ਜਸਕਰਨ ਸਿੰਘ ਗਹਿਰੀ ਬੁੱਟਰ ਨੂੰ ਆਪਣੇ ਪਿੰਡ ’ਚ ਮਿਲਿਆ ਭਾਰੀ ਸਮਰਥਨ ਜਸਕਰਨ ਸਿੰਘ ਗਹਿਰੀ ਬੁੱਟਰ ਨੂੰ ਆਪਣੇ ਪਿੰਡ ਵਿਚ ਮਿਲਿਆ ਭਾਰੀ ਸਮਰਥਨ
Publish Date: Sat, 24 Oct 2026 03:44 PM (IST)
Updated Date: Sat, 24 Oct 2026 03:46 PM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ ਸੰਗਤ ਮੰਡੀ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਬਠਿੰਡਾ ਦਿਹਾਤੀ ਹਲਕੇ ਵਿਚ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਪਾਰਟੀ ਦੇ ਹਲਕਾ ਸੇਵਕ ਅਤੇ ਪਟਵਾਰੀ ਜਸਕਰਨ ਸਿੰਘ ਗਹਿਰੀ ਬੁੱਟਰ ਨੂੰ ਆਪਣੇ ਪਿੰਡ ਵਿਚ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਸੈਂਕੜੇ ਪਿੰਡ ਵਾਸੀਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਨ੍ਹਾਂ ਦਾ ਸਾਥ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪਿੰਡ ਦੀਆਂ ਪਿਛਲੇ ਲਗਭਗ 50 ਸਾਲਾਂ ਦੌਰਾਨ ਚੁਣੀਆਂ ਗਈਆਂ ਪੰਚਾਇਤਾਂ ਦੇ ਨੁਮਾਇੰਦੇ, ਯੂਥ ਕਲੱਬ, ਕਿਸਾਨ ਯੂਨੀਅਨ ਅਤੇ ਮਜ਼ਦੂਰ ਯੂਨੀਅਨ ਦੇ ਆਗੂ ਮੌਜੂਦ ਸਨ। ਸਾਬਕਾ ਸਰਪੰਚਾਂ ਵੱਲੋਂ ਜਸਕਰਨ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਪਿੰਡ ਵਾਸੀਆਂ ਦੇ ਸਮਰਥਨ ਲਈ ਧੰਨਵਾਦ ਕਰਦਿਆਂ ਜਸਕਰਨ ਸਿੰਘ ਗਹਿਰੀ ਬੁੱਟਰ ਨੇ ਕਿਹਾ ਕਿ ਲੋਕਾਂ ਦਾ ਪਿਆਰ ਅਤੇ ਵਿਸ਼ਵਾਸ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਉਹ ਪਿੰਡ ਵਾਸੀਆਂ ਦੀਆਂ ਉਮੀਦਾਂ ’ਤੇ ਖਰਾ ਉਤਰਨਗੇ ਅਤੇ ਲੋਕਾਂ ਦੇ ਹਰ ਕੰਮ ਲਈ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ। ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਪਿੰਡਾਂ ਵਿਚ ਵੱਡੇ ਪੱਧਰ ’ਤੇ ਵਿਕਾਸ ਕਾਰਜ ਹੋਏ। ਉਨ੍ਹਾਂ ਨਸ਼ਿਆਂ ਦੀ ਸਮੱਸਿਆ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਬਠਿੰਡਾ ਦਿਹਾਤੀ ਦੇ ਕਈ ਪਿੰਡਾਂ ਵਿਚ ਨੌਜਵਾਨ ਨਸ਼ਿਆਂ ਦੀ ਲਪੇਟ ਵਿਚ ਆ ਰਹੇ ਹਨ। ਉਨ੍ਹਾਂ ਅਨੁਸਾਰ ਨਸ਼ਿਆਂ ਕਾਰਨ ਕਈ ਪਰਿਵਾਰਾਂ ਦੀਆਂ ਖੁਸ਼ੀਆਂ ਉੱਜੜ ਰਹੀਆਂ ਹਨ ਅਤੇ ਕੁਝ ਪਿੰਡਾਂ ਵਿਚ ਲੰਮੇ ਸਮੇਂ ਤੋਂ ਨੌਜਵਾਨਾਂ ਦੇ ਵਿਆਹ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਬਣਨ ’ਤੇ ਨਸ਼ਿਆਂ ਦੇ ਖਾਤਮੇ ਲਈ ਠੋਸ ਕਦਮ ਚੁੱਕੇ ਜਾਣਗੇ। ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਇਕਬਾਲ ਸਿੰਘ ਗੁਰੂਸਰ ਸੈਣੇਵਾਲਾ ਨੇ ਕਿਹਾ ਕਿ ਇਲਾਕੇ ਵਿਚ ਕੇਂਦਰੀ ਯੂਨੀਵਰਸਿਟੀ ਅਤੇ ਏਮਜ਼ ਵਰਗੇ ਵੱਡੇ ਅਦਾਰਿਆਂ ਦੀ ਸਥਾਪਨਾ ਨਾਲ ਬਠਿੰਡਾ ਦੀ ਪਛਾਣ ਬਣੀ ਹੈ। ਉਨ੍ਹਾਂ ਇਸ ਵਿਕਾਸ ਦਾ ਸਿਹਰਾ ਅਕਾਲੀ ਸਰਕਾਰ ਨੂੰ ਦਿੱਤਾ। ਪਿੰਡ ਦੇ ਸਰਪੰਚ ਗੁਰਜੀਤ ਸਿੰਘ ਬੁੱਟਰ ਨੇ ਕਿਹਾ ਕਿ ਜਸਕਰਨ ਸਿੰਘ ਨੇ ਆਪਣੇ ਪਿੰਡ ਤੋਂ ਸਿਆਸੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਅਤੇ ਪਿੰਡ ਵਾਸੀਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਨ੍ਹਾਂ ਦਾ ਸਾਥ ਦੇਣ ਦਾ ਫੈਸਲਾ ਕੀਤਾ ਹੈ। ਇਸ ਮੌਕੇ ਵੀਰਪਾਲ ਕੌਰ ਸੰਮਤੀ ਮੈਂਬਰ, ਜਸਮੇਲ ਸਿੰਘ, ਦਰਸ਼ਨ ਸਿੰਘ, ਸਾਬਕਾ ਸਰਪੰਚ ਹਰਚੰਦ ਸਿੰਘ, ਗੁਰਪ੍ਰੀਤ ਸਿੰਘ, ਬਿੰਦਰ ਸਿੰਘ, ਨਵਦੀਪ ਨਵੀ, ਗੁਰਤੇਜ ਸਿੰਘ, ਬਲਜਿੰਦਰ ਸਿੰਘ ਕਾਲੀ ਅਤੇ ਇਕਬਾਲ ਸਿੰਘ ਨੰਬਰਦਾਰ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।