ਜਸਕਰਨ ਸਿੰਘ ਗਹਿਰੀ ਬੁੱਟਰ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਨਿਯੁਕਤ ਜਸਕਰਨ ਸਿੰਘ ਗਹਿਰੀ ਬੁੱਟਰ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਨਿਯੁਕਤ
Publish Date: Tue, 13 Oct 2026 04:28 PM (IST)
Updated Date: Tue, 13 Oct 2026 04:30 PM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ ਸੰਗਤ ਮੰਡੀ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਇਕ ਵੱਡਾ ਐਲਾਨ ਕਰਦਿਆਂ ਸੇਵਾ-ਮੁਕਤ ਨਹਿਰੀ ਪਟਵਾਰੀ ਜਸਕਰਨ ਸਿੰਘ ਗਹਿਰੀ ਬੁੱਟਰ ਨੂੰ ਹਲਕਾ ਬਠਿੰਡਾ ਦਿਹਾਤੀ ਦਾ ਹਲਕਾ ਇੰਚਾਰਜ ਨਿਯੁਕਤ ਕਰ ਦਿੱਤਾ ਹੈ। ਇਸ ਸਬੰਧੀ ਉਨ੍ਹਾਂ ਨੇ ਆਪਣੇ ਅਧਿਕਾਰਤ ‘ਐਕਸ’ (ਟਵਿੱਟਰ) ਅਕਾਊਂਟ ’ਤੇ ਜਾਣਕਾਰੀ ਸਾਂਝੀ ਕੀਤੀ ਹੈ। ਸੁਖਬੀਰ ਸਿੰਘ ਬਾਦਲ ਨੇ ਆਪਣੇ ਟਵੀਟ ’ਚ ਲਿਖਿਆ ਹੈ ਕਿ ਜਸਕਰਨ ਸਿੰਘ ਗਹਿਰੀ ਬੁੱਟਰ ਨੂੰ ‘ਪਾਣੀਆਂ ਦਾ ਰਾਖਾ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਤੇ ਉਹ 2017 ਤੋਂ ਨਹਿਰੀ ਪਟਵਾਰ ਯੂਨੀਅਨ, ਪੰਜਾਬ ਦੇ ਸੂਬਾ ਪ੍ਰਧਾਨ ਵਜੋਂ ਸੇਵਾ ਨਿਭਾਅ ਰਹੇ ਸਨ। ਉਨ੍ਹਾਂ ਟਵੀਟ ’ਚ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਕਿ ਸਾਲ 2024 ’ਚ ਜਸਕਰਨ ਸਿੰਘ ਨੇ ਭਗਵੰਤ ਮਾਨ ਸਰਕਾਰ ਦੇ ਨਹਿਰੀ ਪਾਣੀ ਦੇ ਵਧਾਅ-ਚੜ੍ਹਾਅ ਕੇ ਅੰਕੜੇ ਦਰਜ ਕਰਨ ਦੇ ਹੁਕਮ ਦਾ ਬਹਾਦਰੀ ਨਾਲ ਵਿਰੋਧ ਕੀਤਾ ਸੀ। ਇਸ ਸੱਚ ਨੂੰ ਉਜਾਗਰ ਕਰਨ ਬਦਲੇ ਉਨ੍ਹਾਂ ਨੂੰ ਨੌਕਰੀ ਤੋਂ ਮੁਅੱਤਲ ਕਰਨ ਸਮੇਤ ਕਈ ਤਰ੍ਹਾਂ ਦੀਆਂ ਵਿਭਾਗੀ ਕਾਰਵਾਈਆਂ ਦਾ ਸਾਹਮਣਾ ਵੀ ਕਰਨਾ ਪਿਆ, ਪਰ ਉਹ ਆਪਣੇ ਸਟੈਂਡ ਤੋਂ ਪਿੱਛੇ ਨਹੀਂ ਹਟੇ। ਸੁਖਬੀਰ ਬਾਦਲ ਨੇ ਲਿਖਿਆ ਕਿ ਜਦੋਂ ਤੋਂ ਜਸਕਰਨ ਸਿੰਘ ਨੇ ਸਰਕਾਰੀ ਸੇਵਾ ਤੋਂ ਅਸਤੀਫ਼ਾ ਦੇ ਕੇ ਰਸਮੀ ਤੌਰ ’ਤੇ ਸ੍ਰੋਮਣੀ ਅਕਾਲੀ ਦਲ ’ਚ ਸ਼ਮੂਲੀਅਤ ਕੀਤੀ ਹੈ, ਅਸੀਂ ਸਥਾਨਕ ਲੀਡਰਸ਼ਿਪ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਉਨ੍ਹਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਉਹ ਬਠਿੰਡਾ ਦਿਹਾਤੀ ਹਲਕੇ ’ਚ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਤਨਦੇਹੀ ਨਾਲ ਕੰਮ ਕਰਨਗੇ। ਇਸ ਨਿਯੁਕਤੀ ਨਾਲ ਹਲਕਾ ਬਠਿੰਡਾ ਦਿਹਾਤੀ ’ਚ ਅਕਾਲੀ ਵਰਕਰਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਨਗਰ ਕੌਂਸਲ ਸੰਗਤ ਦੇ ਪ੍ਰਧਾਨ ਰਾਹੁਲ ਗੋਇਲ, ਸੀਨੀਅਰ ਅਕਾਲੀ ਆਗੂ ਰੇਸ਼ਮ ਸਿੰਘ ਸੰਗਤ, ਗੁਰਦੀਪ ਸਿੰਘ ਕੋਟਸ਼ਮੀਰ, ਜ਼ਿਲ੍ਹਾ ਯੂਥ ਪ੍ਰਧਾਨ ਕਮਲਦੀਪ ਸਿੰਘ ਸੰਗਤ, ਗੁਰਇਕਬਾਲ ਸਿੰਘ ਗੁਰੂਸਰ ਸੈਣੇਵਾਲਾ, ਗੁਰਦੀਪ ਸਿੰਘ ਸਰਪੰਚ ਗਹਿਰੀ ਬੁੱਟਰ, ਮੈਂਬਰ ਸਿੰਘ ਮਛਾਣਾ ਸਰਕਲ ਪ੍ਰਧਾਨ ਸੰਗਤ, ਬੰਤ ਸਿੰਘ ਸਾਬਕਾ ਸਰਪੰਚ ਪਥਰਾਲਾ, ਦੀਪਇੰਦਰ ਸਿੰਘ ਸਾਬਕਾ ਸਰਪੰਚ ਰੁਲਦੂਵਾਲਾ ਸਮੇਤ ਨੇ ਇਸ ਨਿਯੁਕਤੀ ਤੇ ਖ਼ੁਸੀ ਪ੍ਰਗਟ ਕੀਤੀ ਹੈ।