ਸ੍ਰੀ ਕ੍ਰਿਸ਼ਨ ਅਸ਼ਟਮੀ ਮੌਕੇ ਸ਼ੋਭਾ ਯਾਤਰਾ ਸਜਾਈ ਸ੍ਰੀ ਕ੍ਰਿਸ਼ਨ ਅਸ਼ਟਮੀ ਮੌਕੇ ਸੋ਼ੋਭਾਯਾਤਰਾ ਦੌਰਾਨ ਜੀਤਮਹਿੰਦਰ ਸਿੰਘ ਸਿੱਧੂ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਉਤਾਰੀ ਆਰਤੀ
Publish Date: Sun, 06 Sep 2026 04:05 PM (IST)
Updated Date: Sun, 06 Sep 2026 04:07 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਮੌੜ ਮੰਡੀ ਵਿਖੇ ਸ੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਵੱਲੋਂ ਸਮੂਹ ਮੰਡੀ ਨਿਵਾਸੀਆਂ ਦੇ ਪੂਰਨ ਸਹਿਯੋਗ ਨਾਲ ਇੱਕ ਵਿਸ਼ਾਲ ਅਤੇ ਅਲੌਕਿਕ ਸ਼ੋਭਾ ਯਾਤਰਾ ਦਾ ਆਯੋਜਨ ਬੜੀ ਸ਼ਰਧਾ ਤੇ ਧੂਮਧਾਮ ਨਾਲ ਕੀਤਾ ਗਿਆ। ਇਹ ਅਲੌਕਿਕ ਸ਼ੋਭਾ ਯਾਤਰਾ ਕ੍ਰਿਸ਼ਨਾ ਮੰਦਰ ਤੋਂ ਆਰੰਭ ਹੋ ਕੇ ਮੌੜ ਮੰਡੀ ਦੇ ਵੱਖ-ਵੱਖ ਗਲੀਆਂ-ਮੁਹੱਲਿਆਂ ਵਿੱਚੋਂ ਹੁੰਦੀ ਹੋਈ ਬੋਹੜ ਵਾਲਾ ਚੌਕ ਰਾਹੀਂ ਵਾਪਸ ਕ੍ਰਿਸ਼ਨਾ ਮੰਦਰ ਵਿਖੇ ਪਹੁੰਚ ਕੇ ਸੰਪੂਰਨ ਹੋਈ। ਇਸ ਧਾਰਮਿਕ ਸਮਾਗਮ ਦੌਰਾਨ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸ਼ੋਭਾ ਯਾਤਰਾ ਦੌਰਾਨ ਸ਼ਰਧਾਲੂਆਂ ਵੱਲੋਂ ਥਾਂ-ਥਾਂ ਤੇ ਭਵਿ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੁਕੱਦਸ ਮੌਕੇ ਹਲਕਾ ਮੌੜ ਤੋਂ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਐਮ.ਐਲ.ਏ. ਜੀਤ ਮਹਿੰਦਰ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ। ਉਨ੍ਹਾਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਪਵਿੱਤਰ ਆਰਤੀ ਉਤਾਰੀ ਅਤੇ ਪ੍ਰਭੂ ਚਰਨਾਂ ਵਿੱਚ ਮੱਥਾ ਟੇਕਿਆ। ਸੰਗਤਾਂ ਨੂੰ ਸੰਬੋਧਨ ਕਰਦਿਆਂ ਜੀਤ ਮਹਿੰਦਰ ਸਿੰਘ ਸਿੱਧੂ ਨੇ ਸਮੂਹ ਮੰਡੀ ਨਿਵਾਸੀਆਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਨੂੰ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀਆਂ ਪਵਿੱਤਰ ਸਿੱਖਿਆਵਾਂ, ਧਰਮ ਅਤੇ ਸੱਚ ਦੇ ਮਾਰਗ ਤੇ ਚੱਲਣ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਉਤਾਰਨਾ ਚਾਹੀਦਾ ਹੈ, ਤਾਂ ਜੋ ਮਨੁੱਖੀ ਜੀਵਨ ਨੂੰ ਸਫਲ ਬਣਾਇਆ ਜਾ ਸਕੇ। ਇਸ ਸਮਾਗਮ ਦੌਰਾਨ ਪ੍ਰਬੰਧਕਾਂ ਵੱਲੋਂ ਆਈਆਂ ਪ੍ਰਮੁੱਖ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਰਜੇਸ਼ ਜੈਨ, ਕੁਲਵਿੰਦਰ ਸਿੰਘ ਮਾਨ, ਕੁਲਵੰਤ ਸਿੰਘ, ਸਾਬਕਾ ਪ੍ਰਧਾਨ ਗਿਆਨ ਸਿੰਘ, ਸਾਬਕਾ ਚੇਅਰਮੈਨ ਬੋਘਾ ਸਿੰਘ ਘੁੰਮਣ, ਡਾਕਟਰ ਸਤਪਾਲ, ਧਰਮਪਾਲ, ਰਾਣਾ ਵਾਲੇ, ਰਜਿੰਦਰ ਕੁਮਾਰ ਟੋਨੀ ਕੁੱਬਿਆਂ ਵਾਲੇ, ਕੌਂਸਲਰ ਲਖਬੀਰ ਸਿੰਘ ਨਾਜੀ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੰਡੀ ਨਿਵਾਸੀ ਮੌਜੂਦ ਸਨ