ਸਟੈਨੋਟਾਈਪਿਸਟ ’ਚ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਲ ਕਰਕੇ ਜਗਮੀਤ ਸਿੰਘ ਨੇ ਚਮਕਾਇਆ ਪਿੰਡ ਚੱਠੇਵਾਲਾ ਦਾ ਨਾਮ ਸਟੈਨੋਟਾਈਪਿਸਟ ਵਿਚ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਲ ਕਰਕੇ ਜਗਮੀਤ ਸਿੰਘ ਨੇ ਚਮਕਾਇਆ ਪਿੰਡ ਚੱਠੇਵਾਲਾ ਦਾ ਨਾਮ
Publish Date: Sat, 28 Nov 2026 05:01 PM (IST)
Updated Date: Sat, 28 Nov 2026 05:02 PM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ ਕੋਟ ਫੱਤਾ, ਜ਼ਿਲ੍ਹਾ ਬਠਿੰਡਾ ਦੇ ਪਿੰਡ ਚੱਠੇਵਾਲਾ ਦੇ ਨੌਜਵਾਨ ਜਗਮੀਤ ਸਿੰਘ ਨੇ ਸਟੈਨੋਟਾਈਪਿਸਟ ਦੇ ਖੇਤਰ ਵਿਚ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਪਿੰਡ ਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਜਗਮੀਤ ਸਿੰਘ ਨੇ ਜ਼ੀਰੋ ਗ਼ਲਤੀ ਨਾਲ ਇਹ ਮੁਕਾਮ ਹਾਸਲ ਕੀਤਾ ਹੈ। ਉਸ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਪਿੰਡ ਚੱਠੇਵਾਲਾ ਸਮੇਤ ਪੂਰੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਹੈ। ਜਗਮੀਤ ਸਿੰਘ ਨੇ ਕਰੀਬ 8-9 ਸਾਲ ਪਹਿਲਾਂ ਬਠਿੰਡਾ ਦੇ ਮਹਿਣਾ ਚੌਕ ਸਥਿਤ ਪੰਜਾਬ ਕਮਰਸ਼ੀਅਲ ਕਾਲਜ ਤੋਂ ਸਟੈਨੋ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ ਸੀ। ਉਸ ਨੇ ਲਗਭਗ ਡੇਢ ਸਾਲ ਰੈਗੂਲਰ ਸਿਖਲਾਈ ਹਾਸਲ ਕੀਤੀ, ਪਰ ਬਾਅਦ ਵਿਚ ਵਿਆਹ ਅਤੇ ਪ੍ਰਾਈਵੇਟ ਨੌਕਰੀ ਦੀਆਂ ਜ਼ਿੰਮੇਵਾਰੀਆਂ ਕਾਰਨ ਉਸ ਲਈ ਇਸ ਸਿਖਲਾਈ ਨੂੰ ਨਿਰੰਤਰ ਜਾਰੀ ਰੱਖਣਾ ਮੁਸ਼ਕਲ ਹੋ ਗਿਆ। ਇਸ ਦੇ ਬਾਵਜੂਦ ਉਸ ਨੇ ਆਪਣੇ ਟੀਚੇ ਤੋਂ ਮੂੰਹ ਨਹੀਂ ਮੋੜਿਆ ਤੇ ਰੋਜ਼ਾਨਾ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਸਟੈਨੋ ਦੀ ਤਿਆਰੀ ਜਾਰੀ ਰੱਖੀ। ਪਿਛਲੇ ਦੋ ਸਾਲਾਂ ਤੋਂ ਜਗਮੀਤ ਸਿੰਘ ਪੰਜਾਬੀ ਜ਼ਿੰਦਾਬਾਦ ਯੂਟਿਊਬ ਚੈਨਲ ਦੇ ਸੰਚਾਲਕ ਹਰਜਿੰਦਰ ਸਿੰਘ ਕੋਟ ਸ਼ਮੀਰ ਉਰਫ਼ ਜਿੰਦਰ ਮਾਵੀ ਦੀ ਅਗਵਾਈ ਹੇਠ ਲਗਾਤਾਰ ਸਟੈਨੋ ਦਾ ਅਭਿਆਸ ਕਰ ਰਿਹਾ ਸੀ। ਉਸ ਦੀ ਲਗਨ, ਸਖ਼ਤ ਮਿਹਨਤ ਅਤੇ ਨਿਰੰਤਰ ਅਭਿਆਸ ਨੇ ਆਖ਼ਰਕਾਰ ਰੰਗ ਲਿਆਂਦਾ ਤੇ ਉਸ ਨੇ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ। ਜਗਮੀਤ ਸਿੰਘ ਦੀ ਇਹ ਪ੍ਰਾਪਤੀ ਇਸ ਗੱਲ ਦੀ ਮਿਸਾਲ ਹੈ ਕਿ ਕਿਸੇ ਵੀ ਮੰਜ਼ਿਲ ਨੂੰ ਹਾਸਲ ਕਰਨ ਲਈ ਉਮਰ ਜਾਂ ਹਾਲਾਤ ਰੁਕਾਵਟ ਨਹੀਂ ਬਣਦੇ, ਜੇਕਰ ਇਨਸਾਨ ਵਿਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ। ਖ਼ਾਸ ਕਰਕੇ ਉਹ ਨੌਜਵਾਨ ਜੋ ਨੌਕਰੀ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਆਪਣੇ ਸੁਪਨਿਆਂ ਨੂੰ ਅਧੂਰਾ ਛੱਡਣ ਬਾਰੇ ਸੋਚਦੇ ਹਨ, ਉਨ੍ਹਾਂ ਲਈ ਜਗਮੀਤ ਸਿੰਘ ਦਾ ਸੰਘਰਸ਼ ਅਤੇ ਸਫ਼ਲਤਾ ਪ੍ਰੇਰਨਾਦਾਇਕ ਹੈ। ਉਸ ਨੇ ਆਪਣੀ ਮਿਹਨਤ ਨਾਲ ਸਾਬਤ ਕੀਤਾ ਹੈ ਕਿ ਲਗਾਤਾਰ ਯਤਨ ਕਰਨ ਵਾਲੇ ਵਿਅਕਤੀ ਲਈ ਸਫ਼ਲਤਾ ਦੇ ਰਾਹ ਹਮੇਸ਼ਾ ਖੁੱਲ੍ਹੇ ਰਹਿੰਦੇ ਹਨ। ਜਗਮੀਤ ਸਿੰਘ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਉਸ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਪਿੰਡ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।