿਸ਼ਮਾ ਨੂਰ ਨੇ ਵਿਲੱਖਣ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਨਵਾਂ ਵਿਸ਼ਵ ਰਿਕਾਰਡ ਆਪਣੇ ਨਾਮ ਕੀਤਾ ਹੈ। ਕਰਿਸ਼ਮਾ ਨੇ ਲੈਪਟਾਪ ’ਤੇ ਨੱਕ ਦੀ ਮਦਦ ਨਾਲ ਅੰਗਰੇਜ਼ੀ ਵਰਣਮਾਲਾ ਦੇ 26 ਅੱਖਰ ਮਹਿਜ਼ 7 ਸਕਿੰਟ 9 ਮਿਲੀਸੈਕੰਡ ਵਿੱਚ ਟਾਈਪ ਕਰਕੇ ਇਹ ਉਪਲਬਧੀ ਹਾਸਲ ਕੀਤੀ। ਕਰਿਸ਼ਮਾ ਦੀ ਇਸ ਪ੍ਰਾਪਤੀ ਨਾਲ ਪਰਿਵਾਰ ਅਤੇ ਸ਼ਹਿਰ ਵਿੱਚ ਖੁਸ਼ੀ ਦਾ ਮਾਹੌਲ ਹੈ। ਦੱਸਿਆ ਗਿਆ ਕਿ ਉਹ ਇਸ ਤੋਂ ਪਹਿਲਾਂ ਵੀ ਚਾਰ ਰਿਕਾਰਡ ਆਪਣੇ ਨਾਮ ਕਰ ਚੁੱਕੀ ਹੈ। ਸ਼ਾਰਪ ਬ੍ਰੇਨਜ਼ ਐਜੂਕੇਸ਼ਨ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਕਰਿਸ਼ਮਾ ਨੇ ਇਸ ਰਿਕਾਰਡ ਲਈ ਲਗਾਤਾਰ ਮਿਹਨਤ ਅਤੇ ਅਭਿਆਸ ਕੀਤਾ। ਅਬੈਕਸ ਵਿਧੀ ਰਾਹੀਂ ਉਸ ਨੇ ਆਪਣੀ ਯਾਦਸ਼ਕਤੀ, ਇਕਾਗਰਤਾ ਅਤੇ ਗਤੀ ਨੂੰ ਹੋਰ ਮਜ਼ਬੂਤ ਕੀਤਾ। ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵੱਲੋਂ ਕਰਿਸ਼ਮਾ ਦੀ ਇਸ ਪ੍ਰਾਪਤੀ ਦੀ ਪੁਸ਼ਟੀ ਕਰਦਿਆਂ ਉਸ ਨੂੰ ਸਰਟੀਫਿਕੇਟ ਅਤੇ ਮੈਡਲ ਪ੍ਰਦਾਨ ਕੀਤਾ ਗਿਆ। ਇਸ ਮੌਕੇ ਬਠਿੰਡਾ ਦੀ ਵਧੀਕ ਡਿਪਟੀ ਕਮਿਸ਼ਨਰ ਕੰਚਨ ਆਈਏਐਸ ਨੇ ਆਪਣੇ ਦਫ਼ਤਰ ਵਿਖੇ ਕਰਿਸ਼ਮਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਕਰਿਸ਼ਮਾ ਨੇ ਆਪਣੀ ਪ੍ਰਤਿਭਾ ਦਾ ਲਾਈਵ ਡੈਮੋ ਵੀ ਪੇਸ਼ ਕੀਤਾ। ਏਡੀਸੀ ਕੰਚਨ ਨੇ ਕਰਿਸ਼ਮਾ ਦੀ ਪ੍ਰਾਪਤੀ ਨੂੰ ਬਠਿੰਡਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਦੱਸਦਿਆਂ ਹੋਰਨਾਂ ਵਿਦਿਆਰਥੀਆਂ ਨੂੰ ਵੀ ਮਿਹਨਤ ਅਤੇ ਲਗਨ ਤੋਂ ਪ੍ਰੇਰਣਾ ਲੈਣ ਲਈ ਕਿਹਾ।