ਕੰਚਨ ਕੁਮਾਰੀ ਕਤਲ ਕਾਂਡ: ਦੂਜੀ ਵਾਰ ਟਲ਼ੀ ਸੁਣਵਾਈ ਕੰਚਨ ਕੁਮਾਰੀ ਕਤਲ ਕਾਂਡ: ਮਾਂ-ਭਰਾ ਦੀ ਗੈਰਹਾਜ਼ਰੀ ਕਾਰਨ ਦੂਜੀ ਵਾਰ ਟਲੀ ਸੁਣਵਾਈ
Publish Date: Fri, 20 Nov 2026 04:48 PM (IST)
Updated Date: Fri, 20 Nov 2026 04:52 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ : ਸੋਸ਼ਲ ਮੀਡੀਆ ਕੰਟੈਂਟ ਕ੍ਰਿਏਟਰ ਅਤੇ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਕਤਲ ਕਾਂਡ ਦੀ ਸੁਣਵਾਈ ਇਕ ਵਾਰ ਫਿਰ ਟਲ ਗਈ ਹੈ। ਮਾਮਲੇ ’ਚ ਦੋ ਅਹਿਮ ਗਵਾਹ ਮ੍ਰਿਤਕਾ ਦੀ ਮਾਂ ਗਿਰਜਾ ਦੇਵੀ ਅਤੇ ਭਰਾ ਨਰੇਸ਼ ਕੁਮਾਰ ਲਗਾਤਾਰ ਦੂਜੀ ਪੇਸ਼ੀ ਦੌਰਾਨ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਦੋਵਾਂ ਦੀ ਗੈਰ ਹਾਜ਼ਰੀ ਕਾਰਨ ਮਾਮਲੇ ਦੀ ਕਾਰਵਾਈ ਅੱਗੇ ਨਹੀਂ ਵਧ ਸਕੀ। ਬਠਿੰਡਾ ਦੀ ਸੈਸ਼ਨ ਅਦਾਲਤ ਨੇ ਹੁਣ ਮਾਮਲੇ ਦੀ ਅਗਲੀ ਸੁਣਵਾਈ 15 ਦਸੰਬਰ ਤੈਅ ਕੀਤੀ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਦੀ ਰਹਿਣ ਵਾਲੀ 30 ਸਾਲਾ ਕੰਚਨ ਕੁਮਾਰੀ ਦੀ ਲਾਸ਼ 11 ਜੂਨ 2025 ਨੂੰ ਬਠਿੰਡਾ ਦੇ ਭੁੱਚੋ ਸਥਿਤ ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਪਾਰਕਿੰਗ ’ਚ ਖੜ੍ਹੀ ਉਸ ਦੀ ਕਾਰ ਵਿਚੋਂ ਮਿਲੀ ਸੀ। ਪੁਲਿਸ ਜਾਂਚ ਮੁਤਾਬਕ ਕੰਚਨ ਦਾ ਕਤਲ 10 ਜੂਨ 2025 ਨੂੰ ਗਲਾ ਘੁੱਟ ਕੇ ਕੀਤਾ ਗਿਆ ਸੀ। ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਮੁਲਜ਼ਮਾਂ ਨੂੰ ਸ਼ੱਕ ਸੀ ਕਿ ਕੰਚਨ ਵੱਲੋਂ ਸੋਸ਼ਲ ਮੀਡੀਆ ’ਤੇ ਪਾਈ ਜਾਂਦੀ ਕਥਿਤ ਇਤਰਾਜ਼ਯੋਗ ਸਮੱਗਰੀ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਸੀ। ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਖ਼ਿਲਾਫ਼ 22 ਸਤੰਬਰ ਨੂੰ ਟਰਾਇਲ ਸ਼ੁਰੂ ਹੋਇਆ ਸੀ। ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਮ੍ਰਿਤਕਾ ਦੀ ਮਾਂ ਅਤੇ ਸ਼ਿਕਾਇਤਕਰਤਾ ਗਿਰਜਾ ਦੇਵੀ ਅਤੇ ਉਸ ਦੇ ਭਰਾ ਨਰੇਸ਼ ਕੁਮਾਰ ਨੂੰ ਗਵਾਹੀ ਦੇਣ ਲਈ ਤਲਬ ਕੀਤਾ ਸੀ, ਪਰ ਦੋਵੇਂ ਅਦਾਲਤ ਵਿਚ ਪੇਸ਼ ਨਹੀਂ ਹੋਏ ਸਨ। ਇਸ ਤੋਂ ਬਾਅਦ ਅਦਾਲਤ ਵੱਲੋਂ ਦੋਵਾਂ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ। ਇਸ ਦੇ ਬਾਵਜੂਦ ਵੀਰਵਾਰ ਨੂੰ ਹੋਈ ਅਗਲੀ ਸੁਣਵਾਈ ਦੌਰਾਨ ਮਾਂ-ਬੇਟਾ ਅਦਾਲਤ ਵਿੱਚ ਨਹੀਂ ਪਹੁੰਚੇ। ਮੁਲਜ਼ਮਾਂ ਦੇ ਵਕੀਲ ਮਨਪ੍ਰੀਤ ਸਿੰਘ ਬਰਾੜ ਅਨੁਸਾਰ ਦੋ ਅਹਿਮ ਗਵਾਹਾਂ ਦੀ ਲਗਾਤਾਰ ਗੈਰਹਾਜ਼ਰੀ ਕਾਰਨ ਸੁਣਵਾਈ ਅੱਗੇ ਪਾ ਦਿੱਤੀ ਗਈ। -- ਚਾਰ ਮੁਲਜ਼ਮ ਗ੍ਰਿਫ਼ਤਾਰ ਪੁਲਿਸ ਵੱਲੋਂ ਇਸ ਕਤਲ ਕਾਂਡ ਵਿੱਚ ਹੁਣ ਤੱਕ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚ ਕੱਟੜਪੰਥੀ ਆਗੂ ਅੰਮ੍ਰਿਤਪਾਲ ਸਿੰਘ ਮਹਿਰੋਂ ਵੀ ਸ਼ਾਮਲ ਹੈ, ਜਿਸ ਨੂੰ ਇਸ ਸਾਲ ਅਪ੍ਰੈਲ ਵਿੱਚ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਭਾਰਤ ਲਿਆਂਦਾ ਗਿਆ ਸੀ। ਪੁਲਿਸ ਜਾਂਚ ਵਿਚ ਇਸ ਵਾਰਦਾਤ ਵਿੱਚ ਪੰਜ ਵਿਅਕਤੀਆਂ ਦੀ ਸ਼ਮੂਲੀਅਤ ਸਾਹਮਣੇ ਆਉਣ ਦੀ ਗੱਲ ਕਹੀ ਗਈ ਸੀ, ਪਰ ਹੁਣ ਤੱਕ ਚਾਰ ਦੀ ਪਛਾਣ ਹੋ ਸਕੀ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵਿੱਚ ਅੰਮ੍ਰਿਤਪਾਲ ਸਿੰਘ ਮਹਿਰੋਂ ਤੋਂ ਇਲਾਵਾ ਜਸਪ੍ਰੀਤ ਸਿੰਘ, ਨਿਮਰਤਜੀਤ ਸਿੰਘ ਅਤੇ ਰਣਜੀਤ ਸਿੰਘ ਸ਼ਾਮਲ ਹਨ। ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਵਾਰਦਾਤ ਤੋਂ ਅਗਲੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂਕਿ ਮਹਿਰੋਂ ਦੇ ਸਹਿਯੋਗੀ ਰਣਜੀਤ ਸਿੰਘ ਨੂੰ ਬਾਅਦ ਵਿੱਚ ਕਾਬੂ ਕੀਤਾ ਗਿਆ।