ਉਦਯੋਗਾਂ ਨੂੰ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਮਿਲੇਗੀ ਬਿਜਲੀ, ਪਾਵਰਕਾਮ ਅਤੇ ਉਦਯੋਗਪਤੀਆਂ ਵਿਚਕਾਰ ਬਣੀ ਸਹਿਮਤੀ ਉਦਯੋਗਾਂ ਨੂੰ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਮਿਲੇਗੀ ਬਿਜਲੀ, ਪਾਵਰਕਾਮ ਅਤੇ ਉਦਯੋਗਪਤੀਆਂ ਵਿਚਕਾਰ ਬਣੀ ਸਹਿਮਤੀ
Publish Date: Sun, 13 Sep 2026 04:16 PM (IST)
Updated Date: Sun, 13 Sep 2026 04:17 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਬਿਜਲੀ ਸੰਕਟ ਦੇ ਵਿਚਕਾਰ ਉਦਯੋਗਾਂ ਨੂੰ ਬਿਜਲੀ ਸਪਲਾਈ ਦੇਣ ਦੇ ਮੁੱਦੇ ਨੂੰ ਲੈ ਕੇ ਐਤਵਾਰ ਨੂੰ ਪਾਵਰਕਾਮ ਅਧਿਕਾਰੀਆਂ ਅਤੇ ਉਦਯੋਗਪਤੀਆਂ ਵਿਚਕਾਰ ਮੀਟਿੰਗ ਹੋਈ। ਮੀਟਿੰਗ ਦੌਰਾਨ ਉਦਯੋਗਾਂ ਨੂੰ ਬਿਜਲੀ ਸਪਲਾਈ ਸਬੰਧੀ ਅਹਿਮ ਫੈਸਲਾ ਲਿਆ ਗਿਆ। ਹੋਈ ਸਹਿਮਤੀ ਮੁਤਾਬਕ ਹੁਣ ਉਦਯੋਗਾਂ ਨੂੰ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਲਗਾਤਾਰ ਬਿਜਲੀ ਸਪਲਾਈ ਦਿੱਤੀ ਜਾਵੇਗੀ ਅਤੇ ਇਸ ਦੌਰਾਨ ਕੋਈ ਕੱਟ ਨਹੀਂ ਲਗਾਇਆ ਜਾਵੇਗਾ। ਇਸ ਤੋਂ ਬਾਅਦ ਇੱਕ ਘੰਟੇ ਲਈ ਬਿਜਲੀ ਬੰਦ ਰਹੇਗੀ ਅਤੇ ਸ਼ਾਮ 7 ਵਜੇ ਮੁੜ ਬਿਜਲੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ। ਹਾਲਾਂਕਿ ਸ਼ਾਮ 7 ਵਜੇ ਤੋਂ ਮਿਲਣ ਵਾਲੀ ਬਿਜਲੀ ਦੀ ਵਰਤੋਂ ਉਦਯੋਗ ਚਲਾਉਣ ਲਈ ਨਹੀਂ ਕੀਤੀ ਜਾ ਸਕੇਗੀ। ਇਹ ਬਿਜਲੀ ਉਦਯੋਗਿਕ ਖੇਤਰਾਂ ਵਿੱਚ ਰਹਿਣ ਵਾਲੀ ਲੇਬਰ ਅਤੇ ਦਫ਼ਤਰਾਂ ਦੀਆਂ ਲੋੜਾਂ ਲਈ ਉਪਲਬਧ ਕਰਵਾਈ ਜਾਵੇਗੀ। ਪਾਵਰਕਾਮ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਸ਼ਾਮ 7 ਵਜੇ ਤੋਂ ਬਾਅਦ ਇਸ ਸਪਲਾਈ ਦੀ ਵਰਤੋਂ ਉਦਯੋਗ ਚਲਾਉਣ ਲਈ ਕੀਤੀ ਗਈ ਤਾਂ ਵਿਭਾਗ ਨੂੰ ਮਜਬੂਰੀਵੱਸ ਉਸ ਸਮੇਂ ਦੀ ਬਿਜਲੀ ਸਪਲਾਈ ਵੀ ਬੰਦ ਕਰਨੀ ਪੈ ਸਕਦੀ ਹੈ। ਮੀਟਿੰਗ ਵਿੱਚ ਮੌਜੂਦ ਸਾਰੇ ਉਦਯੋਗਪਤੀਆਂ ਨੇ ਇਸ ਪ੍ਰਬੰਧ ’ਤੇ ਸਹਿਮਤੀ ਜਤਾਈ। ਉਨ੍ਹਾਂ ਭਰੋਸਾ ਦਿੱਤਾ ਕਿ ਬਿਜਲੀ ਦੇ ਨਿਰਧਾਰਤ ਸ਼ਡਿਊਲ ਬਾਰੇ ਹੋਰ ਉਦਯੋਗਪਤੀਆਂ ਨੂੰ ਵੀ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਦਯੋਗਿਕ ਖੇਤਰਾਂ ਵਿੱਚ ਇਸ ਗੱਲ ’ਤੇ ਵੀ ਨਜ਼ਰ ਰੱਖੀ ਜਾਵੇਗੀ ਕਿ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਕੋਈ ਉਦਯੋਗ ਬਿਜਲੀ ਦੀ ਵਰਤੋਂ ਕਰਕੇ ਉਤਪਾਦਨ ਨਾ ਕਰੇ। ਮੀਟਿੰਗ ਤੋਂ ਬਾਅਦ ਉਦਯੋਗਪਤੀਆਂ ਨੇ ਵੀ ਤੈਅ ਸ਼ਡਿਊਲ ਮੁਤਾਬਕ ਬਿਜਲੀ ਦੀ ਵਰਤੋਂ ਕਰਨ ਅਤੇ ਹੋਰ ਉਦਯੋਗ ਸੰਚਾਲਕਾਂ ਨੂੰ ਇਸ ਬਾਰੇ ਜਾਣਕਾਰੀ ਦੇਣ ’ਤੇ ਸਹਿਮਤੀ ਜਤਾਈ। ਹੁਣ ਪਾਵਰਕਾਮ ਅਤੇ ਉਦਯੋਗਾਂ ਵਿਚਕਾਰ ਬਣੀ ਇਸ ਸਹਿਮਤੀ ਤਹਿਤ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਉਦਯੋਗਾਂ ਨੂੰ ਬਿਜਲੀ ਉਪਲਬਧ ਕਰਵਾਈ ਜਾਵੇਗੀ ਅਤੇ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਉਦਯੋਗਿਕ ਵਰਤੋਂ ’ਤੇ ਰੋਕ ਰਹੇਗੀ। ਉਦਯੋਗਪਤੀਆਂ ਨੇ ਮੰਗੀ ਸੀ 14 ਤੋਂ 16 ਘੰਟੇ ਬਿਜਲੀ ਸਪਲਾਈ ਮੀਟਿੰਗ ਦੌਰਾਨ ਉਦਯੋਗਪਤੀਆਂ ਨੇ ਆਪਣੀਆਂ ਸਮੱਸਿਆਵਾਂ ਰੱਖਦਿਆਂ 14 ਤੋਂ 16 ਘੰਟੇ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਲਗਾਤਾਰ ਬਿਜਲੀ ਉਪਲਬਧ ਨਾ ਹੋਣ ਕਾਰਨ ਉਦਯੋਗਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ ਅਤੇ ਉਤਪਾਦਨ ਕਰਨਾ ਮੁਸ਼ਕਲ ਹੋ ਰਿਹਾ ਹੈ। ਇਸ ’ਤੇ ਪਾਵਰਕਾਮ ਅਧਿਕਾਰੀਆਂ ਨੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਉਦਯੋਗਪਤੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਤੋਂ ਬਾਅਦ ਅਧਿਕਾਰੀਆਂ ਅਤੇ ਉਦਯੋਗਪਤੀਆਂ ਵਿਚਕਾਰ ਫਿਲਹਾਲ 12 ਘੰਟੇ ਬਿਜਲੀ ਸਪਲਾਈ ਦੇ ਸ਼ਡਿਊਲ ’ਤੇ ਸਹਿਮਤੀ ਬਣੀ। ਮੀਟਿੰਗ ਵਿੱਚ ਬਿਜਲੀ ਸਪਲਾਈ ਤੋਂ ਇਲਾਵਾ ਉਦਯੋਗਾਂ ਨਾਲ ਜੁੜੇ ਹੋਰ ਮੁੱਦਿਆਂ ’ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਪਾਵਰਕਾਮ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਉਦਯੋਗਪਤੀਆਂ ਵੱਲੋਂ ਉਠਾਏ ਗਏ ਹੋਰ ਮਾਮਲਿਆਂ ਨੂੰ ਵੀ ਜਲਦ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਨਾਰਾਇਣ ਗਰਗ ਨੇ ਕਿਹਾ ਕਿ ਉਦਯੋਗਾਂ ਨੂੰ ਬਿਜਲੀ ਦੀ ਲੋੜ ਹੈ ਅਤੇ ਉਹ ਚਾਹੁੰਦੇ ਹਨ ਕਿ ਬਿਜਲੀ ਸੰਕਟ ਦਾ ਪੂਰਾ ਬੋਝ ਸਿਰਫ਼ ਉਦਯੋਗਪਤੀਆਂ ’ਤੇ ਨਾ ਪਾਇਆ ਜਾਵੇ। ਸਾਰੇ ਖੇਤਰਾਂ ਨੂੰ ਮਿਲ ਕੇ ਬਿਜਲੀ ਸਪਲਾਈ ਉਪਲਬਧ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਤੋਂ ਬਿਨਾਂ ਉਦਯੋਗ ਚਲਾਉਣਾ ਕਾਫ਼ੀ ਮੁਸ਼ਕਲ ਹੈ, ਪਰ ਮੌਜੂਦਾ ਹਾਲਾਤ ਵਿੱਚ ਜੋ ਸਹਿਮਤੀ ਬਣੀ ਹੈ, ਉਹ ਵੀ ਢੁਕਵੀਂ ਹੈ। ਐਸਈ ਬੋਲੇ: ਕੁਝ ਸਮੇਂ ਦੀ ਪ੍ਰੇਸ਼ਾਨੀ ’ਚ ਸਹਿਯੋਗ ਦੇਣ ਮੀਟਿੰਗ ਵਿਚ ਪਾਵਰਕਾਮ ਦੇ ਐਸਈ ਸਰਕਲ ਬਠਿੰਡਾ ਹਰੀਸ਼ ਕੁਮਾਰ ਅਤੇ ਐਕਸੀਅਨ ਸੰਦੀਪ ਗਰਗ ਮੌਜੂਦ ਰਹੇ। ਐਸਈ ਹਰੀਸ਼ ਕੁਮਾਰ ਨੇ ਕਿਹਾ ਕਿ ਫਿਲਹਾਲ ਬਿਜਲੀ ਪ੍ਰਬੰਧ ਨੂੰ ਲੈ ਕੇ ਕੁਝ ਸਮੇਂ ਲਈ ਪ੍ਰੇਸ਼ਾਨੀ ਬਣੀ ਹੋਈ ਹੈ। ਅਜਿਹੇ ਸਮੇਂ ਵਿਚ ਸਾਰਿਆਂ ਨੂੰ ਵਿਭਾਗ ਦਾ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਵਰਕਾਮ ਵੱਲੋਂ ਸਥਿਤੀ ਨੂੰ ਆਮ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉੱਧਰ ਐਕਸੀਅਨ ਸੰਦੀਪ ਗਰਗ ਨੇ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਉਠਾਏ ਜਾ ਰਹੇ ਮੁੱਦਿਆਂ ਦਾ ਸਮੇਂ ਸਿਰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਬਿਜਲੀ ਸੰਕਟ ਦੌਰਾਨ ਉਦਯੋਗਪਤੀਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਵਿਭਾਗ ਵੀ ਨਹੀਂ ਚਾਹੁੰਦਾ ਕਿ ਉਦਯੋਗਾਂ ਦੀ ਬਿਜਲੀ ਸਪਲਾਈ ਬੰਦ ਹੋਵੇ, ਪਰ ਮੌਜੂਦਾ ਹਾਲਾਤ ਵਿੱਚ ਕੁਝ ਸਮੇਂ ਲਈ ਅਜਿਹਾ ਕਰਨਾ ਮਜਬੂਰੀ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਸਪਲਾਈ ਨਾਲ ਸਬੰਧਤ ਮੌਜੂਦਾ ਸਮੱਸਿਆ ਬਾਰੇ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਬਿਜਲੀ ਲਾਈਨਾਂ ਵਿੱਚ ਆ ਰਹੇ ਫਾਲਟ ਨੂੰ ਠੀਕ ਕਰਨ ਲਈ ਪਾਵਰਕਾਮ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਵਿਭਾਗ ਦਾ ਯਤਨ ਹੈ ਕਿ ਤਕਨੀਕੀ ਖਰਾਬੀਆਂ ਨੂੰ ਜਲਦ ਤੋਂ ਜਲਦ ਦੂਰ ਕਰਕੇ ਬਿਜਲੀ ਪ੍ਰਬੰਧ ਨੂੰ ਆਮ ਕੀਤਾ ਜਾਵੇ।