75 ਲੱਖ ਨਾਲ ਬਦਲੇਗੀ ਜੋਗਰ ਪਾਰਕ ਦੀ ਨੁਹਾਰ, ਆਧੁਨਿਕ ਟਰੈਕ ਤੇ ਸਹੂਲਤਾਂ ਨਾਲ ਹੋਵੇਗਾ ਲੈਸ 75 ਲੱਖ ਨਾਲ ਬਦਲੇਗੀ ਜੋਗਰ ਪਾਰਕ ਦੀ ਨੁਹਾਰ, ਆਧੁਨਿਕ ਟਰੈਕ ਤੇ ਸਹੂਲਤਾਂ ਨਾਲ ਹੋਵੇਗਾ ਲੈਸ
Publish Date: Fri, 20 Nov 2026 03:38 PM (IST)
Updated Date: Fri, 20 Nov 2026 03:40 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਸ਼ਹਿਰ ਵਾਸੀਆਂ ਨੂੰ ਬਿਹਤਰ ਸੈਰਗਾਹ ਅਤੇ ਸਿਹਤਮੰਦ ਮਾਹੌਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਨਗਰ ਨਿਗਮ ਵੱਲੋਂ ਜੋਗਰ ਪਾਰਕ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਕਰੀਬ 75 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਇਸ ਪ੍ਰੋਜੈਕਟ ਤਹਿਤ ਪਾਰਕ ਦੇ ਟਰੈਕ ਸਮੇਤ ਵੱਖ-ਵੱਖ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਇਆ ਜਾਵੇਗਾ। ਮੇਅਰ ਪਦਮਜੀਤ ਸਿੰਘ ਮਹਿਤਾ ਨੇ ਆਪਣੀ ਟੀਮ ਅਤੇ ਇਲਾਕਾ ਨਿਵਾਸੀਆਂ ਦੀ ਮੌਜੂਦਗੀ ਵਿੱਚ ਵਿਕਾਸ ਕਾਰਜਾਂ ਦਾ ਸ਼ੁਭ ਆਰੰਭ ਕਰਵਾਇਆ। ਇਸ ਮੌਕੇ ਮੇਅਰ ਨੇ ਕਿਹਾ ਕਿ ਸ਼ਹਿਰ ਦੇ ਪਾਰਕ ਸਿਰਫ਼ ਹਰਿਆਲੀ ਅਤੇ ਮਨੋਰੰਜਨ ਦੇ ਸਥਾਨ ਨਹੀਂ ਹਨ, ਸਗੋਂ ਇਹ ਲੋਕਾਂ ਦੀ ਸਿਹਤ ਅਤੇ ਮਾਨਸਿਕ ਸਕੂਨ ਨਾਲ ਵੀ ਜੁੜੇ ਹੋਏ ਹਨ। ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਅਤੇ ਨੌਜਵਾਨਾਂ ਤੱਕ ਵੱਡੀ ਗਿਣਤੀ ਵਿੱਚ ਲੋਕ ਰੋਜ਼ਾਨਾ ਪਾਰਕਾਂ ਵਿੱਚ ਸੈਰ ਅਤੇ ਕਸਰਤ ਕਰਨ ਲਈ ਆਉਂਦੇ ਹਨ। ਇਸ ਲਈ ਇਨ੍ਹਾਂ ਦਾ ਸਾਫ਼-ਸੁਥਰਾ ਅਤੇ ਸੁੰਦਰ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੋਗਰ ਪਾਰਕ ਦੇ ਨਵੀਨੀਕਰਨ ਨਾਲ ਇੱਥੇ ਆਉਣ ਵਾਲੇ ਲੋਕਾਂ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ। ਉਨ੍ਹਾਂ ਦੱਸਿਆ ਕਿ ਜੋਗਰ ਪਾਰਕ ਦੇ ਨਾਲ-ਨਾਲ ਸਵਾਮੀ ਵਿਵੇਕਾਨੰਦ ਰੋਜ਼ ਗਾਰਡਨ ਵਿੱਚ ਵੀ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਦੋਵੇਂ ਪਾਰਕਾਂ ਵਿੱਚ ਆਧੁਨਿਕ ਪਖਾਨਿਆਂ ਦਾ ਨਿਰਮਾਣ ਕਰਵਾਇਆ ਜਾਵੇਗਾ ਅਤੇ ਇਨ੍ਹਾਂ ਦੀ ਨਿਯਮਿਤ ਸਫ਼ਾਈ ਤੇ ਰੱਖ-ਰਖਾਅ ਲਈ ਵੀ ਢੁਕਵੇਂ ਪ੍ਰਬੰਧ ਕੀਤੇ ਜਾਣਗੇ। ਜੋਗਰ ਪਾਰਕ ਵਿੱਚ ਸਫ਼ਾਈ ਵਿਵਸਥਾ ਨੂੰ ਹੋਰ ਸੁਚੱਜਾ ਬਣਾਉਣ ਦੇ ਨਾਲ-ਨਾਲ ਇਸ ਦੀ ਕੰਟੀਨ ਵੀ ਮੁੜ ਸ਼ੁਰੂ ਕਰਵਾਈ ਜਾਵੇਗੀ। ਮੇਅਰ ਅਨੁਸਾਰ ਕੰਟੀਨ ਲਈ ਆਨਲਾਈਨ ਬੋਲੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਇਹ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕੰਟੀਨ ਜਲਦ ਚਾਲੂ ਕਰ ਦਿੱਤੀ ਜਾਵੇਗੀ। ਵਿਕਾਸ ਕਾਰਜਾਂ ਦਾ ਆਰੰਭ ਕਰਨ ਤੋਂ ਪਹਿਲਾਂ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਆਪਣੀ ਟੀਮ ਸਮੇਤ ਸਵਾਮੀ ਵਿਵੇਕਾਨੰਦ ਰੋਜ਼ ਗਾਰਡਨ ਦਾ ਦੌਰਾ ਵੀ ਕੀਤਾ। ਇਸ ਦੌਰਾਨ ਉਨ੍ਹਾਂ ਨੇ ਉੱਥੇ ਸਰਗਰਮ ਤਾਲੀ ਗਰੁੱਪ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਪਾਰਕਾਂ ਵਿੱਚ ਮੌਜੂਦਾ ਸਹੂਲਤਾਂ, ਸਫ਼ਾਈ ਅਤੇ ਰੱਖ-ਰਖਾਅ ਸਬੰਧੀ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕਰਕੇ ਸੁਝਾਅ ਵੀ ਲਏ। ਅਮੇਅਰ ਨੇ ਕਿਹਾ ਕਿ ਵਿਕਾਸ ਕਾਰਜਾਂ ਦੀ ਯੋਜਨਾਬੰਦੀ ਵਿੱਚ ਆਮ ਲੋਕਾਂ ਦੀ ਰਾਏ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾ ਰਿਹਾ ਹੈ, ਕਿਉਂਕਿ ਪਾਰਕਾਂ ’ਚ ਰੋਜ਼ਾਨਾ ਆਉਣ ਵਾਲੇ ਲੋਕ ਉੱਥੋਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਰੰਗਲਾ ਪੰਜਾਬ ਦੇ ਸੰਕਲਪ ਤਹਿਤ ਬਠਿੰਡਾ ਨੂੰ ਸਾਫ਼-ਸੁਥਰਾ ਅਤੇ ਆਧੁਨਿਕ ਸ਼ਹਿਰ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਚੇਅਰਮੈਨ ਰਾਜਨ ਅਮਰਦੀਪ ਸਿੰਘ, ਭੋਲਾ ਸਿੰਘ, ਬੇਅੰਤ ਸਿੰਘ ਰੰਧਾਵਾ, ਉਮੇਸ਼ ਗਰਗ ਗੋਗੀ, ਅਸ਼ੋਕ ਕਾਂਸਲ, ਰਾਜ ਮਹਿਰਾ, ਰਾਕੇਸ਼ ਕਾਕਾ, ਗੁਰਚਰਨ ਸਿੰਘ, ਗੁਰਸੇਵਕ ਸਿੰਘ ਗੋਗਾ, ਡਿੰਪੀ ਬਾਘਲਾ, ਹਰਪ੍ਰੀਤ ਸਿੰਘ, ਗੁਰੀ, ਰਾਮਪਾਲ ਅਤੇ ਯਦਵਿੰਦਰ ਸਿੰਘ ਮਾਨ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।