ਪੰਜਾਬੀ ਜਾਗਰਣ ’ਚ ਖ਼ਬਰ ਲੱਗਣ ਤੋਂ ਬਾਅਦ ਹਰਕਤ ’ਚ ਆਈ ਜੀਓ ਕੰਪਨੀ ਪੰਜਾਬੀ ਜਾਗਰਣ ਵਿਚ ਖ਼ਬਰ ਲੱਗਣ ਤੋਂ ਬਾਅਦ ਹਰਕਤ ਵਿਚ ਆਈ ਜੀਓ ਕੰਪਨੀ
Publish Date: Sun, 01 Nov 2026 04:31 PM (IST)
Updated Date: Sun, 01 Nov 2026 04:32 PM (IST)
ਕੋਟ ਫੱਤਾ, ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ ਪਿੰਡ ਕੋਟਸ਼ਮੀਰ ਵਿਖੇ ਜੀਓ ਦੇ ਮੋਬਾਈਲ ਟਾਵਰ ਦੀ ਬਿਜਲੀ ਸਪਲਾਈ ਤੇ ਜਨਰੇਟਰ ਵਿਚ ਆ ਰਹੀ ਤਕਨੀਕੀ ਖ਼ਰਾਬੀ ਕਾਰਨ ਪਿਛਲੇ ਦੋ-ਚਾਰ ਮਹੀਨਿਆਂ ਤੋਂ ਪਿੰਡ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਸਮੱਸਿਆ ਸਬੰਧੀ ਪੰਜਾਬੀ ਜਾਗਰਣ ਵਿਚ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਜੀਓ ਕੰਪਨੀ ਦੇ ਅਧਿਕਾਰੀਆਂ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਕੁਝ ਦਿਨਾਂ ਅੰਦਰ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ। ਇਸੇ ਤਹਿਤ ਅੱਜ ਕੰਪਨੀ ਵੱਲੋਂ ਟਾਵਰ ਵਿਚ ਲੱਗੇ ਪੁਰਾਣੇ ਖ਼ਰਾਬ ਜਨਰੇਟਰ ਨੂੰ ਬਦਲ ਕੇ ਉਸ ਦੀ ਜਗ੍ਹਾ ਨਵਾਂ ਜਨਰੇਟਰ ਲਗਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪੁਰਾਣਾ ਜਨਰੇਟਰ ਤਕਨੀਕੀ ਖ਼ਰਾਬੀ ਕਾਰਨ ਵਾਰ-ਵਾਰ ਬੰਦ ਹੋ ਜਾਂਦਾ ਸੀ, ਜਿਸ ਕਾਰਨ ਬਿਜਲੀ ਜਾਣ ਸਮੇਂ ਟਾਵਰ ਦੀ ਰੇਂਜ ਪ੍ਰਭਾਵਿਤ ਹੁੰਦੀ ਸੀ ਤੇ ਕਈ ਵਾਰ ਸਾਰਾ ਦਿਨ ਮੋਬਾਈਲ ਨੈੱਟਵਰਕ ਦੀ ਸਮੱਸਿਆ ਬਣੀ ਰਹਿੰਦੀ ਸੀ। ਇਸ ਕਾਰਨ ਪਿੰਡ ਵਾਸੀਆਂ ਨੂੰ ਜ਼ਰੂਰੀ ਫ਼ੋਨ ਕਾਲਾਂ ਕਰਨ, ਆਨਲਾਈਨ ਭੁਗਤਾਨ ਕਰਨ ਤੇ ਹੋਰ ਇੰਟਰਨੈੱਟ ਸਬੰਧੀ ਕੰਮ ਕਰਨ ਵਿਚ ਦਿੱਕਤਾਂ ਆਉਂਦੀਆਂ ਸਨ। ਇਸ ਤੋਂ ਇਲਾਵਾ ਪੁਰਾਣਾ ਜਨਰੇਟਰ ਕਾਫ਼ੀ ਸ਼ੋਰ ਵੀ ਕਰਦਾ ਸੀ, ਜਿਸ ਕਾਰਨ ਟਾਵਰ ਦੇ ਨਾਲ ਲੱਗਦੇ ਘਰਾਂ ਦੇ ਵਸਨੀਕਾਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪੈਂਦੀ ਸੀ। ਅੱਜ ਜੀਓ ਕੰਪਨੀ ਦੀ ਤਕਨੀਕੀ ਟੀਮ ਵੱਲੋਂ ਮੌਕੇ ’ਤੇ ਪਹੁੰਚ ਕੇ ਪੁਰਾਣੇ ਜਨਰੇਟਰ ਨੂੰ ਹਟਾ ਕੇ ਨਵਾਂ ਜਨਰੇਟਰ ਲਗਾਇਆ ਗਿਆ। ਇਸ ਮੌਕੇ ਕੰਪਨੀ ਦੀ ਤਕਨੀਕੀ ਟੀਮ ਵਿਚੋਂ ਸੁਪਰਵਾਈਜ਼ਰ ਮੱਖਣ ਸਿੰਘ,ਸੁਖਜੀਤ ਸਿੰਘ ਸੁੱਖੀ ਟੈਕਨੀਸ਼ੀਅਨ , ਨਰਿੰਦਰ ਸਿੰਘ ਟੈਕਨੀਸ਼ੀਅਨ ਅਤੇ ਜਗਸੀਰ ਸਿੰਘ ਸੋਮਾ ਸਮੇਤ ਪਿੰਡ ਦੇ ਹੋਰ ਵਿਅਕਤੀ ਵੀ ਮੌਜੂਦ ਸਨ। ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਜੱਗਾ ਨੇ ਜੀਓ ਕੰਪਨੀ ਦੇ ਅਧਿਕਾਰੀਆਂ ਅਤੇ ਤਕਨੀਕੀ ਟੀਮ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਜਾਗਰਣ ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਕੰਪਨੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਲੋਕਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਸਮੱਸਿਆ ਦਾ ਹੱਲ ਕੀਤਾ ਗਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਨਵਾਂ ਜਨਰੇਟਰ ਲੱਗਣ ਨਾਲ ਹੁਣ ਪਿੰਡ ਵਾਸੀਆਂ ਨੂੰ ਨੈੱਟਵਰਕ ਸਬੰਧੀ ਮੁੜ ਅਜਿਹੀਆਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।