ਨਵੇਂ ਰਾਸ਼ਨ ਕਾਰਡ ਲਈ ਅਰਜ਼ੀ ’ਚ ਗਲਤ ਜਾਣਕਾਰੀ ਹੁਣ ਕੀਤੀ ਜਾ ਸਕੇਗੀ ਠੀਕ ਨਵੇਂ ਰਾਸ਼ਨ ਕਾਰਡ ਲਈ ਅਰਜ਼ੀ ਵਿਚ ਗਲਤ ਜਾਣਕਾਰੀ ਹੁਣ ਕੀਤੀ ਜਾ ਸਕੇਗੀ ਠੀਕ
Publish Date: Sun, 27 Sep 2026 04:12 PM (IST)
Updated Date: Sun, 27 Sep 2026 04:15 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ, ਨਵੇਂ ਰਾਸ਼ਨ ਕਾਰਡ ਬਣਵਾਉਣ ਜਾਂ ਮੌਜੂਦਾ ਰਾਸ਼ਨ ਕਾਰਡ ਵਿੱਚ ਮੈਂਬਰ ਸ਼ਾਮਲ ਕਰਨ ਲਈ ਆਨਲਾਈਨ ਅਰਜ਼ੀ ਦੇਣ ਵਾਲੇ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਅਰਜ਼ੀ ਵਿੱਚ ਦਰਜ ਗਲਤ ਜਾਣਕਾਰੀ ਨੂੰ ਠੀਕ ਕਰਨ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਵੈਰੀਫਿਕੇਸ਼ਨ ਲਈ ਲੰਬਿਤ ਅਰਜ਼ੀਆਂ ਵਿੱਚ ਜੇਕਰ ਪਤਾ, ਮਕਾਨ ਨੰਬਰ, ਮੁਹੱਲੇ ਜਾਂ ਵਾਰਡ ਸਬੰਧੀ ਜਾਣਕਾਰੀ ਗਲਤ ਦਰਜ ਹੋ ਗਈ ਹੈ ਤਾਂ ਬਿਨੈਕਾਰ ਇਸ ਨੂੰ ਆਨਲਾਈਨ ਪੋਰਟਲ ਰਾਹੀਂ ਠੀਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਰਾਸ਼ਨ ਕਾਰਡ ਦੀ ਵੈਰੀਫਿਕੇਸ਼ਨ ਦੌਰਾਨ ਕਈ ਅਰਜ਼ੀਆਂ ਵਿੱਚ ਦਰਜ ਪਤਾ ਅਤੇ ਹੋਰ ਵੇਰਵੇ ਬਿਨੈਕਾਰਾਂ ਦੇ ਦਸਤਾਵੇਜ਼ਾਂ ਨਾਲ ਸਹੀ ਤਰ੍ਹਾਂ ਮੇਲ ਨਹੀਂ ਖਾ ਰਹੇ। ਇਸ ਕਾਰਨ ਵੈਰੀਫਿਕੇਸ਼ਨ ਅਧਿਕਾਰੀਆਂ ਨੂੰ ਬਿਨੈਕਾਰਾਂ ਦੇ ਘਰਾਂ ਤੱਕ ਪਹੁੰਚਣ ਅਤੇ ਦਸਤਾਵੇਜ਼ਾਂ ਦਾ ਮਿਲਾਨ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਇਸ ਲਈ ਜਿਨ੍ਹਾਂ ਅਰਜ਼ੀਆਂ ਦੀ ਹਾਲੇ ਵੈਰੀਫਿਕੇਸ਼ਨ ਨਹੀਂ ਹੋਈ, ਉਨ੍ਹਾਂ ਦੇ ਬਿਨੈਕਾਰਾਂ ਨੂੰ ਆਪਣੀ ਜਾਣਕਾਰੀ ਦਸਤਾਵੇਜ਼ਾਂ ਅਨੁਸਾਰ ਠੀਕ ਕਰਨ ਦੀ ਅਪੀਲ ਕੀਤੀ ਗਈ ਹੈ। ਬਾਕਸ ਵੈਰੀਫਿਕੇਸ਼ਨ ਤੋਂ ਪਹਿਲਾਂ ਇੱਕ ਵਾਰ ਮਿਲੇਗਾ ਮੌਕਾ ਡੀਸੀ ਰਾਜੇਸ਼ ਧੀਮਾਨ ਨੇ ਸਪੱਸ਼ਟ ਕੀਤਾ ਕਿ ਪਤਾ ਜਾਂ ਸਬੰਧਤ ਵੇਰਵੇ ਵਿੱਚ ਸੁਧਾਰ ਕਰਨ ਦੀ ਇਹ ਸਹੂਲਤ ਅਰਜ਼ੀ ਦੀ ਵੈਰੀਫਿਕੇਸ਼ਨ ਪੂਰੀ ਹੋਣ ਤੋਂ ਪਹਿਲਾਂ ਕੇਵਲ ਇੱਕ ਵਾਰ ਉਪਲਬਧ ਹੋਵੇਗੀ। ਵੈਰੀਫਿਕੇਸ਼ਨ ਮੁਕੰਮਲ ਹੋਣ ਤੋਂ ਬਾਅਦ ਇਸ ਵਿਕਲਪ ਰਾਹੀਂ ਪਤਾ ਅਪਡੇਟ ਨਹੀਂ ਕੀਤਾ ਜਾ ਸਕੇਗਾ। ਉਨ੍ਹਾਂ ਖਾਸ ਤੌਰ ’ਤੇ ਸ਼ਹਿਰੀ ਖੇਤਰ ਦੇ ਉਨ੍ਹਾਂ ਬਿਨੈਕਾਰਾਂ ਨੂੰ ਅਪੀਲ ਕੀਤੀ ਜਿਨ੍ਹਾਂ ਨੇ ਨਵਾਂ ਰਾਸ਼ਨ ਕਾਰਡ ਬਣਵਾਉਣ ਜਾਂ ਮੌਜੂਦਾ ਕਾਰਡ ਵਿੱਚ ਮੈਂਬਰ ਸ਼ਾਮਲ ਕਰਨ ਲਈ ਆਨਲਾਈਨ ਅਰਜ਼ੀ ਦਿੱਤੀ ਹੈ ਅਤੇ ਜਿਨ੍ਹਾਂ ਦੀ ਜਾਂਚ ਅਜੇ ਲੰਬਿਤ ਹੈ। ਬਾਕਸ ਗਲਤ ਜਾਣਕਾਰੀ ਨਾਲ ਅਰਜ਼ੀ ’ਤੇ ਪੈ ਸਕਦਾ ਹੈ ਅਸਰ ਅਧਿਕਾਰੀਆਂ ਅਨੁਸਾਰ ਰਾਸ਼ਨ ਕਾਰਡ ਦੀ ਅਰਜ਼ੀ ਵਿੱਚ ਦਰਜ ਜਾਣਕਾਰੀ ਦਾ ਸਬੰਧਤ ਦਸਤਾਵੇਜ਼ਾਂ ਅਤੇ ਅਸਲ ਪਤੇ ਨਾਲ ਸਹੀ ਮਿਲਾਨ ਹੋਣਾ ਜ਼ਰੂਰੀ ਹੈ। ਜੇਕਰ ਅਰਜ਼ੀ ਵਿੱਚ ਪਤਾ ਜਾਂ ਹੋਰ ਜਾਣਕਾਰੀ ਗਲਤ, ਅਧੂਰੀ ਜਾਂ ਅਸਪੱਸ਼ਟ ਦਰਜ ਹੈ ਅਤੇ ਬਿਨੈਕਾਰ ਵੱਲੋਂ ਸਮੇਂ ਸਿਰ ਇਸ ਵਿੱਚ ਸੁਧਾਰ ਨਹੀਂ ਕੀਤਾ ਜਾਂਦਾ ਤਾਂ ਵੈਰੀਫਿਕੇਸ਼ਨ ਦੌਰਾਨ ਸਮੱਸਿਆ ਪੈਦਾ ਹੋ ਸਕਦੀ ਹੈ। ਇਸ ਕਾਰਨ ਅਰਜ਼ੀ ਰੱਦ ਹੋਣ ਦੀ ਸਥਿਤੀ ਵੀ ਬਣ ਸਕਦੀ ਹੈ। ਇਸ ਲਈ ਬਿਨੈਕਾਰਾਂ ਨੂੰ ਆਪਣੇ ਵੇਰਵਿਆਂ ਦੀ ਸਮੇਂ ਸਿਰ ਜਾਂਚ ਕਰਨ ਲਈ ਕਿਹਾ ਗਿਆ ਹੈ। ਬਾਕਸ ਇਸ ਤਰ੍ਹਾਂ ਅਪਡੇਟ ਕਰੋ ਪਤਾ ਪੰਜਾਬ ਸਰਕਾਰ ਦੇ ਰਾਸ਼ਨ ਕਾਰਡ ਪੋਰਟਲ ’ਤੇ ਜਾ ਕੇ ਬਿਨੈਕਾਰ ਨੂੰ ਅਰਜ਼ੀ ਸਮੇਂ ਦਰਜ ਕੀਤਾ ਗਿਆ ਰਜਿਸਟਰਡ ਮੋਬਾਈਲ ਨੰਬਰ ਭਰਨਾ ਹੋਵੇਗਾ। ਇਸ ਤੋਂ ਬਾਅਦ ਮੋਬਾਈਲ ’ਤੇ ਪ੍ਰਾਪਤ ਓਟੀਪੀ ਰਾਹੀਂ ਲਾਗਇਨ ਕਰਕੇ ਅਰਜ਼ੀ ਦੀ ਜਾਣਕਾਰੀ ਦੇਖੀ ਜਾ ਸਕਦੀ ਹੈ। ਇੱਥੇ ‘ਐਡਿਟ ਐਡਰੈੱਸ’ ਦਾ ਵਿਕਲਪ ਚੁਣ ਕੇ ਮਕਾਨ ਨੰਬਰ, ਮੁਹੱਲਾ, ਵਾਰਡ ਅਤੇ ਪਤੇ ਨਾਲ ਸਬੰਧਤ ਹੋਰ ਵੇਰਵੇ ਦਸਤਾਵੇਜ਼ਾਂ ਅਨੁਸਾਰ ਠੀਕ ਕਰਨੇ ਹੋਣਗੇ। ਸਾਰੀ ਜਾਣਕਾਰੀ ਦੀ ਜਾਂਚ ਕਰਨ ਉਪਰੰਤ ‘ਅਪਡੇਟ’ ਬਟਨ ’ਤੇ ਕਲਿੱਕ ਕਰਨ ਨਾਲ ਸੋਧਿਆ ਹੋਇਆ ਪਤਾ ਅਰਜ਼ੀ ਵਿੱਚ ਸੇਵ ਹੋ ਜਾਵੇਗਾ। ਬਾਕਸ 87,742 ਅਰਜ਼ੀਆਂ ਦੀ ਵੈਰੀਫਿਕੇਸ਼ਨ, 38 ਆਂਗਨਵਾੜੀ ਵਰਕਰ ਸਨਮਾਨਿਤ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਨਵੇਂ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਦਾ ਕੰਮ 100 ਫੀਸਦੀ ਪੂਰਾ ਕਰਨ ਵਾਲੀਆਂ 38 ਆਂਗਣਵਾੜੀ ਵਰਕਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਡੀਸੀ ਰਾਜੇਸ਼ ਧੀਮਾਨ ਨੇ ਹਰ ਆਂਗਣਵਾੜੀ ਵਰਕਰ ਨੂੰ ਸਨਮਾਨ ਰਾਸ਼ੀ ਵਜੋਂ 1,000 ਰੁਪਏ ਦਾ ਚੈੱਕ ਦਿੱਤਾ। ਇਸ ਤਰ੍ਹਾਂ ਕੁੱਲ 38,000 ਰੁਪਏ ਦੀ ਰਾਸ਼ੀ ਵੰਡੀ ਗਈ। ਜ਼ਿਲ੍ਹੇ ਵਿੱਚ ਨਵੇਂ ਰਾਸ਼ਨ ਕਾਰਡ ਬਣਵਾਉਣ ਅਤੇ ਮੌਜੂਦਾ ਕਾਰਡਾਂ ਵਿੱਚ ਮੈਂਬਰ ਸ਼ਾਮਲ ਕਰਨ ਲਈ ਕੁੱਲ 87,742 ਬਿਨੈਕਾਰਾਂ ਵੱਲੋਂ ਅਰਜ਼ੀਆਂ ਦਿੱਤੀਆਂ ਗਈਆਂ ਹਨ। ਇਨ੍ਹਾਂ ਸਾਰੀਆਂ ਅਰਜ਼ੀਆਂ ਦੀ ਵੈਰੀਫਿਕੇਸ਼ਨ ਦਾ ਕੰਮ 30 ਸਤੰਬਰ ਤੱਕ ਮੁਕੰਮਲ ਕੀਤਾ ਜਾਣਾ ਹੈ। ਨਿਰਧਾਰਤ ਸਮੇਂ ਤੋਂ ਪਹਿਲਾਂ 100 ਫੀਸਦੀ ਕੰਮ ਪੂਰਾ ਕਰਨ ਵਾਲੀਆਂ ਆਂਗਣਵਾੜੀ ਵਰਕਰਾਂ ਨੂੰ ਉਨ੍ਹਾਂ ਦੀ ਬਿਹਤਰ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਏਡੀਸੀ ਕੰਚਨ, ਡੀਐੱਫਐੱਸਸੀ ਗੁਰਤਾਰ ਸਿੰਘ, ਡੀਐੱਸਐੱਸਓ ਹਰਸ਼ਿਤ ਮਹਿਤਾ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਪੰਕਜ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।