ਮਿਡ-ਡੇ ਮੀਲ, ਬਾਥਰੂਮਾਂ ਤੇ ਸਕੂਲ ਕੈਂਪਸ ਦੀ ਸਫ਼ਾਈ ਸਬੰਧੀ ਸਟਾਫ ਨੂੰ ਹਦਾਇਤਾਂ ਮਿਡ-ਡੇ ਮੀਲ, ਬਾਥਰੂਮਾਂ ਤੇ ਸਕੂਲ ਕੈਂਪਸ ਦੀ ਸਫ਼ਾਈ ਸਬੰਧੀ ਸਟਾਫ ਨੂੰ ਹਦਾਇਤਾਂ
Publish Date: Sun, 27 Sep 2026 04:03 PM (IST)
Updated Date: Sun, 27 Sep 2026 04:06 PM (IST)
ਸੀਨੀਅਰ ਰਿਪੋਰਟਰ ਬਠਿੰਡਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਠਿੰਡਾ ਮਮਤਾ ਖੁਰਾਣਾ ਸੇਠੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਕੂਲ ਸੀਂਗੋ ਬਠਿੰਡਾ ਦੇ ਹੈੱਡਮਾਸਟਰ ਅਤੇ ਸਰਕਾਰੀ ਮਿਡਲ ਸਕੂਲ ਧੋਬੀ ਆਣਾ ਦੇ ਵਾਧੂ ਚਾਰਜ ਮਹਿੰਦਰ ਪਾਲ ਵੱਲੋਂ ਸਰਕਾਰੀ ਮਿਡਲ ਸਕੂਲ ਧੋਬੀ ਆਣਾ ਦਾ ਦੌਰਾ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ, ਮਿਡ-ਡੇ ਮੀਲ, ਬਾਥਰੂਮਾਂ, ਖਾਸ ਕਰਕੇ ਲੜਕੀਆਂ ਦੇ ਬਾਥਰੂਮਾਂ ਅਤੇ ਸਕੂਲ ਕੈਂਪਸ ਦੀ ਸਫ਼ਾਈ ਦਾ ਬਰੀਕੀ ਨਾਲ ਨਿਰੀਖਣ ਕੀਤਾ ਗਿਆ। ਉਨ੍ਹਾਂ ਨੇ ਮਿਡ-ਡੇ ਮੀਲ ਤਹਿਤ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਗੁਣਵੱਤਾ ਦੀ ਜਾਂਚ ਕੀਤੀ, ਜੋ ਠੀਕ ਪਾਈ ਗਈ। ਉਨ੍ਹਾਂ ਮਿਡ-ਡੇ ਮੀਲ ਵਰਕਰਾਂ ਨੂੰ ਬੱਚਿਆਂ ਲਈ ਮਿਆਰੀ ਅਤੇ ਚੰਗੀ ਗੁਣਵੱਤਾ ਦਾ ਖਾਣਾ ਤਿਆਰ ਕਰਨ ਦੇ ਨਾਲ-ਨਾਲ ਮਿਡ-ਡੇ ਮੀਲ ਵਾਲੀ ਥਾਂ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮਿਡ-ਡੇ ਮੀਲ ਸਬੰਧੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਵੱਖ-ਵੱਖ ਕਲਾਸਾਂ ਵਿੱਚ ਜਾ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਨੂੰ ਮੈਰਿਟ ਵਿੱਚ ਸਥਾਨ ਹਾਸਲ ਕਰਨ ਲਈ ਮਿਹਨਤ ਕਰਨ ਵਾਸਤੇ ਪ੍ਰੇਰਿਤ ਕੀਤਾ। ਮਹਿੰਦਰ ਪਾਲ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਲਈ ਸਕੂਲ ਵਿੱਚ ਵਾਧੂ ਕਲਾਸਾਂ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਬੱਚਿਆਂ ਦੇ ਬਿਹਤਰ ਭਵਿੱਖ ਲਈ ਸਰਕਾਰੀ ਮਿਡਲ ਸਕੂਲ ਧੋਬੀ ਆਣਾ ਨੂੰ ਜਲਦ ਦਸਵੀਂ ਜਮਾਤ ਤੱਕ ਅਪਗ੍ਰੇਡ ਕਰਵਾਉਣ ਸਬੰਧੀ ਲੋਕਾਂ ਦੀ ਮੰਗ ਸਰਕਾਰ ਤੱਕ ਪਹੁੰਚਾਈ ਜਾਵੇਗੀ। ਇਸ ਮੌਕੇ ਸਕੂਲ ਇੰਚਾਰਜ ਸ਼ੈਲੀ ਗੁਪਤਾ ਅਤੇ ਸਮੂਹ ਸਟਾਫ ਹਾਜ਼ਰ ਸੀ।