ਰੁਕ-ਰੁਕ ਕੇ ਹੋਈ ਬੂੰਦਾਬਾਂਦੀ ਨਾਲ ਮੌਸਮ ਹੋਇਆ ਸੁਹਾਵਣਾ, 26 ਤੱਕ ਜ਼ਿਲ੍ਹੇ ਅੰਦਰ ਮੀਂਹ ਦੀ ਸੰਭਾਵਨਾ ਬਠਿੰਡਾ ਵਿਚ ਰੁਕ-ਰੁਕ ਕੇ ਹੋਈ ਬੂੰਦਾਬਾਂਦੀ ਨਾਲ ਮੌਸਮ ਹੋਇਆ ਸੁਹਾਵਣਾ, 26 ਤੱਕ ਜ਼ਿਲ੍ਹੇ ਅੰਦਰ ਮੀਂਹ ਦੀ ਸੰਭਾਵਨਾ
Publish Date: Wed, 22 Jul 2026 06:44 PM (IST)
Updated Date: Thu, 23 Jul 2026 04:07 AM (IST)
* ਬੁੱਧਵਾਰ ਨੂੰ 4 ਐਮਐਮ ਮੀਂਹ ਦਰਜ, ਧੁੱਪ ਨਾ ਨਿਕਲਣ ਕਾਰਨ ਤਾਪਮਾਨ ’ਚ ਆਈ ਗਿਰਾਵਟ * ਮੌਸਮ ਵਿਭਾਗ ਨੇ 27 ਜੁਲਾਈ ਤੋਂ ਹਲਕਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਫੋਟੋ : 21 ਕੈਪਸਨ : ਮੀਂਹ ਕਾਰਨ ਸੁਹਾਵਣੇ ਹੋਏ ਮੌਸਮ ਦੌਰਾਨ ਜਾਂਦੇ ਹੋਏ ਵਹੀਕਲ ਸਵਾਰ। ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਤੇ ਹੁੰਮਸ ਤੋਂ ਪਰੇਸ਼ਾਨ ਲੋਕਾਂ ਨੂੰ ਬੁੱਧਵਾਰ ਨੂੰ ਹੋਈ ਰੁਕ-ਰੁਕ ਕੇ ਹੋਈ ਬੂੰਦਾਬਾਂਦੀ ਨਾਲ ਕਾਫੀ ਰਾਹਤ ਮਿਲੀ। ਬਠਿੰਡਾ ਸ਼ਹਿਰ ਸਮੇਤ ਜ਼ਿਲ੍ਹੇ ਦੇ ਕਈ ਇਲਾਕਿਆਂ ’ਚ ਸਾਰਾ ਦਿਨ ਬੱਦਲ ਛਾਏ ਰਹੇ ਤੇ ਕਈ ਵਾਰ ਹਲਕਾ ਮੀਂਹ ਵੀ ਪਿਆ। ਇਸ ਕਾਰਨ ਮੌਸਮ ਸੁਹਾਵਣਾ ਹੋ ਗਿਆ ਤੇ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਬੁੱਧਵਾਰ ਨੂੰ ਜ਼ਿਲ੍ਹੇ ਵਿਚ ਲਗਭਗ 4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਹਾਲਾਂਕਿ ਮੀਂਹ ਤੇਜ਼ ਨਹੀਂ ਸੀ, ਪਰ ਸਾਰਾ ਦਿਨ ਧੁੱਪ ਨਾ ਨਿਕਲਣ ਕਾਰਨ ਤਾਪਮਾਨ ਵਿਚ ਕਮੀ ਦਰਜ ਕੀਤੀ ਗਈ। ਠੰਢੀਆਂ ਹਵਾਵਾਂ ਅਤੇ ਬੱਦਲਾਂ ਦੇ ਕਾਰਨ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਗਰਮੀ ਅਤੇ ਚਿਪਚਿਪੀ ਹੁੰਮਸ ਤੋਂ ਲੋਕਾਂ ਨੂੰ ਰਾਹਤ ਮਿਲੀ। ਮੀਂਹ ਕਾਰਨ ਬਾਜ਼ਾਰਾਂ ਅਤੇ ਸੜਕਾਂ ’ਤੇ ਵੀ ਆਮ ਦਿਨਾਂ ਨਾਲੋਂ ਵੱਧ ਰੌਣਕ ਦੇਖਣ ਨੂੰ ਮਿਲੀ। ਲੋਕਾਂ ਨੇ ਸੁਹਾਵਣੇ ਮੌਸਮ ਦਾ ਆਨੰਦ ਲਿਆ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਵੀ ਮੌਸਮ ਵਿਚ ਬਦਲਾਅ ਜਾਰੀ ਰਹਿਣ ਦੀ ਸੰਭਾਵਨਾ ਹੈ। ਵਿਭਾਗ ਨੇ 23 ਤੋਂ 26 ਜੁਲਾਈ ਤੱਕ ਜ਼ਿਲ੍ਹੇ ਵਿਚ ਹਲਕੇ ਮੀਂਹ ਦੇ ਪੈਣ ਦੀ ਸੰਭਾਵਨਾ ਜਤਾਈ ਹੈ। ਵਿਭਾਗ ਅਨੁਸਾਰ 23 ਤੇ 24 ਜੁਲਾਈ ਨੂੰ 10,10 ਮਿਲੀਮੀਟਰ, ਜਦੋਂ ਕਿ 25 ਜੁਲਾਈ ਨੂੰ 5 ਅਤੇ 26 ਜੁਲਾਈ ਨੂੰ 10 ਮਿਲੀਮੀਟਰ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਵਧੀਆ ਮੀਂਹ ਪੈਂਦਾ ਹੈ ਤਾਂ ਇਸ ਦਾ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ। ਕਿਸਾਨਾਂ ਦੇ ਅਨੁਸਾਰ ਝੋਨੇ ਦੀ ਫਸਲ ਲਈ ਮੀਂਹ ਬਹੁਤ ਲਾਭਦਾਇਕ ਹੁੰਦਾ ਹੈ, ਜਿਸ ਨਾਲ ਖੇਤਾਂ ਵਿਚ ਨਮੀ ਬਣੀ ਰਹਿੰਦੀ ਹੈ ਅਤੇ ਸਿੰਚਾਈ ਲਈ ਧਰਤੀ ਹੇਠਲੇ ਪਾਣੀ ’ਤੇ ਨਿਰਭਰਤਾ ਘੱਟ ਹੁੰਦੀ ਹੈ। ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਮੌਜੂਦਾ ਲੋੜ ਮੁਤਾਬਕ ਅਜੇ ਹੋਰ ਮੀਂਹ ਦੀ ਜ਼ਰੂਰਤ ਹੈ। ਘੱਟ ਮੀਂਹ ਕਾਰਨ ਉਨ੍ਹਾਂ ਨੂੰ ਫਸਲਾਂ ਦੀ ਸਿੰਚਾਈ ਲਈ ਵਾਧੂ ਖਰਚ ਕਰਨਾ ਪੈ ਰਿਹਾ ਹੈ। ਉੱਧਰ, ਘੱਟ ਮੀਂਹ ਦਾ ਅਸਰ ਪੌਦੇ ਲਗਾਉਣ ਦੀ ਮੁਹਿੰਮ ’ਤੇ ਵੀ ਪੈ ਰਿਹਾ ਹੈ। ਸਮਾਜਿਕ ਸੰਸਥਾਵਾਂ ਅਤੇ ਵਾਤਾਵਰਣ ਪ੍ਰੇਮੀ ਚੰਗੀ ਮੀਂਹ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਗਰਮੀ ਅਤੇ ਮਿੱਟੀ ਵਿੱਚ ਨਮੀ ਦੀ ਕਮੀ ਕਾਰਨ ਨਵੇਂ ਲਗਾਏ ਪੌਦਿਆਂ ਦੀ ਦੇਖਭਾਲ ਕਰਨਾ ਮੁਸ਼ਕਲ ਹੋ ਜਾਂਦਾ ਹੈ। ਸੰਸਥਾਵਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿਚ ਵਧੀਆ ਮੀਂਹ ਪੈਣ ਨਾਲ ਜ਼ਿਲ੍ਹੇ ਵਿਚ ਪੌਦੇ ਲਗਾਉਣ ਦੀ ਮੁਹਿੰਮ ਨੂੰ ਵੀ ਗਤੀ ਮਿਲੇਗੀ। ਫਿਲਹਾਲ ਬੁੱਧਵਾਰ ਦੀ ਬੂੰਦਾਬਾਂਦੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਦਿੱਤੀ ਹੈ। ਮੀਂਹ ਤੋਂ ਬਾਅਦ ਤਾਪਮਾਨ ਵਿਚ 1.4 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 32.4 ਡਿਗਰੀ ਸੈਲਸੀਅਸ ਰਿਹਾ, ਜਦੋਂ ਕਿ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।