ਖ਼ਬਰ ਦਾ ਅਸਰ : ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਮੈਡੀਕਲ ਸਟੋਰਾਂ ’ਤੇ ਕੀਤੀ ਛਾਪੇਮਾਰੀ ਖ਼ਬਰ ਦਾ ਅਸਰ : ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਮੈਡੀਕਲ ਸਟੋਰਾਂ ’ਤੇ ਕੀਤੀ ਛਾਪੇਮਾਰੀ
Publish Date: Sat, 08 Aug 2026 04:21 PM (IST)
Updated Date: Sat, 08 Aug 2026 04:23 PM (IST)
‘ਨਸ਼ੇੜੀਆਂ ਨੇ ਲੱਭਿਆ ਨਵਾਂ ਤੋੜ, ਕਾਮਨੀ ਦੀ ਨਸ਼ੇ ਲਈ ਵਰਤੋਂ ਵਧੀ’ ਸਿਰਲੇਖ ਹੇਠ ਛਾਪੀ ਸੀ ਖਬਰ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਪੰਜਾਬੀ ਜਾਗਰਣ’ ਵੱਲੋਂ ਨਸ਼ੇੜੀਆਂ ਵੱਲੋਂ ਨਸ਼ੇ ਲਈ ਕਾਮਨੀ ਦੀ ਵਰਤੋਂ ਕਰਨ ਸਬੰਧੀ ‘ਨਸ਼ੇੜੀਆਂ ਨੇ ਲੱਭਿਆ ਨਵਾਂ ਤੋੜ, ਕਾਮਨੀ ਦੀ ਨਸ਼ੇ ਲਈ ਵਰਤੋਂ ਵਧੀ’ ਸਿਰਲੇਖ ਹੇਠ ਖ਼ਬਰ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਹੈ। ਖ਼ਬਰ ਦਾ ਅਸਰ ਇਹ ਹੋਇਆ ਕਿ ਬਠਿੰਡਾ ਪੁਲਿਸ ਤੇ ਸਿਹਤ ਵਿਭਾਗ ਦੀ ਟੀਮ ਨੇ ਨਸ਼ਿਆਂ ਦੀ ਰੋਕਥਾਮ ਲਈ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਸ਼ੁਰੂ ਕਰ ਦਿੱਤੀ। ਪੁਲਿਸ ਦੇ ਵੱਖ-ਵੱਖ ਥਾਣਿਆਂ ਦੇ ਐੱਸਐੱਚਓਜ਼ ਨੇ ਡਰੱਗ ਇੰਸਪੈਕਟਰ ਦੇ ਸਹਿਯੋਗ ਨਾਲ ਸ਼ਹਿਰ ਦੇ ਕਈ ਮੈਡੀਕਲ ਸਟੋਰਾਂ ’ਤੇ ਛਾਪੇਮਾਰੀ ਕਰਕੇ ਰਿਕਾਰਡ ਤੇ ਦਵਾਈਆਂ ਦੀ ਜਾਂਚ ਕੀਤੀ। ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਦਾ ਮੁੱਖ ਮਕਸਦ ਮੈਡੀਕਲ ਸਟੋਰਾਂ ਤੋਂ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ’ਤੇ ਰੋਕ ਲਗਾਉਣਾ ਅਤੇ ਦਵਾਈਆਂ ਦੀ ਵਿਕਰੀ ਸਬੰਧੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣਾ ਹੈ। ਪੁਲਿਸ ਟੀਮਾਂ ਨੇ ਅਚਨਚੇਤ ਮੈਡੀਕਲ ਸਟੋਰਾਂ ’ਤੇ ਪਹੁੰਚ ਕੇ ਸਟੋਰਾਂ ਦਾ ਰਿਕਾਰਡ ਚੈੱਕ ਕੀਤਾ, ਜਦਕਿ ਡਰੱਗ ਇੰਸਪੈਕਟਰ ਵੱਲੋਂ ਉਥੇ ਮੌਜੂਦ ਦਵਾਈਆਂ ਦੀ ਜਾਂਚ ਕੀਤੀ ਗਈ। ਜਾਣਕਾਰੀ ਅਨੁਸਾਰ ਚੈਕਿੰਗ ਦੌਰਾਨ ਮੈਡੀਕਲ ਸਟੋਰਾਂ ਦੇ ਸੰਚਾਲਕਾਂ ਤੋਂ ਦਵਾਈਆਂ ਦੀ ਖਰੀਦ ਅਤੇ ਵਿਕਰੀ ਨਾਲ ਸਬੰਧਤ ਰਿਕਾਰਡ ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਇਹ ਵੀ ਦੇਖਿਆ ਗਿਆ ਕਿ ਸਟੋਰਾਂ ’ਤੇ ਮੌਜੂਦ ਦਵਾਈਆਂ ਨਿਯਮਾਂ ਅਨੁਸਾਰ ਹਨ ਜਾਂ ਨਹੀਂ ਅਤੇ ਉਨ੍ਹਾਂ ਦੀ ਵਿਕਰੀ ਸਬੰਧੀ ਲੋੜੀਂਦਾ ਰਿਕਾਰਡ ਰੱਖਿਆ ਜਾ ਰਿਹਾ ਹੈ ਜਾਂ ਨਹੀਂ। ਪੁਲਿਸ ਅਤੇ ਡਰੱਗ ਵਿਭਾਗ ਦੀ ਸਾਂਝੀ ਟੀਮ ਨੇ ਸਟੋਰ ਸੰਚਾਲਕਾਂ ਨੂੰ ਦਵਾਈਆਂ ਦੀ ਵਿਕਰੀ ਸਮੇਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਵੀ ਕੀਤੀ। ‘ਪੰਜਾਬੀ ਜਾਗਰਣ’ ਨੇ ਪ੍ਰਮੁੱਖਤਾ ਨਾਲ ਉਠਾਇਆ ਸੀ ਮੁੱਦਾ ਜ਼ਿਕਰਯੋਗ ਹੈ ਕਿ ‘ਪੰਜਾਬੀ ਜਾਗਰਣ’ ਨੇ ਆਪਣੀ ਖ਼ਬਰ ਰਾਹੀਂ ਇਹ ਮੁੱਦਾ ਪ੍ਰਮੁੱਖਤਾ ਨਾਲ ਉਠਾਇਆ ਸੀ ਕਿ ਨਸ਼ੇ ਦੇ ਆਦੀ ਲੋਕ ਨਸ਼ਾ ਕਰਨ ਲਈ ਨਵੇਂ-ਨਵੇਂ ਤਰੀਕੇ ਲੱਭ ਰਹੇ ਹਨ ਅਤੇ ਕਾਮਨੀ ਦੀ ਵਰਤੋਂ ਵੀ ਨਸ਼ੇ ਲਈ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਸਿਹਤ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਗੰਭੀਰਤਾ ਦਿਖਾਈ ਗਈ ਅਤੇ ਮੈਡੀਕਲ ਸਟੋਰਾਂ ਦੀ ਜਾਂਚ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਹਾਲਾਕਿ ਸਿਹਤ ਵਿਭਾਗ ਅਤੇ ਪੁਲਿਸ ਟੀਮ ਨੂੰ ਕਿਸੇ ਵੀ ਮੈਡੀਕਲ ਤੋਂ ਕੋਈ ਨਸ਼ੇ ਵਾਲੀ ਜਾ ਗੈਰ ਕਾਨੂੰਨੀ ਚੀਜ਼ ਨਹੀਂ ਮਿਲੀ ਪਰ ਕਈ ਮੈਡੀਕਲ ਸਟੋਰਾਂ ’ਤੇ ਨਿਯਮਾਂ ਦੀ ਅਣਦੇਖੀ ਹੋ ਰਹੀ ਸੀ, ਜਿਨ੍ਹਾਂ ਨੂੰ ਟੀਮ ਨੇ ਚਿਤਾਵਨੀ ਦਿੱਤੀ। ਦਵਾਈਆਂ ਦੀ ਆੜ ’ਚ ਨਸ਼ੇ ਦੀ ਵਿਕਰੀ ’ਤੇ ਨਜ਼ਰ ਮੈਡੀਕਲ ਸਟੋਰਾਂ ’ਤੇ ਹੋਈ ਇਸ ਕਾਰਵਾਈ ਦੌਰਾਨ ਪੁਲਿਸ ਨੇ ਖ਼ਾਸ ਤੌਰ ’ਤੇ ਉਨ੍ਹਾਂ ਦਵਾਈਆਂ ਅਤੇ ਉਨ੍ਹਾਂ ਦੀ ਵਿਕਰੀ ਸਬੰਧੀ ਰਿਕਾਰਡ ’ਤੇ ਧਿਆਨ ਦਿੱਤਾ, ਜਿਨ੍ਹਾਂ ਦੀ ਗਲਤ ਵਰਤੋਂ ਨਸ਼ੇ ਲਈ ਕੀਤੇ ਜਾਣ ਦੀ ਸੰਭਾਵਨਾ ਰਹਿੰਦੀ ਹੈ। ਡਰੱਗ ਇੰਸਪੈਕਟਰ ਵੱਲੋਂ ਦਵਾਈਆਂ ਦੀ ਜਾਂਚ ਕਰਨਾ ਵੀ ਇਸ ਕਾਰਵਾਈ ਦਾ ਅਹਿਮ ਹਿੱਸਾ ਰਿਹਾ। ਪੁਲਿਸ ਵੱਲੋਂ ਮੈਡੀਕਲ ਸਟੋਰ ਸੰਚਾਲਕਾਂ ਨੂੰ ਸਪੱਸ਼ਟ ਕੀਤਾ ਗਿਆ ਕਿ ਦਵਾਈਆਂ ਦੀ ਗੈਰ-ਕਾਨੂੰਨੀ ਜਾਂ ਨਿਯਮਾਂ ਦੀ ਉਲੰਘਣਾ ਕਰਕੇ ਵਿਕਰੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੁਲਿਸ ਦੀ ਇਸ ਅਚਨਚੇਤ ਕਾਰਵਾਈ ਤੋਂ ਬਾਅਦ ਮੈਡੀਕਲ ਸਟੋਰ ਸੰਚਾਲਕਾਂ ਵਿੱਚ ਵੀ ਹਲਚਲ ਦੇਖਣ ਨੂੰ ਮਿਲੀ। ਨਸ਼ੇ ਲਈ ਦਵਾਈਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਪੁਲਿਸ ਅਤੇ ਡਰੱਗ ਵਿਭਾਗ ਵੱਲੋਂ ਆਪਸੀ ਤਾਲਮੇਲ ਨਾਲ ਅਜਿਹੀਆਂ ਜਾਂਚਾਂ ਨੂੰ ਅੱਗੇ ਵੀ ਜਾਰੀ ਰੱਖਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਮਿਲੀ ਹੋਰ ਦਿਸ਼ਾ ਬਠਿੰਡਾ ਜ਼ਿਲ੍ਹੇ ’ਚ ਨਸ਼ਿਆਂ ਖ਼ਿਲਾਫ਼ ਪੁਲਿਸ ਵੱਲੋਂ ਪਹਿਲਾਂ ਹੀ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਮੈਡੀਕਲ ਸਟੋਰਾਂ ’ਤੇ ਵੀ ਨਜ਼ਰ ਰੱਖਣ ਨਾਲ ਨਸ਼ੇ ਦੀ ਸਪਲਾਈ ਦੇ ਉਨ੍ਹਾਂ ਸਰੋਤਾਂ ’ਤੇ ਕਾਰਵਾਈ ਦੀ ਸੰਭਾਵਨਾ ਵਧੀ ਹੈ, ਜਿੱਥੋਂ ਨਸ਼ੇ ਲਈ ਦਵਾਈਆਂ ਦੀ ਦੁਰਵਰਤੋਂ ਹੋ ਸਕਦੀ ਹੈ। ‘ਪੰਜਾਬੀ ਜਾਗਰਣ’ ਵੱਲੋਂ ਮਾਮਲਾ ਉਠਾਏ ਜਾਣ ਤੋਂ ਬਾਅਦ ਹੋਈ ਇਹ ਕਾਰਵਾਈ ਇਸ ਗੱਲ ਦਾ ਸੰਕੇਤ ਹੈ ਕਿ ਮੀਡੀਆ ਵੱਲੋਂ ਲੋਕਾਂ ਨਾਲ ਜੁੜੇ ਗੰਭੀਰ ਮੁੱਦੇ ਸਾਹਮਣੇ ਲਿਆਉਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਵੀ ਉਸ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਨਸ਼ਿਆਂ ਦੀ ਲਾਹਨਤ ਨੂੰ ਖ਼ਤਮ ਕਰਨ ਲਈ ਸਿਰਫ਼ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੀ ਨਹੀਂ, ਸਗੋਂ ਨਸ਼ੇ ਲਈ ਵਰਤੀਆਂ ਜਾ ਰਹੀਆਂ ਦਵਾਈਆਂ ਦੀ ਗਲਤ ਵਰਤੋਂ ਨੂੰ ਰੋਕਣਾ ਵੀ ਜ਼ਰੂਰੀ ਹੈ। ਇਸੇ ਦਿਸ਼ਾ ਵਿੱਚ ਬਠਿੰਡਾ ਪੁਲਿਸ ਅਤੇ ਡਰੱਗ ਵਿਭਾਗ ਵੱਲੋਂ ਕੀਤੀ ਗਈ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਨੂੰ ਅਹਿਮ ਕਦਮ ਮੰਨਿਆ ਜਾ ਰਿਹਾ ਹੈ।