ਟੀਬੀ ਮੁਕਤ ਭਾਰਤ ਮੁਹਿੰਮ ਤਹਿਤ ਬਠਿੰਡਾ ’ਚ ਜੋਸ਼ ਟੀਮਾਂ ਦੀ ਸ਼ੁਰੂਆਤ, ਟੀਬੀ ਮੁਕਤ ਪੰਚਾਇਤਾਂ ਦਾ ਵੀ ਹੋਵੇਗਾ ਸਨਮਾਨ
ਟੀਬੀ ਮੁਕਤ ਭਾਰਤ ਮੁਹਿੰਮ ਤਹਿਤ ਬਠਿੰਡਾ ਵਿੱਚ ਜੋਸ਼ ਟੀਮਾਂ ਦੀ ਸ਼ੁਰੂਆਤ, ਟੀਬੀ. ਮੁਕਤ ਪੰਚਾਇਤਾਂ ਦਾ ਵੀ ਹੋਵੇਗਾ ਸਨਮਾਨ
Publish Date: Tue, 13 Oct 2026 04:19 PM (IST)
Updated Date: Tue, 13 Oct 2026 04:21 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਟੀਬੀ ਮੁਕਤ ਭਾਰਤ ਅਭਿਆਨ ਨੂੰ ਹੋਰ ਮਜ਼ਬੂਤ ਕਰਨ ਲਈ ਬਠਿੰਡਾ ਵਿਚ ਜੋਸ਼ ਟੀਮਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਨਵੀਂ ਦਿੱਲੀ ਵਿਚ ਹੋਣ ਵਾਲੇ ਰਾਸ਼ਟਰੀ ਪੱਧਰ ਦੇ ਸਮਾਗਮ ਦਾ ਵਰਚੁਅਲ ਪ੍ਰਸਾਰਣ ਵੀ ਕੀਤਾ ਗਿਆ। ਇਸ ਮੌਕੇ ਟੀਮ ਮੈਂਬਰਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਟੀਬੀ ਮੁਕਤ ਭਾਰਤ ਦੀ ਸਹੁੰ ਚੁਕਾਈ ਗਈ। ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਤਪਦਿਕ (ਟੀਬੀ.) ਦੀ ਬਿਮਾਰੀ ਬਾਰੇ ਜਾਗਰੂਕ ਕਰਨਾ ਅਤੇ ਭਾਈਚਾਰਕ ਪੱਧਰ ’ਤੇ ਇਸ ਦੀ ਰੋਕਥਾਮ, ਸਮੇਂ ਸਿਰ ਜਾਂਚ ਤੇ ਇਲਾਜ ਨੂੰ ਉਤਸ਼ਾਹਿਤ ਕਰਨਾ ਹੈ। ਇਸ ਤਹਿਤ ਬਲਾਕ ਅਤੇ ਵਾਰਡ ਪੱਧਰ ’ਤੇ ਜੋਸ਼ ਟੀਮਾਂ ਦਾ ਗਠਨ ਕੀਤਾ ਜਾ ਰਿਹਾ ਹੈ। ਹਰੇਕ ਟੀਮ ਵਿੱਚ ਮਾਈ ਭਾਰਤ ਦੇ ਪੰਜ ਵਲੰਟੀਅਰ ਅਤੇ ਪੰਜ ਐਨਸੀਸੀ ਕੈਡਿਟ ਸ਼ਾਮਲ ਹੋਣਗੇ। ਇਨ੍ਹਾਂ ਟੀਮਾਂ ਦੀ ਅਗਵਾਈ ਕਲਾਸ-1 ਨੋਡਲ ਅਧਿਕਾਰੀ ਕਰਨਗੇ। ਜ਼ਿਲ੍ਹਾ ਟੀਬੀ. ਅਫ਼ਸਰ ਡਾ. ਰੋਜ਼ੀ ਅਗਰਵਾਲ ਨੇ ਦੱਸਿਆ ਕਿ ਜੋਸ਼ ਟੀਮਾਂ ਲੋਕਾਂ ਨੂੰ ਟੀ.ਬੀ. ਦੇ ਲੱਛਣਾਂ, ਜਾਂਚ, ਇਲਾਜ ਅਤੇ ਬਚਾਅ ਸਬੰਧੀ ਜਾਣਕਾਰੀ ਦੇਣਗੀਆਂ।