ਬੀਆਰਸੀ ਸਕੂਲ 'ਚ ਸੁਤੰਤਰਤਾ ਦਿਵਸ ਮਨਾਇਆ ਬੀਆਰਸੀ ਸਕੂਲ 'ਚ ਸੁਤੰਤਰਤਾ ਦਿਵਸ ਮਨਾਇਆ
Publish Date: Sun, 16 Aug 2026 04:42 PM (IST)
Updated Date: Mon, 17 Aug 2026 04:02 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਬੀਆਰਸੀ ਕਾਨਵੈਂਟ ਸਕੂਲ ਸਮਾਧ ਭਾਈ ਵਿਖੇ ਸੁਤੰਤਰਤਾ ਦਿਵਸ ਬੜੇ ਉਤਸ਼ਾਹ, ਦੇਸ਼ ਭਗਤੀ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਸਮਾਰੋਹ ਦੌਰਾਨ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ, ਭਾਸ਼ਣ, ਗਿੱਧਾ, ਭੰਗੜਾ ਅਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਸਭ ਦਾ ਮਨ ਮੋਹ ਲਿਆ। ਵਿਦਿਆਰਥੀਆਂ ਵਿੱਚ ਸੁਤੰਤਰਤਾ ਦਿਵਸ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਸਮੂਹ ਸਕੂਲ ਕੈਂਪਸ ਦੇਸ਼ ਭਗਤੀ ਦੇ ਰੰਗ ’ਚ ਰੰਗਿਆ ਨਜ਼ਰ ਆਇਆ। ਝੰਡਾ ਲਹਿਰਾਉਣ ਦੀ ਰਸਮ ਸਕੂਲ ਚੇਅਰਮੈਨ ਲਾਭ ਸਿੰਘ ਖੋਖਰ ਨੇ ਅਦਾ ਕੀਤੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਕਿਰਨਾ ਰਾਣੀ ਨੇ ਵਿਦਿਆਰਥੀਆਂ ਨੂੰ ਸੁਤੰਤਰਤਾ ਸੰਗਰਾਮ ਦੇ ਮਹਾਨ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਸਕੂਲ ਦੇ ਚੇਅਰਮੈਨ ਲਾਭ ਸਿੰਘ ਖੋਖਰ ਤੇ ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਖੋਖਰ ਨੇ ਵਿਦਿਆਰਥੀਆਂ ਤੇ ਸਮੂਹ ਸਟਾਫ਼ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਅੰਦਰ ਦੇਸ਼ ਪ੍ਰਤੀ ਪਿਆਰ, ਸਤਿਕਾਰ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਮਾਗਮ ਦੇ ਅੰਤ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਦੇਸ਼ ਦੀ ਖੁਸ਼ਹਾਲੀ ਅਤੇ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਗਈ।